Shri Guru Hargobind Ji

3051

ਸ੍ਰੀ ਗੁਰੂ ਹਰਗੋਬਿੰਦ ਜੀ (Shri Guru Hargobind Ji)

ਜਨਮ – ਹਾੜ ਵਦੀ 6 (21 ਹਾੜ); ਸੰਮਤ 1652, (14 ਜੂਨ, 1595) ਗੁਰੂ ਕੀ ਵਡਾਲੀ (ਅੰਮ੍ਰਿਤਸਰ) |

ਮਾਤਾ ਪਿਤਾ – ਸ੍ਰੀ ਗੁਰੂ ਅਰਜੁਨ ਦੇਵਜੀ, ਸ੍ਰੀ ਮਾਤਾ ਗੰਗਾ ਜੀ |

ਗੁਰਿਆਈ – ਜੇਠ ਵਦੀ 14 — (28 ਜੇਠ ਸੰਮਤ 1663) |

ਸੰਤਾਨ — (੧) ਸ੍ਰੀ ਮਾਤਾ ਦਮੋਦਰੀ ਜੀ ਦੀ ਕੁਖੋਂ – ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਸ੍ਰੀ ਅਣੀ ਰਾਇ ਜੀ |

(੨) ਸ੍ਰੀ ਮਾਤਾ ਨਾਨਕੀ ਜੀ ਦੀ ਕੁਖੋਂ – ਬਾਬਾ ਅਟੱਲ ਰਾਇ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ |

(੩) ਸ੍ਰੀ ਮਾਤਾ ਮਹਾਂ ਦੇਵੀ ਜੀ ਤੋਂ; ਸ੍ਰੀ ਸੂਰਜ ਮਲ ਜੀ |

ਰਚੇ ਅਸਥਾਨ ਆਦਿ — ਕਿਲ੍ਹਾ ਲੋਹਗੜ੍ਹ, ਸ੍ਰੀ ਅਕਾਲ ਤਖ਼ਤ, ਡੇਰਾ ਸਾਹਿਬ ( ਲਾਹੋਰ ), ਕੀਰਤਪੁਰ, ਮਹਿਰਾਜ, ਕੌਲਸਰ, ਬਿਬੇਕ ਸਰ, ਸ੍ਰੀ ਹਰਗੋਬਿੰਦਪੁਰ, ਗੁਰੂ ਸਰ |

ਲੜੇ ਜੰਗ – (1) ਅੰਮ੍ਰਿਤਸਰ, (2) ਸ੍ਰੀ ਹਰਗੋਬਿੰਦਪੁਰ, (3) ਗੁਰੂ ਸਰ (ਮਹਿਰਾਜ), (4) ਕਰਤਾਰਪੁਰ (ਜਲੰਧਰ)

ਜੋਤੀ ਜੋਤ ਸਮਾਏ – ਚੇਤ ਸੁਦੀ 5 (6 ਚੇਤ), ਸੰਮਤ 1701, 2 ਮਾਰਚ ਸੰਨ 1644, ਕੀਰਤਪੁਰ (ਹੋਸ਼ਿਆਰਪੁਰ) |

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
(ਸੰਮਤ ੧੬੫੨-੧੭੦੧ ਸੰਨ ੧੫੯੫-੧੬੪੪)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ – ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦੇ ਸਾਖੀ ਤੋ ਇਕ ਗੱਲ ਤਾਂ ਪਰਗਟ ਹੁੰਦੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਕਿੰਨੀ ਨਿਮਰਤਾ ਸੀ ਅਤੇ ਤਾਣ ਹੁੰਦੇ ਨਿਤਾਣੇ ਹੋਣ ਤੇ ਆਪਾ ਨਾ ਜਿਤਾਓੁਣ ਦੀ ਕਿੰਨੀ ਅਦਭੁਤ ਸਮਰੱਥਾ ਸੀ ਅਤੇ ਦੂਜੀ ਇਹ ਕਿ ਕਰਨੀ ਕਮਾਈ ਵਾਲੇ ਭਗਤਾਂ, ਗੁਰੁਸਿੱਖਾ ਦਾ ਬਚਨ ਆਪ ਕਰਤਾਰ ਵੀ ਨਹੀ ਮੋੜਦਾ |
ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ ਤੀਹ ਸਾਲ ਤੋਂ ਵੱਧ ਹੋ ਚੁੱਕੀ ਸੀ ਅਤੇ ਉਹਨਾਂ ਦੇ ਵਿਆਹ ਹੋਏ ਨੂੰ ਪੰਦਰਾਂ ਵਰ੍ਹੇ ਤੋਂ ਵੱਧ ਸਮਾਂ ਗੁਜਰ ਚੁੱਕਿਆ ਸੀ , ਪਰ ਆਪਦੇ ਘਰ ਔਲਾਦ ਨਹੀਂ ਸੀ ਹੋਈ | ਉਨ੍ਹਾਂ ਦੇ ਵੱਡੇ ਭਰਾ ਪਿਰਥੀਏ ਦਾ ਇਕ ਪੁੱਤਰ ਸੀ ਜਿਸ ਦਾ ਨਾਂ ‘ਮਿਹਰਬਾਨ’ ਸੀ | ਅੱਗੇ ਦੱਸਿਆ ਗਿਆ ਹੈ ਕਿ ਪਿਰਥੀਆ ਗੁਰੂ ਜੀ ਤੇ ਗੁਰੂ-ਘਰ ਦਾ ਕੱਟੜ ਵੈਰੀ ਤੇ ਈਰਖਾਲੂ ਸੀ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਿਰਵੈਰਤਾ ਤੇ ਆਤਮਿਕਤ ਉੱਚਤਾ ਵੇਖੋਂ ਕਿ ਆਪ ਮਿਹਰਬਾਨ ਨੂੰ ਪੁੱਤਰ ਵਾਂਗ ਜਾਣਦੇ ਤੇ ਪਾਲਦੇ ਸਨ | ਪ੍ਰਿਥੀ ਚੰਦ ਤੇ ਉਸ ਦੀ ਵਹੁਟੀ ਕਰਮੋਂ ਸਮਝੀ ਬੈਠੀ ਸੀ ਕਿ ਗੁਰੂ ਜੀ ਦੇ ਘਰ ਕੋਈ ਪੁੱਤ ਨਹੀ, ਇਸ ਕਰਕੇ ਇਨ੍ਹਾਂ ਮਗਰੋਂ ਗੁਰ-ਗੱਦੀ ਸਾਡੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ | ਇੱਕ ਦਿਨ ਪਿਰਥੀਏ ਦੀ ਵਹੁਟੀ ਸ੍ਰੀ ਮਾਤਾ ਗੰਗਾ ਜੀ ਨੂੰ ਮਹਿਣਾ ਮਾਰਿਆ ਕਿ ਕੀ ਹੋਇਆ ਜੇ ਧੱਕੇ, ਚਾਲਾਕੀ ਨਾਲ ਗੁਰ-ਗੱਦੀ ਸੰਭਾਲ ਲਈ ਜੇ, ਇਹ ਆਉਣੀ ਤਾਂ ਅੰਤ ਨੂੰ ਸਾਡੇ ਘਰ ਹੈ ਨਾ, ਤੁਹਾਡੇ ਪਤੀ ਮਗਰੋਂ ਗੁਰਿਆਈ ਦਾ ਹੱਕਦਾਰ ਸਾਡਾ ਪੁੱਤ ਮਿਹਰਬਾਨ ਹੀ ਹੈ ਨਾ |
ਸ੍ਰੀ ਮਾਤਾ ਗੰਗਾ ਜੀ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ | ਉਨ੍ਹਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ | ਅਗੋਂ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਇਆ : ‘ਸ਼ਰੀਕਾਂ ਦੇ ਮਿਹਣਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਕਰਤਾਰ ਦਾ ਨਾਂ ਜਪੀ ਚਲੋ, ਓੁਹ ਸਭ ਇੱਛਿਆ ਪੂਰੀ ਕਰ ਸਕਦਾ ਹੈ, ਉਸ ਦੇ ਘਰ ਕਿਸੇ ਗੱਲ ਜਾਂ ਸ਼ੈ ਦਾ ਘਾਟਾ ਨਹੀਂ | ਜੇ ਤੁਹਾਡੀ ਜਿਠਾਣੀ ਈਰਖਾ ਤੇ ਹੰਕਾਰ ਵਿੱਚ ਆ ਕੇ ਮੰਦੇ ਬਚਨ ਬੋਲਦੀ ਹੈ, ਤਾਂ ਤੁਸੀਂ ਸੁਣੀ ਅਣਸੁਣੀ ਕਰ ਛੱਡੋ| ਸ਼ੇਖ ਫਰੀਦ ਦਾ ਕਥਨ ਚੇਤੇ ਜੇ ਨਾ ਭਈ, ‘ਫਰੀਦਾ ਬੁਰੇ ਦਾ ਭਲਾ ਕਰ ਗੁਸਾ ਮਨਿ ਨ ਹੰਢਾਇ |’
ਮਾਤਾ ਜੀ ਨੇ ਕਿਹਾ : ‘ਆਪ ਦਾ ਬਚਨ ਸੱਤ ਹੈ | ਮੇਰੇ ਮਨ ਵਿੱਚ ਈਰਖਾ ਜਾਂ ਹੰਕਾਰ ਕੋਈ ਨਹੀਂ ਪਰ ਮੇਰੀ ਇਹ ਤੀਬਰ ਇੱਛਾ ਹੈ ਕਿ ਮੇਰੇ ਘਰ ਪੁੱਤ ਜੁੰਮੇ, ਮੈ ਔਤਰੀ ਨਾ ਅਖਵਾਵਾਂ | ਆਪ ਸੰਸਾਰ ਨੂੰ ਬਖਸ਼ਸ਼ਾ ਕਰਦੇ ਅਤੇ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਹੋ | ਮੈਨੂੰ (ਆਪ ਜੀ ਦੇ ਸੇਵਕ ਨੂੰ) ਵੀ ਇਕ ਪੁੱਤ ਦੀ ਦਾਤ ਬਖਸ਼ ਛੱਡੋ |’
ਗੁਰੂ ਜੀ ਨੇ ਉੱਤਰ ਦਿੱਤਾ : ‘ਜੇ ਤੁਹਾਡੀ ਏਹੀ ਇੱਛਿਆ ਹੈ ਤਾਂ ਤੁਸੀਂ ਇਉ ਕਰੋ : ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਤੇ ਪੁੱਜੇ ਹੋਏ ਸਿੱਖ ਹਨ | ਉਹ ਬੜੀ ਕਰਨੀ ਵਾਲੇ ਮਹਾਂਪੁਰਖ ਹਨ | ਅਜਿਹੇ ਭਗਤਾਂ ਦਾ ਆਖਿਆ ਕਰਤਾਰ ਕਦੇ ਨਹੀਂ ਮੋੜਦਾ, ਜੇ ਉਹ ਵਰ ਦੇਣ, ਤਾਂ ਤੁਹਾਡੀ ਮੁਰਾਦ ਜਰੂਰ ਪੂਰੀ ਹੋ ਜਾਵੇਗੀ | ਉਹ ਗੁਰੂ ਕੀ ਬੀੜ ਵਿੱਚ ਰਹਿੰਦੇ ਹਨ ਉਥੇ ਗੁਰੂ-ਘਰ ਦੀ ਸੇਵਾ ਤੇ ਰੱਬ ਦੀ ਭਗਤੀ ਕਰਦੇ ਹਨ | ਪ੍ਰਸ਼ਾਦਾ ਉਨ੍ਹਾਂ ਨੂੰ ਲੰਗਰੋਂ ਜਾਂਦਾ ਹੈ | ਤੁਸੀਂ ਉਨ੍ਹਾਂ ਨੂੰ ਸੇਵਾ ਕਰੋ, ਉਨ੍ਹਾਂ ਨੂੰ ਪ੍ਰਸ਼ਾਦ ਛਕਾਓੁ, ਉਹ ਪ੍ਰਸੰਨ ਹੋ ਕੇ ਬਖਸ਼ਸ਼ ਕਰਨਗੇ |’
ਸ੍ਰੀ ਮਾਤਾ ਗੰਗਾ ਜੀ ਨੇ ਚੰਗੇ ਭੋਜਨ ਤਿਆਰ ਕਰਵਾਏ | ਇਕ ਦਾਸੀ ਨੂੰ ਨਾਲ ਲੈ ਕੇ ਅਤੇ ਰੱਥ ਵਿੱਚ ਬਹਿ ਕੇ ਉਹ ਬੀੜ ਵਿੱਚ ਜਾ ਪੁੱਜੇ | ਬਾਬਾ ਬੁੱਢਾ ਜੀ ਵੀ ਪ੍ਰਸ਼ਾਦ ਦੀ ਉਡੀਕ ਕਰ ਰਹੇ ਸਨ ਅਤੇ ਕਦੇ-ਕਦੇ ਅੰਮ੍ਰਿਤਸਰ ਵੱਲ ਤੱਕ ਲੈਂਦੇ ਸਨ, ਰੱਥ ਦੇ ਪਹੀਆਂ ਦੀ ਉਡਾਈ ਧੂੜ ਵੇਖ ਕੇ ਉਨ੍ਹਾਂ ਨੇ ਇਕ ਸੇਵਕ ਤੋਂ ਪੁੱਛਿਆ ਕਿ ਕੋਣ ਆ ਰਿਹਾ ਹੈ ? ਸੇਵਕ ਨੇ ਪਤਾ ਕਰਕੇ ਕਿਹਾ ਕਿ ਗੁਰੂ ਜੀ ਦੇ ਮਹਿਲ ਆ ਰਹੇ ਹਨ | ਬਾਬਾ ਜੀ ਕਹਿਣ ਲੱਗੇ, ‘ਹੱਛਾ, ਉਨ੍ਹਾਂ ਨੂੰ ਕੀ ਭਾਜੜ ਪੈ ਗਈ ?’
ਇਨ੍ਹੇ ਨੂੰ ਦਾਸੀ ਸਮੇਤ ਮਾਤਾ ਗੰਗਾ ਜੀ ਪਹੁੰਚ ਗਏ | ਬਾਬਾ ਜੀ ਨੇ ਪ੍ਰਸ਼ਾਦ ਛਕ ਤਾਂ ਲਿਆ, ਪਰ ਖਾਸ ਪ੍ਰਸੰਨ ਨਾ ਹੋਏ | ਕਹਿਣ ਲੱਗੇ : ‘ਮੈ ਅਜਿਹੇ ਪਦਾਰਥਾ ਦੇ ਯੋਗ ਨਹੀਂ | ਮੈਂ ਤਾਂ ਰੁੱਖੀ-ਸੁੱਖੀ ਖਾਣ ਵਾਲਾ ਹੈ |’ਦਾਸੀ ਨੇ ਮਾਤਾ ਜੀ ਦੇ ਆਉਣ ਦਾ ਮਨੋਰਥ ਦੱਸਿਆ | ਤਾਂ ਬਾਬਾ ਜੀ ਕਹਿਣ ਲੱਗੇ : ‘ਮਾਤਾ ਜੀ ! ਮੈ ਤਾਂ ਤੁਹਾਡੇ ਘਰ ਦਾ ਘਾਹੀ ਤੇ ਸੇਵਕ ਹਾਂ | ਜੇ ਮੇਰੇ ਵਿੱਚ ਅਜਿਹੀਆਂ ਤਾਕਤਾਂ ਹੋਣ ਤਾਂ ਮੈ ਘਾਹ ਕਾਹਨੂੰ ਖੋਦਾਂ ਤੇ ਤਬੇਲੇ ਕਾਹਨੂੰ ਹੁੰਝਾਂ ? ਅਜਿਹੇ ਵਰ ਦੇਣ ਦੀ ਸਮਰੱਥਾ ਗੁਰੂ ਜੀ ਵਿੱਚ ਬੇਨਤੀ ਕਰੋ |’
ਮਾਤਾ ਜੀ ਨਿਰਾਸ ਹੋ ਕੇ ਮੁੜ ਪਏ | ਉਨ੍ਹਾਂ ਨੂੰ ਧੂੜ ਉਡਦੀ ਵੇਖ ਕੇ ਕੀਤੇ, ਬਾਬਾ ਜੀ ਦੇ ਬਚਨ ਦਾ ਵੀ ਪਤਾ ਲੱਗਾ | ਉਹ ਵਧੇਰੇ ਉਦਾਸ ਹੋਏ ਕਿ ਵਰ ਦੀ ਥਾਂ ਸਰਾਪ ਮਿਲ ਗਿਆ | ਸ਼ਾਮੀ ਉਨ੍ਹਾਂ ਨੇ ਸਾਰੀ ਹੋਈ-ਬੀਤੀ, ਗੁਰੂ ਜੀ ਨੂੰ ਦੱਸੀ | ਗੁਰੂ ਜੀ ਨੇ ਅਗੋਂ ਕਿਹਾ, ‘ਰੱਬ ਦੇ ਪਿਆਰੇ ਵਿਖਾਵੇ ਅਡੰਬਰ ਨਾਲ ਪ੍ਰਸੰਨ ਨਹੀਂ ਹੁੰਦੇ ! ਮਹਾਂਪੁਰਖਾ ਦੀ ਸੇਵਾ ਨਿਮਾਣੇ ਹੋ ਕੇ ਕਰੀਦੀ ਹੈ | ਉਨ੍ਹਾਂ ਦੇ ਸਾਮਹਣੇ ਵੱਡੇ ਬਣ ਕੇ ਨਹੀ ਜਾਇਦਾ | ਬਾਬਾ ਬੁੱਢਾ ਜੀ ਨੂ ਪ੍ਸੰਨ ਕਰਨ ਦਾ ਢੰਗ ਮੈ ਤੁਹਾਨੂੰ ਦੱਸਦਾ ਹਾਂ|ਪੂਰਨ ਸ਼ਰਧਾ ਪ੍ਰੇਮ ਨਾਲ ਆਪਣੀ ਹੱਥੀ ਆਟਾ ਵੇਸਨ ਪੀਹੋ ਤੇ ਗੁੰਨੋ ਅਤੇ ਮਿੱਸੀਆ ਰੋਟੀਆ ਪਕਾਓ | ਆਪ ਦੁੱਧ ਰਿੜਕ ਕੇ ਲੱਸੀ, ਮੱਖਣ ਤਿਆਰ ਕਰੋ | ਫੇਰ ਮਿੱਸੀਆ ਰੋਟੀਆ, ਗੰਢੋ, ਮੱਖਣ, ਦਹੀ ਤੇ ਲੱਸੀ ਸਿਰ ‘ਤੇ ਚੁੱਕ ਕੇ , ਪੈਦਲ ਤੁਰ ਕੇ ਓੁਨਾ ਪਾਸ ਜਾਓ ਅਤੇ ਉਨ੍ਹਾਂ ਨੂੰ ਛਕਾਓ | ਉਹ ਪ੍ਰਸੰਨ ਹੋ ਕੇ ਅਸੀਸ ਦੇਣਗੇ |’
ਮਾਤਾ ਜੀ ਨੇ ਇਸੇ ਤਰਾਂ ਕੀਤਾ | ਉਨ੍ਹਾਂ ਨੂੰ ਆਉਂਦਿਆ ਵੇਖ ਕੇ ਬਾਬਾ ਜੀ ਨੇ ਆਪਣੇ ਮਨ ਵਿੱਚ ਕਿਹਾ : ‘ਮਾਤਾ ਜੀ ਪ੍ਰਸ਼ਾਦ ਲਿਆਏ ਹਨ | ਹਾਂ ਭਈ, ਜੇ ਮਾਤਾ ਪੁੱਤਾਂ ਦਾ ਖਿਆਲ ਨਾ ਕਰੇ, ਤਾਂ ਹੋਰ ਕੋਣ ਕਰੇ ?’ ਮਾਤਾ ਜੀ ਦੇ ਲਿਆਂਦੇ ਮਿੱਸੇ ਪ੍ਰਸ਼ਾਦੇ ਬਾਬਾ ਜੀ ਨੇ ਬੜੇ ਪ੍ਰਸੰਨ ਹੋ ਕੇ ਛਕੇ | ਜਿਉਂ-ਜਿਉਂ ਉਹ ਪ੍ਰਸ਼ਾਦ ਛਕਣ ਅਤੇ ਗੰਢੇ ਭੰਨਗਾ, ਜਿਵੇਂ ਮੈਂ ਗੰਢੇ ਭੰਨਣਾ ਹਾਂ | ਉਹ ਮੀਰੀ-ਪੀਰੀ ਦਾ ਮਾਲਕ ਹੋਵੇਗਾ, ਉਹ ਜੇਤੂ ਜੋਧਾ ਤੇ ਵੱਡਾ ਘੋੜ-ਸਵਾਰ ਹੋਵੇਗਾ |ਮਾਤਾ ਜੀ ਪ੍ਰਸੰਨ ਹੋ ਕੇ ਘਰ ਆਏ | ਸੱਚੇ ਪਿਤਾ, ਅਕਾਲ ਪੁਰਖ ਨੇ ਮਿਹਰ ਕੀਤੀ | ਬਾਬਾ ਬੁੱਢਾ ਜੀ ਦਾ ਵਰ ਪੂਰਾ ਹੋਇਆ | ਹਾੜ ਵਦੀ ੭ (੨੧ ਹਾੜ) ਸੰਮਤ ੧੬੫੨ ਨੂੰ ਸ੍ਰੀ (ਗੁਰੂ) ਹਰਗੋਬਿੰਦ ਸਾਹਿਬ ਦਾ ਅਵਤਾਰ ਪਿੰਡ ਵਡਾਲੀ ਵਿਚ ਹੋਇਆ | ਉਸ ਦਿਨ ਸੰਨ ੧੫੯੫ ਦੇ ਜੂਨ ਦੀ ੧੯ ਤਾਰੀਖ ਸੀ |

ਬਾਲ ਵਿਵਸਥਾ – ਪ੍ਰਿਥੀਏ ਦੇ ਵਾਰ – ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਕਾਫੀ ਕਸ਼ਟਾ ਵਿੱਚ ਗੁਜਰੀ | ਆਪ ਦਾ ਤਾਇਆ ਪ੍ਰਿਥੀਆ ਅਤੇ ਭਾਈ ਕਰਮੋਂ ਆਪ ਦੇ ਅਵਤਾਰ ਦੋ ਖ਼ਬਰ ਸੁਣ ਕੇ ਸੜ-ਬਲ ਗਏ | ਉਨ੍ਹਾਂ ਦੀਆਂ ਮੰਦੀਆਂ ਨੀਚ ਆਸਾਂ ਉਪਰ ਪਾਣੀ ਜੁ ਗਿਆ ਸੀ | ਉਹ ਦੋਵੇਂ ਜੀਅ ਤਾਂ ਇਹ ਮਿਥੀ ਬੈਠੇ ਸਨ ਕਿ ਗੁਰੂ ਜੀ ਦੇ ਪੁੱਤ ਨਾ ਹੋਣ ਕਰਕੇ ਗੁਰ-ਗੱਦੀ ਹੱਕਦਾਰ ਸਾਡਾ ਪੁੱਤ ਮਿਹਰਬਾਨ ਹੈ | ਉਨ੍ਹਾਂ ਨੇ ਲਾਲਚ ਤੇ ਈਰਖਾ ਦੇ ਕਾਰਨ ਅੰਨ੍ਹੇ ਤੇ ਪਾਗਲ ਹੋ ਕੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨ ਮਰਵਾਉਣ ਦੇ ਜਤਨ ਕੀਤੇ ਤਾਂ ਜੁ ਉਨ੍ਹਾਂ ਦੇ ਪੁੱਤ ਦਾ ਰਾਹ ਵਿਹਲਾ ਹੋ ਜਾਵੇ | ਪਹਿਲਾ ਉਨ੍ਹਾ ਨੇ ਦਾਈ-ਖਿਡਾਵੀ ਨੂੰ ਲਾਲਚ ਦੇ ਕੇ ਉਸ ਦੀਆਂ ਦੁਧੀਆਂ ਉਪਰ ਜਹਿਰ ਲਵਾ ਕੇ ਭੇਜਿਆ | ਉਸ ਨੇ ਆਪ ਜੀ ਨੂੰ ਦੁੱਧ ਚੁੰਗਾਉਣਾ ਚਾਹਿਆ, ਪਰ ਆਪ ਨੇ ਨਾ ਚੁੰਗਿਆ | ਦਾਈ ਆਪ ਹੀ ਜਹਿਰ ਦੇ ਅਸਰ ਨਾਲ ਮਰ ਗਈ | ਫੇਰ ਉਸ ਪਾਪੀ ਜੋੜੀ ਨੇ ਇਕ ਸਪੇਰੇ ਜੋਗੀ ਪਾਸੋਂ ਸ੍ਰੀ ਹਰਿਗੋਬਿੰਦ ਸਾਹਿਬ ਵਾਲੇ ਕਮਰੇ ਵਿੱਚ ਇਕ ਜਹਿਰੀ ਫਨ੍ਹੀਅਰ ਸੱਪ ਛੁਡਾ ਦਿੱਤਾ, ਪਰ ਸੇਵਾਦਾਰਾਂ ਨੂੰ ਵੇਲੇ ਸਿਰ ਪਤਾ ਲੱਗ ਗਿਆ, ਉਨਾਂ ਨੂੰ ਸੱਪ ਨੂੰ ਮਰ ਘੱਤਿਆ |
ਦੋ ਵਾਰ ਅਸਫਲ ਹੋ ਜਾਣ ਤੇ ਵੀ ਕਰਮੋ ਤੇ ਪ੍ਰਿਥੀਏ ਨੇ ਬਸ ਕੀਤੀ | ਉਨ੍ਹਾ ਨੇ ਸ੍ਰੀ ਹਰਿਗੋਬਿੰਦ ਸਾਹਿਬ ਦੇ ਖਿਡਾਵੇ ਬ੍ਰਾਹਮਣ ਨੂੰ ਬਹੁਤ ਸਾਰਾ ਧੰਨ ਦੇ ਕੇ ਹੋਰ ਧਨ ਦਾ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ਵਿੱਚ ਜਹਿਰ ਪਾ ਕੇ ਦੇ ਦੇ | ਜਦੋਂ ਉਹ ਦੁਸ਼ਟ ਨਹੀਂ ਪਿਆਉਣ ਲੱਗਾ, ਤਾਂ ਸ੍ਰੀ ਹਰਿਗੋਬਿੰਦ ਸਾਹਿਬ ਰੋਣ ਲੱਗ ਪਏ | ਉਹ ਦਹੀਂ ਨੂੰ ਮੁੰਹ ਨਾ ਲਾਉਣ, ਤਾਂ ਫੇਰ ਗੁਰੂ ਅਰਜਨ ਦੇਵ ਜੀ ਨੇ ਆਪ ਦਹੀਂ ਇਕ ਕੁਤੇ ਨੂੰ ਪਾ ਦਿੱਤਾ | ਥੋੜ੍ਹੇ ਚਿਰ ਵਿੱਚ ਉਹ ਕੁੱਤਾ ਮਰ ਗਿਆ | ਬ੍ਰਾਹਮਣ ਕੰਬ ਗਿਆ, ਉਸ ਸਭ ਕੁਝ ਸੱਚ-ਸੱਚ ਕਹਿ ਦਿੱਤਾ | ਪ੍ਰਿਥੀਏ ਦੀ ਸਾਰੇ ਸ਼ਹਿਰ ਵਿੱਚ ਬਦਨਾਮੀ ਹੋਈ | ਦੂਜੇ ਦਿਨ ਬ੍ਰਾਹਮਣ ਸੂਲ ਹੋ ਕੇ ਮਰ ਗਿਆ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਬਾਰੇ ਵਾਹਿਗੁਰੂ ਦਾ ਧੰਨਵਾਦ ਕੀਤਾ |
ਚੀਚਕ – ਇਸ ਮਗਰੋ ਪ੍ਰਿਥੀਆ ਵਾਰ ਕਰਨੋ ਹੱਟ ਗਿਆ |ਹੁਣ ਪਰਮਾਤਮਾ ਵੱਲੋ ਆਪ ਨੂੰ ਡਾਢਾ ਕਸਟ ਮਿਲਿਆ |ਆਪ ਨੂੰ ਬੜੀ ਸਖ਼ਤ ਕਿਸਮ ਦੀ ਚੀਚਕ ਨਿਕਲੀ, ਪਰ ਵਾਹਿਗੁਰੂ ਮਿਹਰ ਕੀਤੀ, ਆਪ ਰਾਜੀ ਹੋ ਗਏ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮੋਕੇ ਤੇ ਕਰਤਾਰ ਦੇ ਧੰਨਵਾਦ ਅਤੇ ਮਨ ਦੀ ਖੁਸ਼ੀ ਪ੍ਰਗਟ ਕਰਨ ਲਈ ਕਈ ਸ਼ਬਦ ਰਚੇ |

ਸਿਖਲਾਈ, ਪੜ੍ਹਾਈ – ਸਮੇ ਦੇ ਰੰਗ ਤੇ ਚਾਲ-ਢਾਲ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਪ੍ਰਤੀਤ ਕਰ ਲਿਆ ਕਿ ਸਮੇਂ ਅਜਿਹੇ ਆ ਰਹੇ ਹਨ ਜਦ ਜੁਲਮ ਤੇ ਬਦੀ ਦੀਆਂ ਤਾਕਤਾਂ ਦਾ ਟਾਕਰਾ ਕਰਨ ਤੇ ਸੱਚਾ ਧਰਮ ਪ੍ਰਚਾਰਨ ਲਈ ਸਿੱਖਾ ਨੂੰ ਸੰਤ ਸਿਪਾਹੀ ਬਣਨਾ ਤੇ ਤਲਵਾਰ ਵਾਹੁਣੀ ਪਵੇਗੀ | ਅਜਿਹੇ ਸਮੇਂ ਵਿੱਚ ਗੁਰ-ਗਦੀ ਤੇ ਬਿਰਾਜਮਾਨ ਹੋਣ ਵਾਲੇ ਵਿਅਕਤੀ ਵਿੱਚ ਜਿਹੋ ਜਿਹੇ ਗੁਣਾਂ ਤੇ ਸ਼ਕਤੀਆਂ ਦੀ ਲੋੜ ਸੀ | ਪੰਚਮ ਪਾਤਸ਼ਾਹ ਨੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਓਹੋ ਜਿਹੀ ਸਿਖਿਆ, ਸਿਖਲਾਈ ਦਿਵਾਉਣ ਦਾ ਫੇਸਲਾ ਕੀਤਾ | ਆਪ ਨੇ ਸਾਹਿਬਜ਼ਾਦੇ ਦੀ ਸਿਖਲਾਈ ਦਿਵਾਉਣ ਦਾ ਫੈਸਲਾ ਕੀਤਾ | ਆਪਣੇ ਸਾਹਿਬਜ਼ਾਦੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ | ਆਪਣੇ ਸਾਹਿਬਜ਼ਾਦੇ ਦੀ ਸਿਖਲਾਈ ਪੜਾਈ ਦਾ ਕੰਮ ਬਾਬਾ ਬੁੱਢਾ ਜੀ ਦੇ ਸਪੁਰਦ ਕੀਤਾ | ਆਪਣੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ, ‘ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੰਤ ਸਿਪਾਹੀ ਬਣਾਇਆ ਜਾਵੇ | ਬਾਬਾ ਬੁੱਢਾ ਜੀ ਨੇ ਆਪਨੂੰ ਸਿਖਲਾਈ ਦਿੱਤੀ | ਨ੍ਤੀਹਾ ਇਹ ਨਿਕਲਿਆ ਕਿ ਸ੍ਰੀ ਹਰਿਗੋਬਿੰਦ ਸਾਹਿਬ ਜੀ ਹਰ ਪਾਸੋਂ ਮੁਕੰਬਲ ਯੋਗਤਾ ਵਾਲੇ ਮਰਦ ਬਣ ਗਏ | ਆਪ ਸਡੋਲ ਨਰੋਏ ਅਤੇ ਬਲਵਾਨ ਵੀ ਸਨ ਅਤੇ ਨਾਲ ਹੀ ਬ੍ਰਰਮ ਗਿਆਨੀ ਤੇ ਪੂਰਨ ਸੰਤ ਵੀ |

ਗੁਰਿਆਈ – ਜਹਾਂਗੀਰ ਬਾਦਸ਼ਾਹ ਨੇ ਆਪਣੀ ਮਜ੍ਹਬੀ ਈਰਖਾ ਦੇ ਸਾੜ ਨੂੰ ਮੱਠਾ ਕਰਨ ਲਈ, ਸ੍ਰੀ ਗੁਰੂ ਅਰਜਨ ਦੇਵ ਜੀ ਵਿਰੁਧ ਮਿਲੀਆਂ ਝੂਠੀਆਂ ਤੇ ਮਨ-ਘੜਤ ਰਿਪੋਟਾਂ ਦੇ ਅਧਾਰ ਤੇ ਆਪ ਜੀ ਨੂੰ ਗ੍ਰਿਫਤਾਰ ਕਰਕੇ ਲਾਹੋਰ ਲਿਆਂਦੇ ਜਾਨ ਦਾ ਹੁਕਮ ਦਿੱਤਾ | ਲਾਹੋਰ ਨੂੰ ਤੁਰਨ ਤੋਂ ਪਹਿਲਾ ਗੁਰੂ ਜੀ ਨੇ ਗੁਰ-ਗੱਦੀ ਲਈ ਆਪਣੇ ਸਾਹਿਬਜ਼ਾਦੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਨੀਯਤ ਕੀਤਾ | ਆਪ ਨੂੰ ਪਤਾ ਜੁ ਲੱਗ ਗਿਆ ਸੀ ਕਿ ਸਾਡੀ ਸਚ-ਖੰਡ ਵਾਪਸੀ ਦਾ ਸਮਾਂ ਆ ਰਿਹਾ ਹੈ ਅਤੇ ਅਸਾਂ ਲਾਹੋਰੋਂ ਮੁੜ ਕੇ ਨਹੀ ਆਉਣਾ | ਗੁਰਿਆਈ ਦਾ ਤਿਲਕ ਰਸਮ ਕਰਨ ਦਾ ਮੋਕਿਆਂ ਮੁਹਲਤ ਨਹੀ ਸੀ | ਇਸ ਲਈ ਆਪਣੇ ਤੁਰਨ ਸਮੇਂ ਆਗਿਆ ਕੀਤੀ ਕਿ ਗੁਰਿਆਈ ਦੀ ਰਸਮ ਸਾਡੇ ਜਾਣ ਮਗਰੋ ਕਰ ਦਿੱਤੀ ਜਾਵੇ, ਨਾਲ ਹੀ ਆਪਣੇ ਸਿੱਖਾ ਨੂੰ ਹੁਕਮ ਦਿੱਤੀ ਜਾਵੇ, ਨਾਲ ਹੀ ਆਪਣੇ ਸਿੱਖਾ ਨੂੰ ਹੁਕਮ ਦਿੱਤਾ ਕਿ ਬਦਲ ਰਹੇ ਸਮਿਆ ਵਿੱਚ ਤਕੜੇ ਹੋ ਕੇ ਰਹਿਣਾ, ਵਾਹਿਗੁਰੂ ਉਤੇ ਭਰੋਸਾ ਰੱਖਣਾ, ਸਿੱਖੀ ਰਹਿਤ ਵਿੱਚ ਪੱਕਿਆ ਰਹਿਣਾ ਅਤੇ ਸ੍ਰੀ ਹਰਿਗੋਬਿੰਦ ਸਾਹਿਬ ਦੀ ਕਮਾਨ ਹੇਠ ਕੋਮ ਦੀ ਉਨਤੀ ਤੇ ਰਖਿਆ ਲਈ ਤਨ ਮਨ ਵਾਰਨ ਤੇ ਹੋਰ ਪ੍ਰਕਾਰ ਦੇ ਕਸ਼ਟ ਸਹਾਰਨ ਤੋਂ ਸੰਕੋਚ ਨਾ ਕਰਨਾ |
ਇਹ ਆਗਿਆ ਮੂਜਬ ਜੇਠ ਵਦੀ ੧੪ (੨੮ ਜੇਠ) ਸੰਮਤ ੧੬੬੩, ਮੁਤਾਬਕ ੨੫ ਮਈ ਸੰਨ ੧੬੦੬ ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਾਇਆ | ਆਪ ਦੀ ਉਮਰ ਉਸ ਵੇਲੇ ਮਸਾਂ ਯਾਰ੍ਹਾ ਕੁ ਵਰ੍ਹਿਆ ਦੀ ਸੀ | ਗੁਰਿਆਈ ਦਾ ਤਿਲਕ ਲਾਉਣ ਪਿਛੋਂ ਚਲੀ ਆਈ ਰੀਤ ਮੂਜਬ ਬਾਬਾ ਬੁੱਢਾ ਜੀ ਨੇ ਛੇਵੇਂ ਸਤਿਗੁਰੂ ਨੂੰ ਸੇਲੀ ਟੋਪੀ ਪੇਸ਼ ਕੀਤੀ | ਆਪ ਨੇ ਆਗਿਆ ਕੀਤੀ, ‘ਇਹ ਸ਼ੈਆ ਹੁਣ ਤੋਸ਼ੇਖਾਨੇ ਵਿੱਚ ਰੱਖ ਰਖਵਾ ਦਿਓ | ਇਹਨਾਂ ਵਾਲਾ ਸਮਾਂ ਲੰਘ ਚੁਕਿਆ ਹੈ, ਸਾਨੂੰ ਦਸਤਾਰ, ਕਲਗੀ ਤੇ ਤਲਵਾਰ ਦਿਓ |’
ਅਜਿਹਾ ਹੀ ਕੀਤਾ ਗਿਆ | ਆਪਣੇ ਇਕ ਤਲਵਾਰ ਪਹਿਨਣ ਦੀ ਥਾਂ ਦੋ ਤਲਵਾਰਾ ਪਹਿਨੀਆਂ – ਇਕ ਮੀਰੀ ਦੀ, ਇਕ ਪੀਰੀ ਦੀ | ਇਕ ਆਤਮਿਕ ਮੰਡਲਾ ਵਿੱਚ ਅਗਵਾਈ ਦੀ ਨਿਸ਼ਾਨੀ ਅਤੇ ਦੂਜੀ ਸੰਸਾਰਕ ਮਾਮਲਿਆ ਸੰਬਧੀ ਅਗਵਾਈ ਦੀ | ਗੁਰ-ਗੱਦੀ ਤੇ ਬਿਰਾਜਣ ਪਿਛੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਮਸੰਦਾ ਨੂੰ ਅਤੇ ਉਨ੍ਹਾਂ ਰਾਹੀਂ ਥਾਂ-ਥਾਂ ਦੀਆਂ ਸੰਗਤਾ ਨੂੰ ਹੁਕਮਨਾਮੇ ਭੇਜੇ ਕਿ ਅਗਾਂਹ ਨੂ ਨੂੰ ਹੋਰ ਭੇਟਾ ਦੇ ਨਾਲ ਚੰਗੇ ਤੇ ਸ਼ਸਤਰ ਵੀ ਲਿਆਇਆ ਕਰੋ, ਆਪ ਵੀ ਘੋੜ-ਸਵਾਰੀ ਤੇ ਸ਼ਸ਼ਤਰ ਵਰਟਣ ਦੀ ਜਾਂਚ ਸੀਖੋ | ਸਭ ਨੇ ਇਹ ਹੁਕਮ ਬੜੇ ਚਾਅ ਤੇ ਉਤਸ਼ਾਹ ਨਾਲ ਮੰਨੇ |
ਇਸ ਤਰ੍ਹਾਂ ਸਿੱਖ ਕੋਮ ਦੇ ਹਿਰਦਿਆਂ ਵਿਚ ਬੀਰ-ਰਸ ਜਾਗ ਉਠਿਆ, ਇਕ ਨਵੀਂ ਜਾਨ ਅਤੇ ਚੜਦੀਆਂ ਕਲਾਂ ਵਾਲੀ ਬਿਰਤੀ ਪੈਦਾ ਹੋ ਗਈ | ਸੰਤਾ, ਭਗਤਾ ਤੇ ਮਹਾਂ ਪਰਉਪਕਾਰੀ ਨਾਮ ਦੇ ਰਸੀਆਂ ਦੀ ਇਹ ਕੋਮ ਹੁਣ ਸੰਤ-ਸਿਪਾਹੀਆਂ ਤੇ ਧਰਮੀ ਜੋਧਿਆਂ ਦੀ ਕੋਮ ਦਾ ਰੂਪ ਧਾਰਨ ਲੱਗ ਪਈ |

ਸਿੱਖ ਫ਼ੋਜ ਦੀ ਨੀਂਹ – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹੁਣ ਕੋਮ-ਉਸਾਰੀ ਦੇ ਇਸ ਨਵੇਂ ਮੈਦਾਨ ਵਿਚ ਦਿਨ ਰਾਤ ਇਕ ਕਰਕੇ ਜੁੱਟ (ਰੁੱਝ) ਪਏ | ਅੰਮ੍ਰਿਤਸਰ ਨੂੰ ਮਜਬੂਤ ਕਰਨ ਕੀ ਖਾਤਰ ਆਪ ਨੇ ਉਥੇ ਇਕ ਕਿਲ੍ਹਾ ਬਣਵਾਇਆ | ਇਸ ਦਾ ਨਾਂ ਆਪ ਨੇ ਲੋਹਗੜ੍ਹ ਰੱਖਿਆ | ਫੇਰ ਉਨ੍ਹਾਂ ਨੇ ਸੰਮਤ ੧੬੬੬ (ਸੰਨ ੧੬੦੯) ਵਿੱਚ ਦੇਸ਼-ਪਿਆਰ, ਸੂਰਬੀਰਤਾ ਤੇ ਕੋਮੀ ਭਾਵਾਂ ਦੇ ਪ੍ਰਚਾਰ ਵਿਕਾਸ ਲਈ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ | ਸਵੇਰੇ ਵੇਲੇ ਤਾਂ ਸਦਾ ਵਾਕੁਰ ਸੰਗਤਾਂ ਸ੍ਰੀ ਦਰਬਾਰ ਸਾਹਿਬ ਜੁੜਦੀਆ, ਜਿਥੇ ਗੁਰਬਾਣੀ ਦਾ ਕੀਰਤਨ ਹੁੰਦਾ ਅਤੇ ਢਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਵਾਰਾਂ ਲਾਉਂਦੇ ! ਏਥੇ ਗੁਰੂ ਹਰਿਗੋਬਿੰਦ ਸਾਹਿਬ ਸੰਗਤਾ ਨੂੰ ਧਾਰਮਿਕ ਸਿੱਖਿਆ ਉਪਦੇਸ਼ ਦੇਂਦੇ, ਉਨ੍ਹਾਂ ਦੀਆਂ ਆਤਮਿਕ ਔਕੜਾਂ ਤੇ ਧਾਰਮਿਕ ਮਾਮਲਿਆਂ ਨੂੰ ਹੱਲ ਕਰਦੇ | ਦੁਪਹਿਰ ਮਗਰੋਂ ਸੰਗਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਕੱਤਰ ਹੁੰਦੀਆਂ | ਏਥੇ ਸਰੀਰਕ ਕਸਰਤਾਂ ਤੇ ਸਰੀਰਕ ਬਲ ਦੇ ਵਿਖਾਵੇ ਹੁੰਦੇ ਅਤੇ ਸੂਰਮਿਆਂ ਦੀਆਂ ਵਾਰਾਂ ਲੱਗਦੀਆਂ | ਇਨ੍ਹਾਂ ਨਾਲ ਸਿੱਖਾ ਦੇ ਮਨਾਂ ਵਿੱਚ ਬੀਰ-ਰਸ ਅਤੇ ਸੂਰਬੀਰਤਾ ਦੇ ਵੇਗ ਵਲਵਲੇ ਪੈਦਾ ਹੁੰਦੇ ਅਤੇ ਠਾਠਾ ਮਾਰਦੇ | ਏਥੇ ਜੀ ਗੁਰੂ ਜੀ ਬਾਹਰ ਦੇ ਆਏ ਸਿੱਖ ਸੇਵਕਾਂ ਨੂੰ ਮਿਲਦੇ, ਉਨ੍ਹਾਂ ਦਾ ਹਾਲ-ਚਾਲ ਪੁੱਛਦੇ, ਸੁਣਦੇ, ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਨਜਿੱਠਦੇ ਅਤੇ ਉਨ੍ਹਾਂ ਦੇ ਝਗੜਿਆ ਦਾ ਨਿਬੇੜਾ ਕਰਦੇ | ਸਿੱਖਾ ਨੂੰ ਪ੍ਰੇਰਨਾ ਕੀਤੀ ਜਾਂਦੀ ਕਿ ਤੁਸੀਂ ਆਪੋ ਵਿਚਲੇ ਝਗੜਿਆ ਨੂੰ ਸਰਕਾਰੇ ਦਰਬਾਰੇ ਲਿਜਾਣ ਦੀ ਥਾਂ ਆਪਸ ਵਿੱਚ ਘਰੇ ਹੀ ਨਜਿੱਠ ਲਿਆ ਕਰੋ |ਗੁਰੂ ਜੀ ਨੇ ਆਪਣੀ ਅਰਦਲ ਵਿੱਚ ਰੱਖਣ ਲਈ ੫੨ ਬਲਵਾਨ ਜਵਾਨਾਂ ਦੀ ਨਿਜੀ ਗਾਰਦ ਤਿਆਰ ਕੀਤੀ | ਇਸ ਗਾਰਦ ਵਿੱਚ ਸ਼ਾਮਿਲ ਹੋਣ ਲਈ ਬਹੁਤ ਸਾਰੇ ਸਿੱਖ ਹਾਜ਼ਿਰ ਹੋਏ | ਉਨ੍ਹਾਂ ਨੇ ਕਿਹਾ ਕਿ ਅਸੀਂ ਤਨਖਾਹ ਨਹੀ ਲੈਣੀ, ਅਸੀਂ ਤਾਂ ਆਪਣੇ ਆਪ ਨੂੰ ਪੂਰੇ ਤੋਰ ਤੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਹੈ | ਗੁਰੂ ਜੀ ਨੇ ਉਨ੍ਹਾਂ ਨੂੰ ਸਿਖਲਾਈ ਦੇਣੀ ਸੁਰੂ ਕਰ ਦਿੱਤੀ | ਇਹ ਸਭ ਕਾਸੇ ਦਾ ਸਦਕਾ ਸਿੱਖਾ ਦੇ ਢਠੇ ਤੇ ਢਹਿ ਰਹੇ ਦਿਲਾਂ ਵਿਚ ਇਓਂ ਨਵੀ ਜਾਨ ਭਰ ਦਿੱਤੀ ਜੀਕੁਰ ਬਰਸਾਤ ਵਿੱਚ ਬਨਸਪਤੀ ਮੋਲਦੀ ਹੈ |

ਗੁਰੂ ਜੀ ਤੇ ਜਹਾਂਗੀਰ – ਚੰਦੂ ਤੇ ਮਿਹਰਬਾਨ ਵਰਗੇ ਗੁਰੂ ਘਰ ਦੇ ਪੁਰਾਣੇ ਦੋਖੀਆ ਇਰਖਾਲੂਆਂ ਨੇ ਗੁਰੂ ਜੀ ਦੀਆਂ ਇਨ੍ਹਾ ਤਿਆਰੀਆਂ ਤੇ ਕਾਰਵਾਈਆਂ ਬਾਰੇ ਵਧਾ-ਚੜ੍ਹਾ ਕੇ ਤੇ ਮਸਾਲੇ ਲਾ ਕੇ ਖਬਰਾਂ ਜਹਾਂਗੀਰ ਬਾਦਸ਼ਾਹ ਨੂੰ ਪੁਚਾਈਆਂ ਤੇ ਕਿਹਾ : ਕਿ ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਦੀਆਂ ਤਿਆਰੀਆਂ ਕਰ ਰਹੇ ਹਨ | ਇਹ ਸੁਣ ਕੇ ਕੰਨਾ ਦੇ ਕਚੇ ਜਹਾਂਗੀਰ ਨੇ ਸੰਮਤ ੧੬੬੯(ਸੰਨ ੧੬੧੨) ਵਿਚ ਵਜ਼ੀਰ ਖਾਂ ਅਤੇ ਗੁੰਚਾ ਬੇਗ ਨੂੰ ਅਮ੍ਰਿਤਸਰ ਭੇਜਿਆ ਕਿ ਉਹ ਗੁਰੂ ਜੀ ਨੂੰ ਦਿੱਲੀ ਲਿਆਉਣ | ਵਜ਼ੀਰ ਖਾ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਅਤੇ ਦਿਲਾ ਦਾ ਸਿੱਖ ਸੀ | ਉਹ ਹਰ ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ | ਉਹ ਬਾਦਸ਼ਾਹ ਪਾਸ ਵੀ ਗੁਰੂ ਜੀ ਦੀ ਉਪਮਾ ਤੇ ਵਕੀਲੀ ਕੀਤੀ ਸੀ| ਅਮ੍ਰਿਤਸਰ ਪਹੁੰਚ ਕੇ ਉਸ ਨੇ ਗੁਰੂ ਸਹਿਬ ਨੂ ਯਕੀਨ ਦਿਵਾਇਆ ਕਿ ਬਾਦਸ਼ਾਹ ਦੀ ਨਿਤ ਮਾੜੀ ਨਹੀਂ ਹੈ |ਗੁਰੂ ਜੀ ਨੇ ਮਾਤਾ ਜੀ ਅਤੇ ਮੁਖੀ ਸਿੱਖਾ ਨਾਲ ਸਲਾਹ ਕੀਤੀ ਅਤੇ ਦਿੱਲੀ ਜਾਨ ਦਾ ਫੇਸਲਾ ਕੀਤਾ | ਫੇਰ ਆਪ ੩੦੦ ਸੁਰਮੇ ਨਾਲ ਲੈ ਕੇ ੨ ਮਾਘ ਸੰਮਤ ੧੬੬੯ (ਸੰਨ ੧੬੧੨) ਨੂੰ ਦਿੱਲੀ ਨੂੰ ਤੁਰ ਪਏ |
ਆਪ ਅਮ੍ਰਿਤਸਰੋ ਤੁਰ ਕੇ ਤਰਨ-ਤਾਰਨ, ਗੋਬਿੰਦਵਾਲ, ਦੁਆਬੇ ਅਤੇ ਮਾਲਵੇ ਵਿੱਚ ਦੀ ਹੁੰਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਦਿੱਲੀ ਪੁੱਜੇ | ਵਜ਼ੀਰ ਖਾਨ ਤੇ ਗੁੰਚਾ ਬੇਗ ਨੇ ਬਾਦਸ਼ਾਹ ਨੂੰ ਖ਼ਬਰ ਦਿੱਤੀ | ਇਹ ਖ਼ਬਰ ਸੁਣ ਕੇ ਦਿੱਲੀ ਦੇ ਸਿੱਖ ਆਪਦੇ ਦਰਸ਼ਨਾ ਲਈ ਆਏ | ਉਨ੍ਹਾਂ ਨੇ ਆਪਦੇ ਪਿਤਾ ਦੀ ਸ਼ਹੀਦੀ ਦਾ ਦਰਦ ਪ੍ਰਗਟ ਕੀਤਾ ਪਰ ਆਪਣੇ ਸਾਰਿਆ ਨੂੰ ਧੀਰਜ਼ ਦਿੱਤਾ | ਕੁਝ ਚਿਰ ਏਥੇ ਥਿਰ ਕੇ ਬਾਬਾ ਜੀ ਬਾਦਸ਼ਾਹ ਨੂੰ ਮਿਲਣ ਚਲੇ ਗਏ | ਉਸਨੇ ਵਿਖਾਵੇ ਭਰੇ ਆਦਰ ਨਾਲ ਗੁਰੂ ਜੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਤੋਂ ਧਰਮ ਬਾਰੇ ਕਈ ਪੁੱਛਾ ਕੀਤੀਆਂ | ਗੁਰੂ ਜੀ ਦੇ ਉਤਰ ਸੁਣ ਕੇ ਉਹ ਬੜਾ ਖੁਸ਼ ਹੋਇਆ | ਇਕ ਦਿਨ ਬਾਦਸ਼ਾਹ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਗਿਆ | ਜੰਗਲ ਵਿਚੋਂ ਇਕ ਸ਼ੇਰ ਨੇ ਨਿਕਲ ਕੇ ਬਾਦਸ਼ਾਹ ਉਪਰ ਹਲਾ ਕਰ ਦਿੱਤਾ | ਬਾਦਸ਼ਾਹ ਭੇ-ਭੀਤ ਹੋ ਗਿਆ | ਉਸ ਵਿਚ ਭਜਣ ਦੀ ਸ਼ਕਤੀ ਨਾ ਰਹੀ | ਉਸਨੇ ਗੁਰੂ ਜੀ ਨੂੰ ਵਾਸਤਾ ਪਾਇਆ ਮੇਨੂ ਬਚਾਓ !’ ਗੁਰੂ ਜੀ ਨੇ ਤਲਵਾਰ ਲੈ ਕੇ ਸ਼ੇਰ ਉਪਰ ਹਲਾ ਕੀਤਾ ਅਤੇ ਉਸ ਨੂੰ ਢੇਰੀ ਕਰ ਦਿੱਤਾ | ਬਾਦਸ਼ਾਹ ਨੇ ਗੁਰੂ ਜੀ ਧੰਨਵਾਦ ਕੀਤਾ |
ਇਸ ਤੋਂ ਮਗਰੋਂ ਬਾਦਸ਼ਾਹ ਤੇ ਗੁਰੂ ਜੀ ਆਗਰੇ ਗਏ | ਬਾਦਸ਼ਾਹ ਗੁਰੂ ਜੀ ਨੂੰ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ | ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਆਏ ਹਨ | ਉਸ ਨੇ ਸੋਚ-ਵਿਚਾਰ ਕੀਤਾ ਕਿ ਗੁਰੂ ਜੀ ਨੂੰ ਦਬਾਉਣਾ ਚਾਹੀਦਾ ਹੈ ਨਹੀ ਤਾਂ ਗੁਰੂ ਜੀ ਉਸ ਲਈ ਖਤਰਨਾਕ ਸਾਬਿਤ ਹੋਣਗੇ | ਇਸ ਖਿਆਲ ਨਾਲ ਉਸ ਨੇ ਗੁਰੂ ਜੀ ਨੂੰ ਬਾਰਹਾ ਸਾਲ ਕੈਦ ਦਾ ਹੁਕਮ ਦਿੱਤਾ | ਪੰਜ ਸਿੱਖ ਆਪ ਨਾਲ ਗਏ | ਆਪ ਨੂੰ ਗਵਾਲੀਅਰ ਦੇ ਕਿੱਲ੍ਹੇ ਵਿੱਚ ਕੀਤਾ | ਉਸ ਕਿਲ੍ਹੇ ਵਿੱਚ ਅੱਗੇ ਵੀ ੫੨ ਸਿੱਖ ਰਾਜੇ ਕੈਦ ਸਨ | ਗੁਰ ਜੀ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾ ਵਿਚ ਬੇਚੈਨੀ ਪੈਦਾ ਹੋ ਗਈ | ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਮੁਲਾਕਾਤ ਤੇ ਖ਼ਬਰ ਸੁਰਤਾ ਲਈ ਭੇਜਿਆ ਗੁਰੂ ਜੀ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਤੇ ਕਿਹਾ ਅਸੀਂ ਬੜੇ ਅਨੰਦ ਵਿਚ ਰਹਿੰਦੇ ਤੇ ਇਕਾਂਤ ਵਿੱਚ ਨਾਪ ਜਪਦੇ ਹਾਂ | ਸਾਡੇ ਕਰਕੇ ਸਾਡੇ ਸਾਥੀ ਸਿੱਖ ਸੁੱਖੀ ਹਨ, ਉਹ ਗੁਰੂ ਨਾਨਕ ਦੇ ਲੜ ਲੱਗ ਗਏ ਹਨ | ਅਸੀਂ ਛੇਤੀ ਆ ਜਾਵਗੇ, ਕਰਤਾਰ ਨੂੰ ਚੇਤੇ ਰਖੋ |’
ਕਿਲ੍ਹੇ ਦਾ ਦਰੋਗਾ, ਹਰੀ ਦਾਸ ਗੁਰੂ ਘਰ ਦਾ ਪ੍ਰੇਮੀ ਸੀ | ਚੰਦੂ ਨੇ ਹਰੀ ਦਾਸ ਨੂੰ ਬਹੁਤ ਸਾਰਾ ਲਾਲਚ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਜਹਿਰ ਦੇ ਕੇ ਮਾਰ ਦਿਓ | ਉਸ ਨੇ ਉਹ ਚਿੱਠੀ ਗੁਰੂ ਜੀ ਦੇ ਅੱਗੇ ਧਰ ਦਿੱਤੀ | ਕੁਝ ਚਿਰ ਮਗਰੋਂ ਚੰਦੂ ਨੇ ਸੁੰਦਰ, ਪਰ ਮਾਰੂ ਜਹਿਰ ਵਾਲੇ ਬਸਤਰ ਹਰੀ ਦਾਸ ਨੂੰ ਭੇਜੇ ਅਤੇ ਕਿਹਾ ਇਹ ਗੁਰੂ ਜੀ ਨੂੰ ਪਹਿਨਾ ਦਿਓ ਪਰ ਹਰੀ ਦਾਸ ਨੇ ਇਹ ਚਿਠੀ ਵੀ ਗੁਰੂ ਜੀ ਦੇ ਅਗੇ ਰਖ ਦਿੱਤੀ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਕੈਦ ਵਿਰੁਧ ਸਿੱਖਾ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਲਈ ਨੇਕ ਦਿਲ ਮੁਸਲਮਾਨਾ ਨੇ ਵੀ ਅਵਾਜ਼ ਉਠਾਈ | ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ |ਇਹ ਹੁਕਮ ਲੈ ਕੇ ਵਜ਼ੀਰ ਖਾਨ ਗਵਾਲੀਅਰ ਪਹੁੰਚਿਆ | ਗੁਰੂ ਜੀ ਦੀ ਰਿਹਾਈ ਦਾ ਹੁਕਮ ਆਇਆ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਅਸੀਂ ਇਕਲੇ ਨਹੀ ਜਾਵਗੇ, ਸਗੋਂ ਆਪਣੇ ੫੨ ਰਾਜਿਆਂ ਨੂੰ ਨਾਲ ਲੈ ਕੇ ਜਾਵਣਗੇ | ਵਜ਼ੀਰ ਖਾਨ ਨੇ ਇਹ ਗੱਲ ਦਿੱਲੀ ਆ ਕੇ ਬਾਦਸ਼ਾਹ ਨੂੰ ਦਸੀ | ਬਾਦਸ਼ਾਹ ਨੇ ਕਿਹਾ ਕਿ ਜਿਨੇ ਰਾਜੇ ਗੁਰੂ ਜੀ ਦਾ ਹਥ ਜਾਂ ਪੱਲਾ ਫੜ ਕੇ ਬਾਹਰ ਆ ਸਕਣ ਛਡ ਦਿੱਤੇ ਜਾਣ | ਉਸ ਸਮੇ ਗੁਰੂ ਜੀ ੫੦ ਕਲੀਆਂ ਵਾਲਾ ਜਾਮਾ ਪਹਿਨਦੇ ਸਨ | ੫੨ ਕੈਦੀ ਰਾਜਿਆਂ ਨੂੰ ਨਿਰਾਸਤਾ ਜਿਹੀ ਹੋ ਗਈ ਕਿ ਗੁਰੂ ਜੀ ਦਾ ਪਲਾ ਫੜ ਕੇ ਕਿਨੇ ਕੁ ਕੈਦੀ ਬਾਹਰ ਜਾ ਸਕਦੇ ਹਨ ਪਰ ਆਪਣੇ ੫੨ ਰਾਜਿਆ ਨੂੰ ਆਪਣੇ ਹੱਥ ਫੜਾ ਲਏ ਅਤੇ ਸਭ ਨੂੰ ਨਾਲ ਲੈ ਕੇ ਕਿਲ੍ਹੇ ਤੋਂ ਬਾਹਰ ਆ ਗਏ | ਉਸ ਦਿਨ ਤੋਂ ਆਪ ਦਾ ਨਾਂ ਬੰਦੀ ਛੋੜ ਕੈਦੀ ਛਡਾਉਣ ਵਾਲਾ ਪੈ ਗਿਆ | ਉਸ ਕਿਲ੍ਹੇ ਵਿੱਚ ਇਕ ਤਾਲ ਦੇ ਕੰਢੇ ਇਕ ਅਸਥਾਨ ਬਣਿਆ ਹੋਇਆ ਕਾਇਮ ਹੈ ਏਥੇ ਲੋਹੇ ਦੀ ਫੱਟੀ ਉਪਰ ਬੰਦੀ ਛੋੜ ਦਾਤਾ ਸ਼ਬਦ ਲਿਖੇ ਹੋਏ ਹਨ |
ਗੁਰੂ ਜੀ ਗਵਾਲੀਅਰ ਦੇ ਕਿਲੇ ਤੋਂ ਦਿੱਲੀ ਪੁੱਜੇ ਅਤੇ ਮਜਨੂੰ ਦੇ ਟਿਲੇ ਤੇ ਜਾ ਕੇ ਟਿਕੇ | ਬਾਦਸ਼ਾਹ ਆਪਦੇ ਦਰਸ਼ਨਾਂ ਨੂੰ ਆਇਆ | ਵਜ਼ੀਰ ਖਾਂ ਆਦਿ ਦੇ ਸਾਰੀ ਗੱਲ ਦੱਸਣ ਤੇ ਬਾਦਸ਼ਾਹ ਜਹਾਂਗੀਰ ਨੂੰ ਨਿਸ਼ਚਾ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਉਸ ਨੂੰ ਗਲਤ ਰਾਹ ਪਾਇਆ ਗਿਆ ਸੀ | ਉਸ ਨੇ ਗੁਰੂ ਜੀ ਨੂੰ ਕਸ਼ਟ, ਤਸੀਹੇ ਦੇਣ ਤੇ ਇਸ ਤਰ੍ਹਾਂ ਸ਼ਹੀਦ ਕਰਨ ਦਾ ਸਾਰਾ ਦੋਸ਼ ਚੰਦੂ ਦੇ ਸਿਰ ਥਪਿਆ ਅਤੇ ਸਮੇਂ ਦੀ ਪ੍ਰਚੱਲਤ ਮਰਯਾਦਾ ਮੂਜਬ ਉਸ ਨੂੰ ਗੁਰੂ ਜੀ ਦੇ ਹਵਾਲੇ ਕਰ ਕੇ ਕਿਹਾ, ‘ਤੁਸੀਂ ਇਸ ਤੋਂ ਬਦਲਾ ਲੈਣ ਲਈ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ | ਚੰਦੂ ਦੀਆ ਮੁਸ਼ਕਾ ਤਾੜ ਕੇ ਉਸ ਨੂੰ ਛਿਤਰਾਇਆ ਅਤੇ ਲਾਹੋਰ ਦੇ ਬਜ਼ਾਰਾ ਵਿੱਚ ਫਿਰਾਇਆ ਗਿਆ | ਚਾਰ ਚੁਫੇਰਿਓ ਉਸ ਦੇ ਸਿਰ ਤੇ ਮੂੰਹ ਉਪਰ ਖੇਹ ਤੇ ਸਵਾਹ ਦੇ ਬੁੱਕਾਂ ਦੇ ਬੁੱਕ ਪੈਂਦੇ ਸਨ | ਗੁਰਦਿੱਤੇ ਭੜਭੂੰਜੇ ਨੇ, ਜਿਸ ਨੇ ਚੰਦੂ ਦੇ ਆਖੇ ਲੱਗ ਕੇ ਗੁਰੂ ਅਰਜਨ ਦੇਵ ਜੀ ਉੱਤੇ ਤੱਤੀ ਰੇਤ ਪਾਈ ਸੀ, ਇਸ ਪਾਪੀ ਨੂੰ ਕੜਛਾ ਮਾਰ ਕੇ ਮਾਰ ਘੱਤਿਆ |
ਇਸ ਤੋਂ ਮਗਰੋਂ ਜਹਾਂਗੀਰ ਦੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਸੰਬਧ ਚੰਗੇ ਰਹੇ | ਗਵਾਲੀਅਰ ਤੋਂ ਆਇਆ ਗੁਰੂ ਜੀ ਨੂੰ ਉਸ ਨੇ ਚੋਖਾ ਚਿਰ ਆਪਣੇ ਪਾਸ ਆਦਰ ਭਾ ਨਾਲ ਰੱਖਿਆ, ਉਨ੍ਹਾਂ ਦੀ ਬੜੀ ਕਦਰ ਰਿਹਾ | ਕੁਝ ਚਿਰ ਮਗਰੋਂ ਕਸ਼ਮੀਰ ਜਾਂਦਾ ਹੋਇਆ ਜਹਾਂਗੀਰ ਬਾਦਸ਼ਾਹ ਅੰਮ੍ਰਿਤਸਰ ਵੀ ਆਇਆ | ਉਸ ਨੇ ਗੁਰੂ ਜੀ ਨੂੰ ਕਿਹਾ : ‘ਜੇ ਆਗਿਆ ਕਰੋ, ਤਾਂ ਸ੍ਰੀ ਅਕਾਲ ਤਖਤ ਦੀ ਇਮਾਰਤ ਸ਼ਾਹੀ ਖਰਚ ਤੇ ਮੋਕੰਮਲ ਕਰਵਾ ਦਿੱਤੀ ਜਾਵੇ |’ ਗੁਰੂ ਜੀ ਨੇ ਉੱਤਰ ਦਿੱਤਾ : ਇਹ ਧਰਮ ਤੇ ਨਿਆਂ ਦਾ ਤਖਤ ਹੈ, ਇਸ ਦੀ ਇਮਾਰਤ ਸਿੱਖਾ ਦੀ ਮਹਿਨਤ ਤੇ ਧਰਮ-ਕਿਰਤ ਨਾਲ ਬਣਨੀ ਚਾਹੀਦੀ ਹੈ |’ ਇਸ ਤੋਂ ਮਗਰੋਂ ਜਹਾਂਗੀਰ ਦੇ ਸਮੇਂ ਗੁਰੂ ਜੀ ਪੂਰਨ ਅਮਨ ਵਿੱਚ ਰਹਿ ਸਕੇ ਅਤੇ ਸਿੱਖੀ ਦੇ ਪ੍ਰਚਾਰ ਵੱਲ ਪੂਰਾ-ਪੂਰਾ ਧਿਆਨ ਦੇ ਸਕੇ |

ਗੁਰ-ਪਰਿਵਾਰ – ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਵਿਆਹ ਹੋਏ | ਆਪ ਦਾ ਪਹਿਲਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ, ਸ੍ਰੀ ਮਾਤਾ ਦਮੋਦਰੀ ਜੀ ਨਾਲ ਸੰਮਤ ੧੬੬੧ ਵਿੱਚ ਹੋਇਆ | ਇਨ੍ਹਾਂ ਦੀ ਕੁੱਖੋਂ ਹੇਠ ਲਿਖੀ ਸੰਤਾਨ ਪੈਦਾ ਹੋਈ :
ਬਾਬਾ ਗੁਰਦਿੱਤਾ ਜੀ – ਇਹ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ | ਇਨ੍ਹਾਂ ਦਾ ਜਨਮ ਕੱਤਕ ਸੁਦੀ ੧੫, ਸੰਮਤ ੧੬੭੦ ਨੂੰ ਇਨ੍ਹਾਂ ਦੇ ਮਾਸੀ ਜੀ ਦੇ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ਵਿੱਚ ਹੋਇਆ | ਬਾਬਾ ਗੁਰਦਿੱਤਾ ਜੀ ਨੇ ਧਾਰਮਕ ਅਤੇ ਸ਼ਸਤਰ ਵਿਦਿਆ ਆਪਣੇ ਪਿਤਾ ਜੀ ਦੀ ਨਿਗਰਾਨੀ ਵਿੱਚ ਬੜੇ ਉਤਮ ਢੰਗ ਨਾਲ ਪ੍ਰਾਪਤ ਕੀਤੀ | ਆਪ ਠੀਕ ਹੀ ਸੰਤ ਸੂਰਮੇ ਸਨ | ਇਕ ਪਾਸੇ ਆਪ ਨਾਮ-ਬਾਣੀ ਦੇ ਰਸੀਏ ਤੇ ਚੋਟੀ ਦੇ ਵਿਦਵਾਨ ਸਨ, ਦੂਜੇ ਪਾਸੇ ਨਿਰਭੈ ਤੇ ਦਲੇਰ ਜੋਧੇ ਅਤੇ ਫੋਜੀ ਜਰਨੈਲ ਸਨ | ਛੇਵੀਂ ਪਾਤਸ਼ਾਹੀ ਦੇ ਜੁੱਧਾ ਵਿੱਚ ਇਨ੍ਹਾਂ ਨੇ ਵੀਰਤਾ ਦਿਖਾਈ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਬਾਬਾ ਗੁਰਦਿੱਤਾ ਜੀ ਜੋਗੀਰਾਜ ਬਾਬਾ ਸਿਰੀ ਚੰਦ ਦੇ ਚੇਲੇ ਬਣੇ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ |ਬਾਬਾ ਗੁਰਦਿੱਤਾ ਜੀ ਦਾ ਵਿਆਹ ੨੨ ਵੈਸਾਖ ਸੰਮਤ ੧੬੮੧ ਵਿੱਚ ਸ੍ਰੀ ਨਿਹਾਲ ਕੌਰ (ਅੰਨਤੀ) ਜੀ ਨਾਲ ਹੋਇਆ | ਇਨ੍ਹਾਂ ਦੀ ਕੁੱਖ ਤੋਂ ਦੋ ਪੁੱਤ ਹੋਏ-ਧੀਰਮਲ ਤੇ ਗੁਰੂ ਹਰਿਰਾਇ ਸਾਹਿਬ | ਬਾਬਾ ਜੀ ਦਾ ਦੇਹਾਂਤ ਚੇਤ ਸੁਦੀ ੧੦, ਸੰਮਤ ੧੬੯੫ ਕੀਰਤਪੁਰ ਵਿੱਚ ਹੋਇਆ |
ਬੀਬੀ ਵੀਰੋ ਜੀ – ਇਨ੍ਹਾਂ ਦਾ ਜਨਮ ਸੰਮਤ ੧੬੭੨ ਵਿੱਚ ਅੰਮ੍ਰਿਤਸਰ ਹੋਇਆ | ਜਦ ਬੀਬੀ ਜਵਾਨ ਹੋਈ ਤਾਂ ਮਾਤਾ ਗੰਗਾ ਜੀ ਨੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਕਿਹਾ ਕਿ ਬੀਬੀ ਵੀਰੋ ਲਈ ਵਰ ਦੀ ਭਾਲ ਕਰਨੀ ਚਾਹੀਦੀ ਹੈ | ਗੁਰੂ ਜੀ ਨੇ ਕਿਹਾ : ‘ਮਾਤਾ ਜੀ, ਕਰਤਾਰ ਸਭ ਕੰਮ ਸਵਾਰੇਗਾ |’ ਕੁਝ ਦਿਨ ਮਗਰੋਂ ਮੈਲੇ ਜਿਹੇ ਕੱਪੜੇ ਪਾਈ ਤੇ ਆਪਣੇ ਜਵਾਨ ਪੁੱਤ ਨੂੰ ਨਾਲ ਲਾਈ ਬੈਠਾ ਇਕ ਬੰਦਾ ਗੁਰੂ ਜੀ ਦੀ ਨਜਰ ਪਿਆ | ਗੁਰੂ ਜੀ ਨੇ ਉਨ੍ਹਾਂ ਨੂੰ ਸੱਦਿਆ | ਬੰਦੇ ਦਾ ਨਾਂ ‘ਧਰਮਾਂ’ ਤੇ ਮੁੰਡੇ ਦਾ ਨਾਂ ‘ਸਾਧੂ’ ਸੀ | ਗੁਰੂ ਜੀ ਨੇ ਬੀਬੀ ਵੀਰੋ ਦੀ ਮੰਗਣੀ ਸਾਧੂ ਨਾਲ ਕਰ ਦਿੱਤੀ | ਬੀਬੀ ਜੀ ਦਾ ਵਿਆਹ ਸੰਮਤ ੧੬੯੬ ਵਿਚ ਝਬਾਲ ਪਿੰਡ ਵਿੱਚ ਭਾਈ ਲੰਗਾਹ ਜੀ ਦੇ ਮਕਾਨਾਂ ਵਿੱਚ ਜੁੰਮੇ ਜਿਨ੍ਹਾ ਨੇ ਸ੍ਰੀ ਦਸਮੇਸ਼ ਜੀ ਦੇ ਭੰਗਾਣੀ ਦੇ ਜੁੱਧ ਵਿੱਚ ਬੜੀ ਬੀਰਤਾ ਵਿਖਾਈ |
ਆਰੀ ਅਣੀ ਰਾਇ ਜੀ – ਇਹ ਮਾਘ ਸੰਮਤ ੧੬੭੫ ਵਿੱਚ ਸ੍ਰੀ ਅੰਮ੍ਰਿਤਸਰ ਪੈਦਾ ਹੋਏ | ਇਹ ਤਿਆਗੀ ਸਨ ਅਤੇ ਨਾਮ ਬਾਣੀ ਦੇ ਅਭਿਆਸ ਵਿੱਚ ਲੱਗੇ ਰਹਿੰਦੇ ਸਨ | ਇਹਨਾ ਨੇ ਵਿਆਹ ਨਹੀਂ ਸੀ ਕਰਾਇਆ | ਇਨ੍ਹਾਂ ਦਾ ਦੇਹਾਂਤ ਕੀਰਤਪੁਰ ਵਿੱਚ ਹੋਇਆ | ਸ੍ਰੀ ਮਾਤਾ ਦਮੋਦਰੀ ਜੀ ਦਾ ਦੇਹਾਂਤ ਸੰਮਤ ੧੬੮੮ ਵਿੱਚ ਡਰੋਲੀ ਹੋਇਆ |ਸ੍ਰੀ ਹਰਿਗੋਬਿੰਦ ਸਾਹਿਬ ਦਾ ਦੂਜਾ ਵਿਆਹ ਬਕਾਲਾ ਨਿਵਾਸੀ ਸ੍ਰੀ ਹਰੀਚੰਦ ਜੀ ਦੀ ਸਪੁੱਤਰੀ, ਸ੍ਰੀ (ਮਾਤਾ) ਨਾਨਕੀ ਜੀ, ਨਾਲ ੮ ਵੈਸਾਖ ਸੰਮਤ ੧੬੨੦ ਨੂੰ ਹੋਇਆ | ਇਨ੍ਹਾਂ ਦੀ ਕੁੱਖੋਂ ਦੋ ਪੁੱਤ ਜਨਮੇ – ਬਾਬਾ ਅੱਟਲ ਰਾਇ ਜੀ ਅਤੇ ਸ੍ਰੀ (ਗੁਰੂ) ਤੇਗ ਬਹਾਦਰ ਜੀ | ਮਾਤਾ ਜੀ ਦਾ ਦੇਹਾਂਤ ਸੰਮਤ ੧੭੩੫ ਵਿੱਚ ਕੀਰਤਪੁਰ ਹੋਇਆ |
ਬਾਬਾ ਅਟੱਲ ਰਾਇ – ਇਨ੍ਹਾਂ ਦਾ ਜਨਮ ਸੰਮਤ ੧੬੭੬ ਵਿਚ ਅੰਮ੍ਰਿਤਸਰ ਹੋਇਆ | ਸੰਮਤ ੧੬੮੫ ਵਿੱਚ ਇਨ੍ਹਾਂ ਨੇ ਆਪਣੇ ਇਕ ਮਰ ਗਏ ਖਿਡਾਰੀ ਹਾਣੀ ਨੂੰ ਆਪਣੀ ਸ਼ਕਤੀ ਨਾਲ ਜਿਵਾਲ ਦਿੱਤਾ |ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹ ਨਾਰਾਜ਼ ਹੋਏ | ਇਸ ਤੇ ਬਾਬਾ ਅੱਟਲ ਰਾਇ ਜੀ ਚਾਦਰ ਤਾਣ ਕੇ ਪੈ ਗਏ ਅਤੇ ਜੋਤੀ ਜੋਤਿ ਸਮਾ ਗਏ | ਉਸ ਥਾਂ ਮਗਰੋਂ ਨੋਂ-ਛੱਤਾ ਸ਼ਾਨਦਾਰ ਗੁਰਦੁਆਰਾ ਬਣਿਆ |
ਸ੍ਰੀ ਹਰਗੋਬਿੰਦ ਸਾਹਿਬ ਦਾ ਤੀਜਾ ਵਿਆਹ ਮੰਡਿਆਲੀ ਨਿਵਾਸੀ ਸ੍ਰੀ ਦਇਆ ਰਾਮ ਮਰਵਾਹੇ ਖੱਤਰੀ ਦੀ ਸਪੁੱਤਰੀ,ਸ੍ਰੀ (ਮਾਤਾ) ਮਹਾਂਦੇਵੀ ਜੀ ਨਾਲ ੧੧ ਸਾਵਣ ਸੰਮਤ ੧੬੭੨ ਨੂੰ ਹੋਇਆ | ਗੋਤ-ਨਾਂ ਦੇ ਕਾਰਨ ਇਤਿਹਾਸ ਵਿੱਚ ਇਨ੍ਹਾਂ ਦਾ ਨਾਂ ਮਰਵਾਹੀ ਵੀ ਲਿਖਿਆ ਹੈ | ਇਨ੍ਹਾਂ ਦੀ ਕੁੱਖ ਤੋਂ ਸ੍ਰੀ ਸੂਰਜ ਮੱਲ ਜੀ ਸੰਮਤ ੧੬੭੪ ਵਿੱਚ ਅੰਮ੍ਰਿਤਸਰ ਵਿੱਚ ਕੀਰਤਪੁਰ ਜੋਤੀ ਜੋਤਿ ਸਮਾਏ |

ਗੁਰਸਿੱਖੀ ਦਾ ਪ੍ਰਚਾਰ – ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਸੰਮਤ ੧੬੭੧ (ਸੰਨ ੧੬੧੪) ਵਿਚ ਵਾਪਸ ਆਏ | ਇਸ ਤੋਂ ਮਗਰੋਂ ਜਹਾਂਗੀਰ ਬਾਦਸ਼ਾਹ ਆਪ ਦਾ ਮਿੱਤਰ ਬਣਿਆ ਰਿਹਾ ਤੇ ਉਸ ਨੇ ਆਪ ਦੇ ਕੰਮ ਵਿੱਚ ਕੋਈ ਦਖਲ ਨਾ ਦਿੱਤਾ ਤੇ ਵਿਘਨ ਨਾ ਪਾਇਆ | ਗੁਰੂ ਜੀ ਆਪ ਅਮਨ ਦੇ ਚਾਹਵਾਨ ਸਨ ਅਤੇ ਅਮਨ ਵਿੱਚ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ | ਅਤੇ ਸਿੱਖੀ ਦੇ ਟਿਕਾਣੇ ਜਾਂ ਅਸਥਾਨ ਕਾਇਮ ਕਰਨ ਵੱਲ ਧਿਆਨ ਦਿੱਤਾ | ਸ੍ਰੀ ਗੁਰੂ ਨਾਨਕ ਦੇਵ ਜੀ ਪਿਛੋਂ ਆਪ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਸਿੱਖੀ ਦੇ ਖਾਤਰ ਪੰਜਾਬ ਤੋਂ ਬਾਹਰ ਦੋਰਾ ਕੀਤਾ | ਆਪ ਸਤਿਨਾਮ ਤੇ ਅੰਮ੍ਰਿਤ ਦੇ ਗੱਫੇ ਵਰਤਾਉਂਦੇ ਥਾਂ ਥਾਂ ਪੁੱਜੇ ਅਤੇ ਅਨੇਕਾ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖੀ ਦੇ ਮੰਡਲ ਵਿੱਚ ਲਿਆਉਣ ਵਿੱਚ ਸਫਲ ਹੋਏ|
ਅੰਮ੍ਰਿਤਸਰੋ ਚਲ ਕੇ ਪਹਿਲਾ ਆਪ ਲਾਹੋਰ ਪੁੱਜੇ | ਉਥੋਂ ਜਹਾਂਗੀਰ ਬਾਦਸ਼ਾਹ ਦਾ ਸੱਦਾ ਆਇਆ ਸੀ | ਗੁਰੂ ਜੀ ਨੇ ਆਪਣਾ ਡੇਰਾ ਮੁੰਜ਼ਗੀ ਲਾਇਆ | ਅਗਲੇ ਇਨ ਆਪ ਬਾਉਲੀ ਸਾਹਿਬ ਗਏ ਤੇ ਫੇਰ ਉਸ ਥਾਂ ਗਏ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ ਸਨ | ਇਸ ਥਾਂ ਆਪ ਨੇ ਛੋਟਾ ਜਿਹਾ ਮੰਦਰ ਬਣਵਾਇਆ ਅਤੇ ਭਾਈ ਲੰਗਾਹ ਨੂੰ ਇਸ ਦੀ ਸੇਵਾ ਲਈ ਨੀਅਤ ਕੀਤਾ | ਲਾਹੋਰੋਂ ਚੱਲ ਕੇ ਗੁਜਰਾਂਵਾਲਾ, ਵਜ਼ੀਰਾਬਾਦ ਭਿੰਬਰ ਆਦਿਕ ਥਾਵਾਂ ਤੋਂ ਹੁੰਦੇ ਹੋਏ ਅਤੇ ਹਰ ਥਾਂ ਅਨੇਕਾਂ ਜੀਵਾਂ ਨੂੰ ਗੁਰਸਿੱਖੀ ਦਾਨ ਕਰਦੇ ਹੋਏ ਗੁਰੂ ਜੀ ਕਸ਼ਮੀਰ ਪੁੱਜੇ | ਉਥੇ ਹਕੂਮਤ ਦੇ ਰੋਹਬ ਤੇ ਦਬਾ ਦੇ ਕਾਰਨ ਬਹੁਤ ਸਾਰੇ ਹਿੰਦੂ, ਮੁਸਲਮਾਨ ਬਣ ਚੁਕੇ ਸਨ ਤੇ ਬਣਦੇ ਜਾ ਰਹੇ ਸਨ | ਗੁਰੂ ਜੀ ਦੇ ਪ੍ਰਚਾਰ ਨੇ ਇਸ ਲਹਿਰ ਨੂੰ ਕੇਵਲ ਠੱਲ ਹੀ ਨਾ ਪਾਈ, ਸਗੋਂ ਇਸ ਦਾ ਰੋਂ ਹੀ ਬਦਲ ਦਿੱਤਾ | ਅਨੇਕਾਂ ਹਿੰਦੂਆਂ ਤੋਂ ਇਲਾਵਾ ਹਜ਼ਾਰਾ ਹੀ ਅਜਿਹੇ ਮੁਸਲਮਾਨ ਸਿੱਖ ਬਣੇ ਸਨ | ਗੁਰੂ ਜੀ ਨੇ ਕਸ਼ਮੀਰ ਵਿੱਚ ਗੁਰਸਿੱਖੀ ਵਿੱਚ ਗੁਰਸਿੱਖੀ ਦੇ ਪ੍ਰਚਾਰ ਦਾ ਕੰਮ ਚਾਲੂ ਰੱਖਣ ਲਈ ਭਾਈ ਗੜ੍ਹੀਏ ਨੂੰ ਨੀਯਤ ਕੀਤਾ |
ਗੁਰੂ ਜੀ ਨੇ ਸ਼੍ਰੀਨਗਰ (ਕਸ਼ਮੀਰ) ਰਹਿਣ ਸਮੇਂ ਆਪ ਨੂੰ ਸ਼ਿਵਾ ਜੀ ਮਰਹੱਟੇ ਦੇ ਧਾਰਮਕ ਗੁਰੂ ਸ੍ਰੀ ਸਮ੍ਰਥ ਰਾਮਦਾਸ ਜੀ ਮਿਲੇ | ਗੁਰੂ ਜੀ ਸ਼ਸਤਰ ਪਹਿਨੀ ਤੇ ਘੋੜੇ ਤੇ ਚੜ੍ਹੀ ਸ਼ਿਕਾਰ ਖੇਡ ਕੇ ਵਾਪਸ ਆਏ ਸਨ |ਸ੍ਰੀ ਸਮ੍ਰਥ ਰਾਮਦਾਸ ਜੀ ਨੇ ਕਿਹਾ, ‘ਅਸਾਂ ਸੁਣਿਆ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਬਿਰਾਜਮਾਨ ਹੋ, ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨਦੇ ਹੋ, ਤੁਸਾਂ ਫ਼ੋਜ ਤੇ ਘੋੜੇ ਰੱਖੇ ਹੋਏ ਹਨ, ਤੁਸੀਂ ‘ਸੱਚਾ ਪਾਤਸ਼ਾਹ’ ਅਖਵਾਉਂਦੇ ਹੋ | ਤੁਸੀਂ ਕਿਹੋ ਜਿਹੇ ਸਾਧੂ ਹੋ ?’ ਗੁਰੂ ਜੀ ਨੇ ਉੱਤਰ ਦਿੱਤਾ,’ਬਾਤਨ ਫ਼ਕੀਰੀ, ਜਾਹਰ ਅਮੀਰੀ, ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਕੀ ਭੱਖਿਆ ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ |’ ਇਹ ਉੱਤਰ ਮਹਾਤਮਾ ਰਾਮਦਾਸ ਦੇ ਦਿਲ ਲੱਗਾ ਅਤੇ ਉਨ੍ਹਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤਾ |
ਕੁਝ ਕਸ਼ਮੀਰ ਰਹਿ ਕੇ ਗੁਰੂ ਜੀ ਵਾਪਸ ਮੁੜੇ ਥਾਂ ਥਾਂ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਬਾਰਾਂਮੂਲੇ ਹੁੰਦੇ ਹੋਏ ਪੰਜਾਬ ਵਿੱਚ ਆਏ | ਗੁਜਰਾਤ ਪਹੁੰਚ ਕੇ ਆਪ ਕੁਝ ਚਿਰ ਉਥੇ ਠਹਿਰੇ ਤੇ ਸਿੱਖੀ ਪ੍ਰਚਾਰ ਕਰੇ ਰਹੇ | ਸੈਂਕੜੇ ਹਿੰਦੂ ਤੇ ਮੁਸਲਮਾਨ ਸਿੱਖ ਬਣੇ | ਏਥੇ ਆਪ ਨੂੰ ਪ੍ਰਸਿਧ ਫਕੀਰ ਸ਼ਾਹ ਦੌਲਾ ਮਿਲਿਆ | ਉਸ ਨੇ ਗੁਰੂ ਜੀ ਦੇ ਮੀਰੀ ਤੇ ਪੀਰੀ ਵਾਲਾ ਠਾਠ-ਬਾਠ ਵੇਖ ਕੇ ਉਨ੍ਹਾਂ ਤੇ ਚਾਰ ਸਵਾਲ ਕੀਤੇ :
(੧) ਔਰਤ ਕੀ ਤੇ ਪੀਰੀ ਕੀ ? (੨) ਪੁੱਤਰ ਕੀ ਤੇ ਵੈਰਾਗ ਕੀ ? (੩) ਦੋਲਤ ਕੀ ਤੇ ਤਿਆਗ ਕਿ ?
ਉਸ ਦਾ ਮਤਲਬ ਗੁਰੂ ਜੀ ਨੂੰ ਇਹ ਕੁਝ ਜਿਤਾਉਣ ਦਾ ਸੀ, ‘ਆਪ ਨੂੰ ਫ਼ਕੀਰੀ, ਪੀਰੀ, ਵੈਰਾਗ ਅਤੇ ਤਿਆਗ ਦਾ ਮਾਲਕ ਕਿਹਾ ਜਾਂਦਾ ਹੈ, ਪਰ ਇਹ ਗੱਲ ਠੀਕ ਨਹੀਂ | ਫਕੀਰ ਤਾਂ ਮੁਸਲਮਾਨ ਹੀ ਹੋ ਸਕਦੇ ਹਨ, ਤੁਸੀਂ ਹਿੰਦੂ ਹੋ, ਇਸ ਕਰਕੇ ਤੁਸੀਂ ਫਕੀਰ ਨਹੀ ਹੋ ਸਕਦੇ |’ ਵਿਆਹੇ ਹੋਏ ਹੋਣ ਕਰਕੇ ਤੁਸੀਂ ਪੀਰੀ ਦੇ ਹੱਕਦਾਰ ਨਹੀਂ, ਤੁਹਾਡਾ ਬਾਲ-ਬੱਚਾ ਤੇ ਪਰਵਾਰ ਹੈ, ਇਸ ਕਰਕੇ ਤੁਸੀਂ ਵੈਰਾਗੀ ਨਹੀਂ ਕਹੇ ਜਾ ਸਕਦੇ |’ ਤੁਸੀਂ ਧੰਨ ਦੋਲਤ ਵਾਲੇ ਹੋ, ਫਿਰ ਤੁਸੀਂ ਤਿਆਗੀ ਕਿਵੇਂ ਅਖਵਾ ਸਕਦੇ ਹੋ ? ਗੁਰੂ ਜੀ ਨੇ ਇਨ੍ਹਾਂ ਚਹੁੰਆਂ ਪ੍ਰਸ਼ਨਾਂ ਦੇ ਉੱਤਰ ਇਹ ਦਿੱਤੇ :
(੧) ਔਰਤ ਇਮਾਨ | (੨) ਪੁੱਤਰ ਨਿਸ਼ਾਨ | (੩) ਦੋਲਤ ਗੁਜ਼ਾਰਨ | (੪) ਫਕੀਰ ਨਾ ਹਿੰਦੂ ਨਾ ਮੁਸਲਮਾਨ |
ਗੁਰੂ ਜੀ ਦਾ ਭਾਵ ਇਹ ਸੀ ਇਨਸਾਨ ਦੀ ਇਸਤਰੀ ਉਸ ਦਾ ਆਚਰਨ ਕਾਇਮ ਰੱਖਣ ਵਿੱਚ ਸਹਾਈ ਹੁੰਦੀ ਹੈ, ਪੁੱਤਰ ਉਸ ਦੀ ਯਾਦਗਾਰ ਕਾਇਮ ਰੱਖਦੇ ਹਨ, ਧਨ-ਦੋਲਤ ਉਸ ਦੇ ਗੁਜ਼ਾਰੇ ਵਾਸਤੇ ਜਰੂਰੀ ਹੁੰਦਾ ਹੈ ਅਤੇ ਫਕੀਰ ਤਾਂ ਰੱਬ ਦਾ ਪਿਆਰਾ ਹੁੰਦਾ ਹੈ | ਉਹ ਨਾ ਹਿੰਦੂ ਹੈ, ਨਾ ਮੁਸਲਮਾਨ, ਉਹ ਸਭ ਧਰਮਾਂ ਤੇ ਧਰਮਾਂ ਵਾਲਿਆਂ ਨੂੰ ਇਕੋ ਜਿਹਾ ਜਾਣਦਾ ਗਿਣਦਾ ਹੈ | ਗੁਜਰਾਤੋਂ ਤੁਰ ਕੇ ਸ੍ਰੀ ਹਰਿਗੋਬਿੰਦ ਸਾਹਿਬ ਵਜ਼ੀਰਾਵਾਦ, ਭਾਈ ਕੇ ਮੱਟੂ, ਹਾਫਜਾਬਾਦ, ਸ਼ਰਕਪੁਰ ਆਦਿ ਤੋਂ ਹੁੰਦੇ ਆਪ ਨਨਕਾਣੇ ਸਾਹਿਬ ਪੁੱਜੇ | ਉਥੇ ਆਪ ਨੇ ਸਭ ਗੁਰ ਅਸਥਾਨਾ ਦੀ ਸੰਭਾਲ ਦਾ ਪ੍ਰਬੰਧ ਕੀਤਾ | ਫੇਰ ਗੁਰੂ ਜੀ ਅੰਮ੍ਰਿਤਸਰ ਆ ਗਏ |
ਪੀਲੀਭੀਤ(ਉੱਤਰ ਪ੍ਰਦੇਸ਼) ਦੇ ਪਾਸ ਜੋਗੀਆਂ ਦਾ ਵੱਡਾ ਅਸਥਾਨ ਗੋਰਖਮਤਾ ਸੀ | ਏਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧਾ ਜੋਗੀਆਂ ਨਾਲ ਗੋਸ਼ਟ ਕਰ ਕੇ ਉਨ੍ਹਾਂ ਨੂੰ ਹਰਾਇਆ ਸੀ, ਜਿਸ ਕਰਕੇ ਉਸ ਥਾਂ ਦਾ ਨਾਂ ਨਾਨਕ ਮਤਾ ਪੈ ਗਿਆ | ਜੋਗੀ ਫੇਰ ਜ਼ੋਰ ਫੜ ਗਏ ਅਤੇ ਗੁਰਦੁਆਰੇ ਦੇ ਸਿੱਖ ਸੇਵਕ ਤੰਗ ਕਰਨ ਲੱਗ ਪਏ | ਉਸ ਅਸਥਾਨ ਦੀ ਸੇਵਾ ਭਾਈ ਅਲਮਸਤ ਕਰਦਾ ਸੀ | ਉਸਨੇ ਗੁਰੂ ਜੀ ਨੂੰ ਖ਼ਬਰ ਭੇਜੀ ਕਿ ਜੋਗੀਆਂ ਨੇ ਗੁਰੂ ਸਥਾਨ ਦੀ ਨਿਰਾਦਰੀ ਕੀਤੀ ਹੈ | ਇਹ ਖ਼ਬਰ ਸੁਣ ਕੇ ਗੁਰੂ ਜੀ ਸੂਰਬੀਰ ਸਿੱਖੀ ਨੂੰ ਨਾਲ ਲੈ ਕੇ ਗੁਰੂ ਜੀ ਨਾਨਕ ਮਤੇ ਪਹੁੰਚ ਗਏ | ਜੋਗੀ ਡਰਦੇ ਭੱਜ ਗਏ | ਗੁਰੂ ਜੀ ਨੇ ਗੁਰਦੁਆਰਾ ਬਣਾਇਆ ਅਤੇ ਸਿੱਖੀ ਦਾ ਕੇਂਦਰ ਫੇਰਜੈ ਅਤੇ ਸਿੱਖੀ ਦਾ ਕੇਂਦਰ ਫੇਰ ਮਜਬੂਤੀ ਸਾਹਿਤ ਕਾਇਮ ਕੀਤਾ | ਇਸ ਇਕਾਕੇ ਦੇ ਰਾਜੇ ਰਾਜ ਬਹਾਦਰ ਨੇ ਗੁਰੂ ਜੀ ਦੇ ਦਰਸ਼ਨ ਕੀਤੇ |
ਕੁਝ ਚਿਰ ਮਗਰੋਂ ਗੁਰੂ ਜੀ ਨਾਲਾਗੜ੍ਹ, ਦੂਨ ਤੇ ਪਹਾੜੀ ਇਲਾਕੇ ਦਾ ਦੋਰਾ ਕੀਤਾ ਅਤੇ ਸਭ ਥਾਈ ਅਨੇਕਾ ਹਿੰਦੂ ਮੁਸਲਮਾਨਾ ਨੂੰ ਗੁਰਸਿੱਖੀ ਦਾ ਦਾਨ ਦਿੱਤਾ | ਫੇਰ ਮਾਲਵਾ ਦਾ ਦੋਰਾ ਕੀਤਾ ਅਤੇ ਬਾਦ ਚ ਪਿੰਡ ਡਰੋਲੀ, ਜ਼ਿਲ੍ਹਾ ਫਿਰੋਜਪੁਰ ਵਿਚ ਠਹਿਰੇ | ਉਥੇ ਵੀ ਅਨਾ ਨੇ ਸਿੱਖੀ ਧਾਰਨ ਕੀਤੀ|

ਰਚੇ ਅਸਥਾਨ – ਸਿੱਖ ਗੁਰੂ ਜੀ ਇਕ ਪਾਸੇ ਤਾਂ ਉਪਦੇਸ਼ਾ ਤੇ ਪੂਰਨਿਆਂ ਰਾਹੀ ਲੋਕਾ ਦੇ ਜੀਵਨ ਉੱਚੇ ਸੁੱਚੇ ਕਰਨ ਅਤੇ ਉਨ੍ਹਾਂ ਦੇ ਦਿੱਲਾ ਵਿਚ ਅਣਖ, ਦਲੇਰੀ ਤੇ ਨਿਰਭੈਤਾ ਦੇ ਭਾਵ ਤੋਂ ਆਜ਼ਾਦੀ ਲਈ ਪਿਆਰ ਪੈਦਾ ਕਰਨੇ ਚੁਾਹੁੰਦੇ ਸਨ ਅਤੇ ਦੂਜੇ ਪਾਸੇ ਵਿਹਾਰ ਦਾ ਕੇਂਦਰ ਵਸਾ ਕੇ,ਲੋਕਾ ਵਿੱਚ ਕਾਰ ਵਿਹਾਰਾ ਤੇ ਸੁਦਾਗਰੀ ਵਪਾਰ ਵਿੱਚ ਪਾ ਕੇ, ਦੇਸ਼ ਦੀ ਤੇ ਦੇਸ਼ ਵਾਲਿਆ ਦੀ ਆਰਥਿਕ ਹਾਲਤ ਸੁਧਾਰਨ ਦਾ ਜਤਨ ਕਰਦੇ ਸਨ | ਆਪ ਨੇ ਹੇਠ ਲਿਖੇ ਸਥਾਨ ਬਣਾਏ ਤੇ ਨਗਰ ਵਸਾਏ :-
(੧) ਲੋਹਗੜ੍ਹ – ਇਹ ਕਿਲ੍ਹਾ ਅੰਮ੍ਰਿਤਸਰ ਦੀ ਰੱਖਿਆ ਲਈ ਬਣਾਇਆ ਗਿਆ ਸੀ
(੨) ਸ੍ਰੀ ਅਕਾਲ ਤਖਤ ਸਾਹਿਬ,ਸ੍ਰੀ ਅਮ੍ਰਿਤਸਰ |
(੩) ਡੇਹਰਾ ਸਹਿਬ, ਲਾਹੋਰ – ਲਾਹੋਰ ਦੇ ਪਾਸ ਜਿਸ ਥਾਂ ਪੰਜਵੇ ਸਤਿਗਰੂ ਜੀ ਜੋਤੀਜੋਤਿ ਸਮਾਏ ਸਨ ਉਸ ਥਾ ਤੇ ੧੬੬੯ ਨੂੰ ਯਾਦਗਾਰੀ ਅਸਥਾਨ ਕਾਇਮ ਕੀਤਾ ਗਿਆ |
(੪) ਕੀਰਤਪੁਰ-ਜ਼ਿਲ੍ਹਾ ਹੁਸ਼ਿਆਰਪੁਰ- ਤਹਿਸੀਲ ਅਨੰਦਪੁਰ ਦੇ ਪਹਾੜੀ ਇਲਾਕੇ ਵਿਚ ਸਤਲੁਜ ਦੇ ਕੰਢੇ ਤੇ ਇਹ ਨੱਗਰ ਗੁਰੂ ਹਰਿ ਗੋਬਿੰਦ ਸਾਹਿਬ ਨੇ ੧੬੮੩ ਵਿੱਚ ਵਸਾਇਆ |
(੫) ਮਹਿਰਾਜ(ਮਰਾਝ) – ਇਹ ਨੱਗਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੮੪(ਸੰਨ ੧੬੨੭) ਵਿੱਚ ਵਸਾਇਆ | ਇਹ ਜ਼ਿਲ੍ਹਾ ਫਿਰੋਜਪੁਰ ਵਿਚ ਬਾਹੀਏ ਦਾ ਸਭ ਤੋਂ ਵੱਡਾ ਨੱਗਰ ਹੈ |
(੬) ਕੋਲਸਰ – ਇਹ ਸਥਾਨ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਸੰਮਤ ੧੬੮੪ ਵਿਚ ਤਿਆਰ ਕਰਵਾਇਆ
(੭) ਸ੍ਰੀ ਬਿਬੇਕਸਰ – ਇਹ ਸਰੋਵਰ ਸ੍ਰੀ ਅੰਮ੍ਰਿਤਸਰ ਵਿੱਚ ਸ੍ਰੀ ਰਾਮਸਰ ਦੇ ਪਾਸ ਹੈ | ਸ੍ਰੀ ਹਰਿਗੋਬਿੰਦ ਸਾਹਿਬ ਨੇ ਬਿਬੇਕੀ ਬਿਹਂਰਮਾਂ ਦੇ ਟਿਕਣ ਲਈ ਸੰਮਤ ੧੬੮੫ ਵਿੱਚ ਤਿਆਰ ਕਰਵਾਇਆ |
(੮) ਸ੍ਰੀ ਹਰਿਗੋਬਿੰਦਪੁਰ-ਇਹ ਸਥਾਨ ਗੁਰੂ ਅਰਜਨ ਦੇਬ ਜੀ ਨੇ ੧੬੫੪ ਦੇ ਕਰੀਬ ਵਸਾਇਆ | ਇਸ ਆ ਨਾਂ ਸ੍ਰੀ ਗੋਬਿੰਦਪੁਰ ਰੱਖਿਆ | ਮਗਰੋਂ ਹਰਿਗੋਬਿੰਦ ਸਾਹਿਬ ਜੀ ਸੰਮਤ ੧੬੮੭ ਵਿਚ ਆਏ, ਫੇਰ ਇਸ ਸ੍ਤਾਹਾਂ ਦਾਨ ਹਰਿਗੋਬਿੰਦਪੁਰ ਪੈ ਗਿਆ |
(੯) ਗੁਰੂ-ਸਰ – ਇਸ ਤਾਲ ਆਪ ਜੀ ਨੇ ਮਹਿਰਾਜ(ਮਰਾਝ) ਦੇ ਯੁਧ ਦੀ ਜਿੱਤ ਦੀ ਯਾਦਗਾਰ ਵਜੋਂ ਤਿਆਰ ਕਰਵਾਇਆ |

ਸ੍ਰੀ ਹਰਿਗੋਬਿੰਦ ਸਾਹਿਬ ਦੇ ਜੰਗ -(੧) ਅੰਮ੍ਰਿਤਸਰ, ਪਿਪਲੀ ਸਾਹਿਬ ਦੀ ਜੰਗ, (੨) ਸ੍ਰੀ ਹਰਿਗੋਬਿੰਦਪੁਰ ਦੀ ਜੰਗ (੩) ਗੁਰੂ-ਸਰ ਮਹਿਰਾਜ ਦੀ ਜੰਗ, (੪) ਕਰਤਾਰਪੁਰ ਦੀ ਜੰਗ |

ਸੱਚ-ਖੰਡ ਵਾਪਸੀ – ਜਦੋਂ ਸ੍ਰੀ ਗੁਰੂ ਹਰੋਗੋਬਿੰਦ ਸਾਹਿਬ ਨੇ ਜਾਣਿਆ ਕਿ ਸਾਡਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ, ਤਾਂ ਆਪ ਨੇ ਆਪਣੇ ਮਗਰੋਂ ਗੁਰ-ਗੱਦੀ ਦੀਆਂ ਜੁੰਮੇਵਾਰੀਆਂ ਸੰਭਾਲਣ ਵਾਲੇ ਦੀ ਚੋਣ ਕੀਤੀ | ਆਪ ਦੇ ਪੰਜ ਸਾਹਿਬਜ਼ਾਦੇ ਸਨ – ਬਾਬਾ ਗੁਰਦਿੱਤਾ ਜੀ, ਸ੍ਰੀ ਸੂਰਜ ਮੱਲ ਜੀ, ਸ੍ਰੀ ਅਣੀ ਰਾਇ ਜੀ, ਬਾਬਾ ਅੱਟਲ ਰਾਇ ਜੀ ਅਤੇ ਸ੍ਰੀ ਤੇਗ ਬਹਾਦਰ ਜੀ | ਇਹਨਾਂ ਵਿਚੋਂ ਤਿੰਨ ਬਾਬਾ ਗੁਰਦਿੱਤਾ ਜੀ, ਬਾਬਾ ਅੱਟਲ ਰਾਇ ਜੀ ਤੇ ਸ੍ਰੀ ਅਨੀ ਰਾਇ ਜੀ ਜੋਤੀ ਜੋਤਿ ਸਮਾ ਚੁੱਕੇ ਸਨ | ਸ੍ਰੀ ਸੂਰਜ ਮੱਲ ਜੀ ਦਾ ਝਕਾਅ (ਉਲੇਰ) ਬਹੁਤਾ ਦੁਨੀਆਂਦਾਰੀ ਵੱਲ ਸੀ | ਸ੍ਰੀ ਤੇਗ ਬਹਾਦਰ ਜੀ ਬਹੁਤੇ ਤਿਆਗੀ ਸੁਭਾਅ ਵਾਲੇ ਸਨ | ਸਮੇਂ ਦੀ ਮੰਗ ਅਜੇ ਹੋਰ ਸੀ | ਗੁਰੂ ਜੀ ਦੇ ਦੋ ਪੋਤਰੇ ਸਨ ਜੋ ਬਾਬਾ ਗੁਰਦਿੱਤਾ ਜੀ ਦੇ ਪੁੱਤ ਸਨ | ਇਹ ਸਨ ਧੀਰਮਲ ਤੇ ਸ੍ਰੀ ਹਰਿਰਾਇ ਜੀ | ਧੀਰਮੱਲ ਗੁਰੂ ਘਰ ਦਾ ਵਿਰੋਧੀ ਤੇ ਗੱਦਾਰ ਸੀ ਅਤੇ ਵੈਰੀਆ ਨਾਲ ਗੰਢ-ਤੁੱਪ ਕਰਦਾ ਰਹਿੰਦਾ ਸੀ | ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤਿਆਰ ਕਰਵਾਇਆ ਸ੍ਰੀ ਗ੍ਰੰਥ ਸਾਹਿਬ ਛੇਵੇ ਪਾਤਸ਼ਾਹ ਕਰਤਾਰਪੁਰ(ਜਲੰਧਰ) ਛੱਡ ਆਏ ਸਨ | ਜਦ ਉਸ ਨੇ ਪਿਤਾ ਬਾਬਾ ਗੁਰਦਿੱਤਾ ਜੀ ਦਾ ਦੇਹਾਂਤ ਹੋਇਆ, ਤਾਂ ਗੁਰੂ ਜੀ ਨੇ ਉਸ ਨੂੰ ਸਦ ਭੇਜਿਆ ਤੇ ਕਿਹਾ ਕਿ ਸ੍ਰੀ ਗ੍ਰੰਥ ਸਾਹਿਬ ਨਾਲ ਲਈ ਆਇਓ ਤਾਂ ਜੁ ਤੁਹਾਡੇ ਪਿਤਾ ਜੀ ਦੇ ਨਮਿਤ ਪਾਠ ਕੀਤਾ ਕਰਾਇਆ ਜਾਵੇ, ਪਰ ਉਹ ਨਾ ਆਇਆ | ਹੋਰ ਵੀ ਕਈ ਮੋਕਿਆ ਤੇ ਉਸ ਨੇ ਗੁਰੂ ਜੀ ਦੀ ਆਗਿਆ ਭੰਗ ਕੀਤੀ ਸੀ | ਇਸ ਕਰਕੇ ਉਸ ਦੇ ਗੁਰੂ-ਗੱਦੀ ਲਈ ਵਿਚਾਰੇ ਜਾਨ ਦਾ ਸਵਾਲ ਜੀ ਨਹੀ ਸੀ ਉੱਠਦਾ |ਗੁਰੂ ਜੀ ਦੇ ਛੋਟੇ ਪੁਤਰ ਸ੍ਰੀ ਹਰਿ ਰਾਇ ਸਾਹਿਬ ਜੀ, ਹਰ ਤਰ੍ਹਾਂ ਗੁਰ-ਗੱਦੀ ਦੀਆਂ ਜੁੰਮੇਵਾਰੀਆਂ ਨਿਭਾਉਣ ਦੇ ਯੋਗ ਸਨ, ਇਸ ਕਰਕੇ ਉਨ੍ਹਾਂ ਨੂੰ ਹੀ ਆਪ ਨੇ ਗੁਰ-ਗੱਦੀ ਤੇ ਬਿਰਾਜਣ ਲਈ ਚੁਣਿਆ |
ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਚੇਤ ਸੁਦੀ ਪੰਚਮੀ (੬ ਚੇਤ) ਸੰਮਤ ੧੭੦੧, ਮੁਤਾਬਕ ੩ ਮਾਰਚ ਸੰਨ ੧੬੪੪ ਨੂੰ ਐਤਵਾਰ ਵਾਲੇ ਦਿਨ ਜੋਤੀ-ਜੋਤਿ ਸਮਾਏ |
ਆਪ ਦੇ ਦੇਹ ਤਿਆਗਣ ਤੇ ਆਪ ਦੇ ਚਰਨ-ਕੰਵਲਾਂ ਦੇ ਭੋਰੇ ਬਿਹਬਲ ਹੋ ਗਏ | ਬਹੁਤ ਸਾਰੇ ਤਾਂ ਆਪ ਦੇ ਸਰੀਰ ਦੇ ਨਾਲ ਚਿੱਖਾ ਵਿੱਚ ਪੈਣਾ ਲੋਚਦੇ ਸਨ | ਦੋਂਹ ਜਣਿਆ-ਇਕ ਰਾਜਪੂਤ ਤੇ ਇਕ ਜੱਟ – ਨੇ ਤਾਂ ਚਿਖਾ ਤੇ ਧਰੀ ਗੁਰੂ ਜੀ ਦੀ ਦੇਹ ਉਦਾਲੇ ਪ੍ਰਕਰਮਾ ਕਰਦੇ ਰਹੇ ਅਤੇ ਅੰਤ ਨੂੰ ਗੁਰੂ ਜੀ ਦੇ ਚਰਨਾਂ ਨਾਲ ਚਿੰਬੜ ਗਏ | ਉਨ੍ਹਾ ਦੇ ਸਰੀਰ ਅੱਗ ਦੀ ਭੇਟ ਹੋ ਗਏ ਅਤੇ ਉਨ੍ਹਾਂ ਦੀਆਂ ਆਤਮਾਂ ਗੁਰੂ ਜੀ ਦੀ ਭਾਲ ਵਿੱਚ ਉਡਾਰੀ ਲਾ ਗਈਆਂ | ਹੋਰ ਵੀ ਅਨੇਕਾਂ ਸਿੱਖ ਇਹੋ ਕੁਝ ਕਰਨਾ ਚਾਉਂਦੇ ਸਨ, ਪਰ ਸ੍ਰੀ ਗੁਰੂ ਹਰਿਰਾਇ ਜੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਧੀਰਜ ਦਿੱਤੀ | ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਦੇਹ ਦਾ ਸਸਕਾਰ ਕੀਰਤਪੁਰ ਵਿਚ ਸਤਲੁਜ ਦੇ ਕੰਢੇ ਕੀਤਾ ਗਿਆ ਉਸ ਥਾਂ ਦਾ ਨਾਂ ਪਤਾਲਪੁਰੀ ਹੈ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY