Turban History

10639

ਦਸਤਾਰ ਇਤਿਹਾਸ
Turban History


ਦਸਤਾਰ ਜਿਸਨੂੰ ਆਪਾਂ ਆਮ ਤੋਰ ਤੇ ਪੱਗ ਜਾਂ ਅੰਗਰੇਜ਼ੀ ਜਾਂ ਜਰਮਨ ਵਿਚ ਟਰਬਨ, ਫਰੈਂਚ ਵਿਚ ਟਲਬੈਂਡ, ਸਪੇਨੀ ਤੇ ਪੁਰਤਗਾਲੀ ਵਿਚ ਟਰਬੈਂਟੇ, ਡੈਂਚ ਵਿਚ ਟਲਬਨਜ਼, ਰੋਮਾਨੀ ਵਿਚ ਟੁਲੀਪਨ, ਲਾਤੀਨੀ ਵਿਚ ਮਾਈਟਰ ਅਤੇ ਤੁਰਕੀ ਵਿਚ ਸਾਰੀਕ ਕਿਹਾ ਜਾਂਦਾ ਹੈ |

ਸਿੱਖ ਧਰਮ ਵਿਚ ਦਸਤਾਰ ਦੇ ਸਤਿਕਾਰ ਦੀ ਕਹਾਣੀ ਸਿੱਖ ਧਰਮ ਜਿੰਨੀ ਹੀ ਪੁਰਾਣੀ ਹੈ | ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੇਸਾਂ ਦਾ ਸਤਿਕਾਰ ਕਰਦਿਆਂ ਸਿਰ ਤੇ ਦਸਤਾਰ ਸਜਾਉਂਦੇ ਸਨ | ਇਸ ਬਾਰੇ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ‘ਸ੍ਰੀ ਨਾਨਕ ਪ੍ਰਕਾਸ਼’ ਵਿਚ ਜ਼ਿਕਰ ਕੀਤਾ ਹੈ ਕਿ-
ਜਲ ਲੋਚਨ ਕੰਜ ਬਿਸਾਲ ਸਿਰ ਪੈ ਉਸ਼ਨੀਕਹਿ ਨੀਕ ਬਨ੍ਹਾਈ |
ਚਟਸਾਰ ਜਹਾਂ ਚਾਰੁ ਬਨੀ ਬਹੁ ਬਾਰਿਕ ਬਾਰਹਿ ਬਾਰ ਅਲਾਹੀ |
ਅਰਥਾਤ ਜਦੋ ਬਲ ਨਾਨਕ ਜੀ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਪਾਂਧੇ ਪਾਸ ਚਟਸਾਲ ਵਿਚ ਲੈ ਕੇ ਗਏ | ਤਾਂ ਉਸ ਸਮੇ ਬਲ ਨਾਨਕ ਜੀ ਨੇ ਵੀ ਸਿਰ ਉਪਰ ਸੁੰਦਰ ਦਸਤਾਰ ਸਜਾਈ ਹੋਈ ਸੀ | ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ-ਘਰ ਤੋਂ ਹਰ ਸਾਲ ਸਿਰੋਪਾਓ ਰੂਪੀ ਬਖਸ਼ਿਸ਼ ਹੁੰਦਾ ਰਿਹਾ | ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਸਤਾਰ ਦੀ ਮਹੱਤਤਾ ਨੂੰ ਸਮਝਦੇ ਹੋਏ ਦੋਹਰੀ ਦਸਤਾਰ ਸਜਾਈ ਜਿਸ ਦੀ ਸੁੰਦਰਤਾ ਤੇ ਜਾਹੋ-ਜਲਾਲ ਦਾ ਜਿਕਰ ਸਮਕਾਲੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਕੀਤਾ | ਦਸਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਵਾਲੇ ਦਿਨ ਜਿਥੇ ਸਿੱਖਾ ਨੂੰ ਨਵੇਕਲੀ ਪਹਿਚਾਣ ਦਿੱਤੀ, ਉਥੇ ਦਸਤਾਰ ਨੂੰ ਸਿੱਖਾ ਦਾ ਜਰੂਰੀ ਅੰਗ ਬਣਾ ਕੇ ਇਹਨਾਂ ਨੂੰ ਸਦਾ-ਸਦਾ ਲਈ ਸਰਦਾਰੀਆਂ ਬਖਸ਼ ਦਿੱਤੀਆ ਅਤੇ ਦਸਤਾਰ ਸੰਬਧੀ ਵਿਸ਼ੇਸ਼ ਰਹਿਤਾਂ ਵੀ ਲਾਗੂ ਕੀਤੀਆਂ |

ਪੱਗ ਬਣਨ ਦੇ ਢੰਗ ਤੋਂ ਤੇ ਰੰਗ ਦੀ ਵੰਨ ਸੁਵੰਨਤਾ ਤੋਂ ਅੱਲਗ-ਅੱਲਗ ਇਲਾਕਿਆਂ ਦੀ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਵਿਸ਼ਵਾਸ਼ਾ ਦੀ ਪਛਾਣ ਸੁਤੇ-ਸਿਧ ਹੋ ਜਾਂਦੀ ਹੈ | ਬਚਪਨ, ਜਵਾਨੀ ਤੇ ਬੁਢਾਪਾ ਰੰਗਾਂ ਦੀ ਵਿਸ਼ੇਸ਼ਤਾ ਤੋਂ ਸੱਖਣੇ ਨਹੀਂ ਰਹਿੰਦੇ, ਜੇ ਵਿਸ਼ਵਾਸ਼ ਦੀ ਰੰਗਣ ਨਾ ਚੜ੍ਹੀ ਹੋਵੇ | ਬਚਪਨ ਤੇ ਜਵਾਨੀ ਵਿੱਚ ਗੂੜ੍ਹੇ ਰੰਗ (ਲਾਲ, ਗੁਲਾਬੀ, ਅਨਾਬੀ, ਕੋਕਾ ਕੋਲਾ, ਨੀਲਾ, ਕਾਲਾ ਆਦਿ) ਤੇ ਬੁਢਾਪੇ ਵਿੱਚ ਹਲਕੇ, ਫਿੱਕੇ ਜਾਂ ਸਫੈਦ ਰੰਗ ਦੀ ਪੱਗ ਸਿਰ ਤੇ ਸੱਜੀ ਫੱਬਦੀ ਹੈ |

ਬੈਠਵੀਂ, ਘੱਟ ਬੈਠਵੀ ਜਾਂ ਖੜ੍ਹੇ-ਬੱਝਦੀ ਪੱਗ ਪੱਗ ਪੰਜਾਬੀ ਸਿੱਖ-ਸੰਸਾਰ ਵਿੱਚ ਹਰ ਥਾਂ ਬਨ੍ਹਣਾ ਹੈ | ਇਸ ਦੇ ਪੇਚ ਤਿੰਨ ਚਾਰ ਤੈਹਾਂ ਵਾਲੇ ਜਾਂ ਲੰਬੇ ਰੱਖ ਆਹਮਣੇ-ਸਾਹਮਣੇ ਪਾਸਿਆਂ ਨੂੰ ਖਿੱਚ ਕੇ ਸਾਫ਼ ਕੀਤੇ ਜਾਂਦੇ ਹਨ | ਪੂੰਝਾ (ਛੋਟਾ ਜਿਹਾ ਲੜ) ਛੱਡ ਟੁੰਗ ਕੇ, ਮੱਥੇ ਤੇ ਗਿੱਚੀ ਤੋਂ ਨੁੱਕਰਾਂ ਰੱਖ ਕੇ ਬੱਝਦੀ ਹੈ | ਇਸ ਦੇ ਥਲੇ ਨਿੱਕਾ ਜਿਹਾ ਸਾਫਾ ਇਕ ਸਫਾਈ ਖਾਤਰ ਜਾਂ ਫਿਫਟੀ (ਚੋੜਾ ਫੀਤਾ) ਸਜਾਵਟ ਖਾਤਰ, ਸਿਰ ਤੇ ਵਲੇਟੀ ਜਾਂਦੀ ਪਟਿਆਲਾਸ਼ਾਹੀ ਪੱਗ (ਮੱਥੇ ਤੇ) ਹਰ ਪੇਚ ਨੂੰ ਮਰੋੜਾ ਦੇ ਕੇ ਉਂਗਲ, ਡੇਢ ਉਂਗਲ (ਅਗਾਂਹ ਨੂੰ ਵਧਾਈ ਪੱਗ) ਦਾ ਰਿਵਾਜ਼ ਪਟਿਆਲਾ ਤੇ ਹਰਿਆਣਾ ਚੋਣ ਨਿਕਲ ਕੇ ਹਰ ਥਾਂ ਮਸ਼ਹੂਰ ਹੋ ਚੁੱਕਾ ਹੈ |
ਤੁਰ੍ਹੇ ਤੇ ਲੜੇ ਵਾਲੀ ਪੱਗ ਸਿੱਖਾ ਤੇ ਹਿੰਦੂਆਂ ਵਿਚ ਪੁਲਸੀਏ ਤੇ ਮੁਸਲਮਾਨਾ ਅੰਦਰ ਬਹੁਤ ਬੰਨ੍ਹਦੇ ਹਨ | ਗੈਰ-ਸਿੱਖ ਬੈਠਵੀ ਪੱਗ ਤੁਰਾਂ ਰੱਖ ਲੜ ਪਿੱਠ ਤੇ ਲਮਕਾ ਕੁਲੇ (ਸਿਰ ਤੇ ਠੀਕ ਮੇਚੇ ਦੀ ਟੋਪੀ) ਉੱਤੇ ਜਿਆਦਾਤਰ ਪਾਕਿਸਤਾਨ,ਇਰਾਨ, ਅਫਗਾਨਿਸਤਾਨ ਤੇ ਟਾਵੀਂ-ਟਾਵੀਂ ਭਾਰਤ ਵਿੱਚ ਬੰਨਦੇ ਹਨ | ਅਫਗਾਨਿਸਤਾਨ ਤੇ ਪਿਸ਼ਾਵਰ ਦੇ ਇਲਾਕੇ ਵਿਚ ਉਲਿਖਤ ਕਤਾਅ ਦੀ ਪੱਗ ਕੁਲ੍ਹੇ ਤੋਂ ਬਿਨਾਂ ਸਿੱਖਾ ਵਿੱਚ ਤੇ ਗੈਰ-ਸਿੱਖਾ ਵਿੱਚ ਕੁਲ੍ਹੇ ਤੇ ਬੰਨ੍ਹਣ ਦਾ ਕਾਫੀ ਰਿਵਾਜ਼ ਹੈ |

ਨਾਮਧਾਰੀ ਪੱਗ ਕੰਨਾਂ ਤੋਂ ਉੱਪਰ ਨੁੱਕਰਾਂ ਵਾਲੀ ਸਫੈਦ ਰੰਗ ਡੀ ਹੁੰਦੀ ਹੈ | ਨੁੱਕਰਾਂ-ਰਹਿਤ ਗੋਲ ਪੱਗ ਦਾ ਰਿਵਾਜ਼ ਸਿੱਖ ਸੰਤਾਂ-ਸਾਧਾਂ ਵਿਚ ਹੈ, ਪੇਂਡੂ ਵਰਗ ਵਿਚ ਢਿੱਲੀ-ਪੋਲੀ ਵਲੇਟੀ ਪੱਗ ਦਾ ਆਮ ਰਿਵਾਜ਼ ਰਿਹਾ ਹੈ,ਪਰ ਹੁਣ ਇਹ ਮੁੱਕਣ ਵਾਲਾ ਹੈ | ਕਾਂਗਰਸੀ ਚਿੱਟੀ ਖੱਦਰ ਦੀ, ਅਕਾਲੀ ਨੀਲੀ ਜਾਂ ਕਾਲੀ,ਕਮਿਊਨਿਸਟ,ਸੋਸਲਿਸਟ, ਆਦਿ ਖੱਦਰ ਦੀ ਚਿੱਟੀ ਜਾਂ ਊਠ-ਰੰਗੀ ਪੱਗ ਆਮ ਤੋਰ ਤੇ ਬਣਦੇ ਹਨ | ਨਿਰਮਲੇ, ਉਦਾਸੀ ਆਮ ਤੋਰ ਤੇ ਗੇਰੂਏ ਰੰਗ ਡੀ ਪਗ ਬੰਨਦੇ ਹਨ | ਮਾਰਵਾੜੀ,ਗੁਜਰਾਤੀ ਆਦਿ ਰੱਸੇ ਵਾਂਗ ਵੱਟ ਕੇ, ਬੈਂਠਵੀ ਲੰਮੀ ਪੱਗ ਦਾ ਰਿਵਾਜ਼ ਦੱਖਣ ਵਿਸ਼ੇਸ਼ ਕਰਕੇ ਮਦਰਾਸੀਆਂ ਵਿਚਕਾਰ ਹੈ | ਰਾਜਪੂਤਾਨੀ ਪੱਗ ਮੱਥੇ ਤੇ ਨੁੱਕਰ ਰੱਖ ਕੇ ਖੱਬਾ ਕੰਨ ਕੱਜਦੀ ਹੈ, ਸੱਜਾ ਅੱਧਾਂ ਕੁ ਨੰਗਾ ਰੱਖਦੀ ਹੈ ਤੇ ਲੰਮੇਰਾ ਲੜ ਇਸ ਦੀ ਵਿਸ਼ੇਸ਼ਤਾ ਹੈ |

ਨਿਹੰਗ ਸਿੰਘਾ ਦਾ ਦਸਤਾਰਾ ਕੋਨਿਕ ਆਕਾਰ ਦਾ ਹੁੰਦਾ ਹੈ | ਸਵਾ ਕੁ ਫੁੱਟ ਉੱਚਾ ਹੁੰਦਾ ਹੈ ਅਤੇ ਆਮ ਤੋਰ ਤੇ ਕੰਨ ਵੀ ਕੱਜਦਾ ਹੈ | ਬੱਝਾ ਆਮ ਤੋਰ ਤੇ ਗੋਲ ਤੇ ਨੁੱਕਰ ਰਹਿਤ ਹੁੰਦਾ ਹੈ | ਪੰਜ ਆਮ ਪੱਗਾਂ ਦੀ ਲੰਬਾਈ ਜਿੱਡਾ ਦਸਤਾਰਾ ਹੁੰਦਾ ਹੈ | ਰੰਗ ਨੀਲਾ, ਕਾਲਾ, ਪੀਲਾ ਜਾਂ ਚਿੱਟਾ ਜਾਂ ਇਨ੍ਹਾਂ ਰੰਗਾਂ ਦਾ ਰਲਿਆ-ਮਿਲਿਆ ਹੁੰਦਾ ਹੈ | ਇਸ ਪੱਗ ਦੇ ਉੱਪਰਲੇ ਸਿਰ ਤੇ ਦੁਮਾਲਾ (ਇਕ ਤਰਾਂ ਦਾ ਫਹਰਾ ਜੋ ਕਲਗੀ ਦਾ ਪ੍ਰਤੀਕ ਤੇ ਸ਼ਾਹੀ ਦਿਖਦਾ ਹੈ) ਜੰਗ ਸਮੇਂ ਦੁਸ਼ਮਣ ਦੇ ਵਾਰ ਤੋਂ ਸੁਰਖਿਅਤ ਰਹਿਣ ਲਈ ਨਿਹੰਗ ਸਿੰਘਾ ਨੇ ਆਪਣੀ ਦਸਤਾਰ ਸਭ ਪਾਸਿਆਂ ਤੋਂ ਲੋਹੇ ਦੀ ਬਣੀ ਤਾਰ ਜਾਂ ਬਾਰੀਕ ਜੰਜੀਰ ਨਾਲ ਕੱਸੀ ਹੁੰਦੀ ਸੀ | ਇਸ ਉੱਤੇ ਤਿੰਨ ਜਾਂ ਚਾਰ ਚੱਕਰ ਥੋੜੀ-ਥੋੜੀ ਵਿੱਥ ਤੇ ਟਿਕਾਏ ਹੁੰਦੇ ਸਨ | ਇਸ ਤੋਂ ਇਲਾਵਾ ਖਾਲਸਾਈ ਨਿਸ਼ਾਨ ਤੇ ਛੋਟੇ ਆਕਾਰ ਦੀਆਂ ਕਿਰਪਾਨਾਂ ਤੇ ਖੰਡੇ ਚਿੰਨ੍ਹਾਤਮਕ ਤੋਰ ਤੇ ਟੁੰਗੇ ਹੁੰਦੇ ਸਨ | ਇਸ ਦਾ ਵਜਨ 6 ਕਿਲੋ ਤੋਂ 15 ਕਿਲੋ ਤੱਕ ਹੁੰਦਾ ਸੀ | ਇਹ ਦਸਤਾਰਾ ਅੱਜ ਨਿਹੰਗ ਸਿੰਘਾ ਦੇ ਸੀਸ ‘ਤੇ ਬੜੀ ਸੱਜ-ਧੱਜ ਨਾਲ ਸੁਸ਼ੋਭਿਤ ਹੈ | ਉਸ ਦਾ ਇਤਿਹਾਸਕ ਪਿਛੋਕੜ ਬੜਾ ਅਮੀਰ ਹੈ | ਅਰਬੀ ਲੋਕਾ ਦੀ ਪੱਗ ਵਿਸ਼ੇਸ਼ ਤਰਜ਼ ਦੀ ਹੈ | ਮੀਟਰ ਜਾ ਕੁਝ ਵੱਧ-ਘੱਟ ਵੱਡੇ ਵਰਗ ਆਕਾਰ ਦਾ ਕੱਪੜਾ ਸਿਰ, ਕੰਨਾਂ ਤੇ ਗਿੱਚੀ ਨੂੰ ਢੱਕ ਕੇ ਪਿੱਠ ਤੇ ਲਮਕਾ ਰੇਸ਼ਮੀ ਫੂੰਮ੍ਹਣਾਂ ਵਾਲੀ ਡੋਰੀ ਨਾਲ ਸਿਰ ਦੁਆਲੇ ਬੰਨ੍ਹ ਛਡਦੇ ਹਨ | ਇਹ ਉਨ੍ਹਾਂ ਦੀ ਭੂਗੋਲਿਕ ਸਥਿਤੀ ਦੇ ਅਨਕੂਲ ਹੈ |

ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਤਾਰ ਦੇ ਬੰਧੇਜ ਨੂੰ ਸੋਧ-ਸਵਾਰ ਕੇ ‘ਗੁਰਮੁਖੀ ਦਸਤਾਰੇ’ ਦਾ ਨਾਂ ਦਿੱਤਾ ਗਿਆ ਤੇ ਸੰਮਤ 1756 ਬਿ. ਵਿਚ ਜਦ ਖਾਲਸਾ ਪੰਥ ਸਾਜਿਆ ਤਾਂ ਰਹਿਤਨਾਮਿਆਂ ਅਨੁਸਾਰ ਦਸਤਾਰ ਸਿੱਖ ਪੰਥ ਦਾ ਇਕ ਲਾਜਮੀ ਅੰਗ ਕਰਾਰ ਦਿੱਤੀ ਗਈ ਤੇ ਹੁਕਮ ਦਿੱਤਾਂ ਗਿਆ ਕਿ ਜੋ ਸਿੱਖ ਦਸਤਾਰ ਹੀਨ ਅਥਵਾ ਨੰਗੇ ਸਿਰ ਰਹੇ ਸੋ ਤਨਖਾਹੀਆਂ | ਇਹਨਾਂ ਹੀ ਰਹਿਤਨਾਮਿਆਂ ਦੇ ਕਾਰਨ, ਸਿੱਖਾ ਵਿਚੋਂ ਕਈ ਜਥੇਬੰਦੀਆਂ ਦੇ ਸਿੰਘ ਨਾ ਕੇਵਲ ਆਪ ਹਿ ਦਸਤਾਰਾ ਸਜਾਉਂਦੇ ਹਨ, ਸਗੋਂ ਉਨ੍ਹਾਂ ਦੀਆਂ ਸਿੰਘਣੀਆਂ ਵੀ ਦਸਤਾਰਾ ਸਜਾਉਂਦੀਆਂ ਹਨ ਤੇ ਜੇ ਸਿੰਘ ਪਰਵਾਰ ਸਮੇਤ ਦਸਤਾਰ ਦਾ ਧਾਰਨੀ ਨਾ ਹੋਵੇ ਤਾਂ ਉਸ ਨੂੰ ਆਪਣੇ ਜੱਥੇ ਵਿਚ ਸ਼ਾਮਿਲ ਨਹੀ ਕਰਦੇ | ਸਿੱਖਾ ਵਿਚੋਂ ਵੀ ਨਿਹੰਗ ਸਿੰਘਾ ਡੀ ਦੁਮਾਲੇਦਾਰ ਪੱਗ, ਤੱਤ ਖਾਲਸਿਆਂ ਡੀ ਪੱਗ, ਨਿਰਮਲੇ ਸੰਤਾ ਦੀ ਪੱਗ, ਉਦਾਸੀਆਂ ਦੀ ਪੱਗ, ਨਾਮਧਾਰੀਆਂ ਡੀ ਪੱਗ, ਇਹ ਪੱਗਾ ਨਾ ਕੇਵਲ ਆਪਸ ਵਿਚ ਥੋੜਾ-ਬਾਹਲਾ ਫਰਕ ਹੀ ਰੱਖਦੀਆਂ ਹਨ, ਸਗੋਂ ਵਖੋ-ਵੱਖ ਵਿਚਾਰਕ ਦ੍ਰਿਸ਼ਟੀਕੋਨਾ ਨੂੰ ਮੁੱਖ ਰੱਖ ਕੇ ਕਿਸੇ ਹੱਦ ਤਕ ਕੁਝ ਅਹਿਮੀਅਤ ਵੀ ਰੱਖਦੀਆਂ ਹਨ | ਫੋਜ਼ ਜਾਂ ਪੁਲਿਸ ਦੇ ਪੰਜਾਬੀ ਸਿਪਾਹੀ, ਚਾਹੇ ਉਹ ਹਿੰਦੂ, ਮੁਸਲਮਾਨ, ਅਥਵਾ ਸਿੱਖ ਕੁਝ ਵੀ ਹੋਣ, ਪਗੜੀ ਦਾ ਠੁਕਦਾਰ ਬੰਧੇਜ ਰੱਖਣ ਕਰ ਕੇ ਬੜੇ ਪ੍ਰਸਿੱਧ ਹਨ | ਇਨ੍ਹਾਂ ਦੇ ਮੁਕਾਬਲੇ ਯੂ.ਪੀ., ਮੱਧ ਪ੍ਰਦੇਸ਼ ਜਾਂ ਕਿਸੇ ਹੋਰ ਇਲਾਕੇ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਪਗੜੀ ਵਿਚ ਕੋਈ ਗੱਲ ਨਹੀ | ਕਿਸੇ ਸਮੇ ਖਾਲਸਾ ਦਰਬਾਰ ਲਾਹ਼ੋਰ ਦੀਆਂ ਤਿਲੇਦਾਰ ਪਗੜੀਆਂ ਦਾ ਬੰਧੇਜ ਭਾਵੇ ਬੜਾ ਮਸ਼ਹੂਰ ਸੀ, ਉਹ ਵੀ ਜਦ ਲਾਹ਼ੋਰ ਵਿਚ ਆਏ ਸਾਲ ਬਸੰਤ ਪੰਚਮੀ ਦਾ ਮੇਲਾ ਹੋਇਆ ਕਰਦਾ ਸੀ,ਪਰ ਪਿਛੋਂ ਰਿਆਸਤ ਪਟਿਆਲਾ, ਨਾਭਾ, ਜੀਂਦ ਆਦਿ ਦੀਆਂ ਜਰੱਕ-ਬਰੱਕ ਪਗੜੀਆਂ ਤੇ ਅੰਗਰੇਜੀ ਸਿੱਖ ਰੈਂਜਮੈਂਟਾ ਦੀਆਂ ਪਗੜੀਆਂ ਤਾਂ ਆਪਣੇ ਨਮੂਨੇ ਆਪ ਸਨ | ਇਨ੍ਹਾਂ ਵਿਚੋਂ ਵੀ ਪਟਿਆਲੇ ਦੇ ਫੋਜ਼ੀ ਨੋਜਵਾਨ ਤਾਂ ਆਪਣੀਆਂ ਸੁਹਣੀਆਂ ਪੱਗਾ ਦੇ ਕਾਰਨ ਹੋਰ ਵੀ ਮਸ਼ਹੂਰ ਸਨ |

ਦਸਤਾਰ ਵਿਚ ਫਰਹਰਾ ਲਾਉਣ ਡੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਂ ਹੋਈ ਹੈ | ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਨੰਦਪੁਰ ਸਾਹਿਬ ਤੇ 16 ਜਨਵਰੀ 1704 ਨੂੰ ਹਮਲਾ ਕੀਤਾ | ਇਸ ਜੰਗ ਵਿਚ ਭਾਈ ਮਾਨ ਸਿੰਘ ਨਿਸ਼ਾਨਚੀ ਪੁੱਤਰ ਭਾਈ ਜੀਤਾ ਸਿੰਘ ਨਿਸ਼ਾਨ ਸਾਹਿਬ ਫੜ ਕੇ ਅੱਗੇ ਲੜ ਰਿਹਾ ਸੀ | ਭਾਈ ਸਾਹਿਬ ਨੂੰ ਜਦੋਂ ਇਕ ਗੋਲੀ ਪਹਾੜੀ ਫੋਜਾਂ ਦੀ ਆ ਕੇ ਲੱਗੀ ਤਾਂ ਉਹ ਜਖਮੀ ਹੋ ਕੇ ਹੇਠਾਂ ਡਿੱਗ ਪਿਆ | ਇਹ ਇਤਲਾਹ ਜਦੋ ਗੁਰੂ ਸਾਹਿਬ ਨੂੰ ਪੁੱਜੀ ਤਾਂ ਉਨ੍ਹਾਂ ਆਪਣੀ ਛੋਟੀ ਦਸਤਾਰ ਵਿਚੋ ਇਕ ਲੀਰ ਪਾੜ ਕੇ ਦਸਤਾਰ ਦੇ ਉਪਰ ਸਜਾ ਲਈ ਅਤੇ ਹੁਕਮ ਕੀਤਾ ਕਿ ਹਰ ਸਿੰਘ ਅੱਗੇ ਤੋਂ ਮੈਦਾਨ-ਏ-ਜੰਗ ਵਿਚ ਆਪਣੀ ਦਸਤਾਰ ਉੱਤੇ ਨਿਸ਼ਾਨ ਸਾਹਿਬ(ਫਰਹਰਾ) ਸਜਾਇਆ ਕਰਨਗੇ | ਗੁਰੂ ਸਾਹਿਬ ਨੂੰ ਵੇਖਦੇ ਹੀ ਭਾਈ ਭਾਈ ਉਦੈ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਆਲਮ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਜੀ ਨੇ ਵੀ ਆਪਣੀਆਂ ਕੇਸਕੀਆਂ ਵਿਚੋਂ ਲੀਰਾ ਪਾੜ ਕੇ ਦਸਤਾਰਾ ਦੇ ਉਪਰ ਸਜਾ ਲਈਆਂ | ਇਹ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਐਲਾਨਨਾਮਾ ਕੀਤਾ ਕਿ ਇਹ ‘ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ’ ਪੰਥ ਵਿਚ ਬੜਾ ਪ੍ਰਸਿੱਧ ਹੋਵੇਗਾ | ਇਸ ਤਰਾਂ ਨਿਹੰਗਾ ਦਾ ਜਨਮ ਮੰਨਿਆ ਜਾਂਦਾ ਹੈ |

ਖਾਲਸੇ ਦੇ ਬੋਲੇ ਵਿਚ ਨਿਹੰਗ ਸਿੰਘ ਦਸਤਾਰ ਨੂੰ ਦਸਤਾਰਾ ਆਖਦੇ ਹਨ | ਦਸਤਾਰ ਸਿੱਖ ਸਭਿਆਚਾਰ ਦਾ ਕੇਂਦਰੀ ਬਹਾਦਰੀ ਦਾ ਚਿਨ੍ਹ ਹੈ | ਦਸਤਾਰ ਲਈ ਬਹੁਤ ਸਾਰੇ ਨਾਂ ਵੱਖ-ਵੱਖ ਜ਼ਬਾਨਾ ਅਤੇ ਧਰਮਾਂ ਵਲੋਂ ਰਖੇ ਮਿਲਦੇ ਹਨ, ਜਿਵੇ ਇਸਾਮਾਂ,ਪੱਗ, ਸਾਫਾ, ਚਮਲਾ, ਚੀਰਾ, ਦੁਲਬੰਦ, ਉਸ਼ਣਿਕ, ਟਰਬਨ, ਤੁਰਬਾਂਤੇ ਆਦਿ | ਦਸਤਾਰ ਕਦੋਂ ਤੇ ਕਿਵੇਂ ਸੰਸਾਰ ਵਿਚ ਸ਼ੁਰੂ ਹੋਈ ਪੱਕੇ ਤੇ ਕੁਝ ਨਹੀ ਕਿਹਾ ਜਾ ਸਕਦਾ ? ਅਰਬ ਤੇ ਇਰਾਨ ਦੇਸ਼ਾਂ ਵਿਚ ਦਸਤਾਰ ਨੂੰ ਖਾਸ ਮੁਕਾਮ ਹਾਸਿਲ ਰਿਹਾ ਹੈ | ਜਾਪਦਾ ਹੈ ਦਸਤਾਰ ਸੰਸਾਰ ਦਾ ਪੁਰਾਤਨ ਇੱਜਤ ਆਬਰੂ ਦਾ ਪਹਿਰਾਵਾ ਹੁੰਦਾ ਹੋਵੇਗਾ, ਜੋ ਮਨੁੱਖ ਦੇ ਜਾਹੋ ਜਲਾਲ ਦੇ ਚਿੰਨ੍ਹ ਵਜੋਂ ਪੀੜੀਆਂ ਸਾਡੇ ਤੱਕ ਪੁੱਜਿਆ ਹੈ | ਪੰਦਰਵੀ ਸਦੀ ਤੋਂ ਪਹਿਲਾ ਵੀ ਯਰੂਪ ਆਦਿ ਦੇਸ਼ਾਂ ਵਿੱਚ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ | ਕਿ ਸਦੀਆਂ ਤੋਂ ਮੁਸਲਮਾਨਾਂ ਦੇ ਪੈਂਗੰਬਰ ਅਤੇ ਹਿੰਦੂ ਧਰਮ ਦੇ ਵਡੇਰੇ ਸਿਰ ਤੇ ਦਸਤਾਰ ਬੰਨ੍ਹਦੇ ਸਨ | ਹੱਜ ‘ਤੇ ਜਾਣ ਸਮੇਂ ਮੁਸਲਮਾਨਾ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ |

ਗੁਰਬਾਣੀ ਵਿਚ ਵੀ ਦਸਤਾਰ ਸੰਬਧੀ ਵਿਆਖਿਆ ਕੀਤੀ ਗਈ ਹੈ –
ਕਾਇਆ ਕਿਰਦਾਰ ਅਉਰਤ ਯਕੀਨਾ || ਰੰਗ ਤਮਾਸੇ ਮਾਣਿ ਹਕੀਨਾ ||
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ || (ਪੰਨਾ ੧੦੮੪)


 

ਜਰੂਰ ਦੇਖੋ – ਦਸਤਾਰ ਸਜਾਉਣ ਦੀਆਂ ਵੀਡੀਓ


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


 

 

Please Share

3 COMMENTS

LEAVE A REPLY