Shri Guru Har Rai Ji

2193

ਸ੍ਰੀ ਗੁਰੂ ਹਰ ਰਾਇ ਜੀ (Shri Guru Har Rai Ji)

ਜਨਮ – ਮਾਘ ਸੁਦੀ 13 (19 ਮਾਘ) ਸੰਮਤ 1686, ਮੁਤਾਬਕ 16 ਜਨਵਰੀ, 1630 (ਸਨਿਚਰਵਾਰ) |

ਜਨਮ ਅਸਥਾਨ – ਸ਼ੀਸ਼ ਮਹਿਲ, ਕੀਰਤਪੁਰ |

ਮਾਤਾ ਪਿਤਾ – ਬਾਬਾ ਗੁਰਦਿੱਤਾ ਜੀ ਤੇ ਮਾਤਾ ਸ੍ਰੀ ਨਿਹਾਲ ਕੌਰ ਜੀ(ਅੰਨਤੀ, ਨਤੀ) |

ਗੁਰਿਆਈ – ਕੀਰਤਪੁਰ, ਚੇਤ ਸੁਦੀ 10, (11 ਚੇਤ) ਸੰਮਤ 1701 |

ਵਿਆਹ – ਅਨੂਪ ਸ਼ਹਿਰ (ਉੱਤਰ ਪ੍ਰਦੇਸ਼); ਸ੍ਰੀ ਦਇਆ ਰਾਮ ਦੀ ਸਪੁੱਤਰੀ ਸ੍ਰੀ ਮਾਤਾ ਕ੍ਰਿਸ਼ਨ ਕੌਰ (ਸੁਲਖਣੀ) ਜੀ ਨਾਲ, ਹਾੜ ਸੁਦੀ 3, ਸੰਮਤ 1697 ਨੂੰ |

ਸੰਤਾਨ – ਸ੍ਰੀ ਰਾਮ ਰਾਇ ਤੇ ਗੁਰੂ ਹਰ ਰਾਇ ਜੀ |

ਸਚ- ਖੰਡ ਵਾਪਸੀ – ਕਤੱਕ ਵਦੀ 9 (5 ਕਤੱਕ 1718) , 6 ਅਕਤੂਬਰ ਸੰਨ 1661, ਕੀਰਤਪੁਰ |

ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ
(ਸੰਮਤ ੧੬੮੬ – ੧੭੧੮, ਸੰਨ ੧੬੩੦ – ੧੬੬੧)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ – ਸ੍ਰੀ ਗੁਰੂ ਹਰਿਰਾਇ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ | ਆਪ ਦਾ ਜਨਮ ਮਾਘ ਸੁਦੀ ੧੩ ਸੰਮਤ ੧੬੮੬ ਨੂੰ ਮਾਤਾ ਨਿਹਾਲ ਕਰੋ* ਜੀ ਦੀ ਕੁਖੋਂ ਕੀਰਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ | ਉਸ ਦਿਨ ਸ਼ਨੀਚਰਵਾਰ ਸੀ, ਮਾਘ ਮਹੀਨੇ ਸੰਮਤ ੧੬੮੬ ਦੀ ੧੯ ਅਤੇ ਅੰਗਰੇਜ਼ੀ ਸੰਨ ੧੬੩੦ ਦੇ ਮਹੀਨਾ ਜਨਵਰੀ ਦੀ ੧੬ ਤਰੀਕ ਸੀ |

ਪੜ੍ਹਾਈ ਸਿਖਲਾਈ – ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਪੜ੍ਹਾਈ ਸਿਖਲਾਈ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰਾਂ ਦੀ ਨਿਗਰਾਨੀ ਵਿੱਚ ਹੋਈ | ਆਪ ਨੂੰ ਧਾਰਮਕ ਵਿੱਦਿਆ ਤੇ ਗੁਰਬਾਣੀ ਵਿਚਾਰ ਦੇ ਨਾਲ ਨਾਲ ਸ਼ਸਤਰਾ ਦੀ ਵਰਤੋਂ ਅਤੇ ਬੀਰਤਾ ਵਾਲੇ ਹੋਰ ਕਰਤਬ ਅਭਿਆਸ ਸਿਖਾਉਣ ਪਕਾਉਣ ਦਾ ਵੀ ਪ੍ਰਬੰਧ ਕੀਤਾ ਗਿਆ | ਛੋਟੀ ਉਮਰ ਤੋਂ ਹੀ ਆਪ ਸੰਤ-ਸੁਭਾਅ, ਉੱਚੀ ਆਤਮਕ ਦ੍ਰਿਸ਼ਟੀ ਅਤੇ ਦਇਆ ਤੇ ਪ੍ਰੇਮ ਨਾਲ ਭਰਪੂਰ ਕੋਮਲ ਹਿਰਦੇ ਵਾਲੇ ਸਨ ਪਰ ਨਾਲ ਹੀ ਆਪ ਸਰੀਰ ਦੇ ਤਕੜੇ ਬਲਵਾਨ ਅਤੇ ਬੀਰਤਾ ਦੇ ਪੁੰਜ ਵੀ ਸਨ | ਆਪ ਫੋਲਾਦ ਵਾਂਗ ਸਖ਼ਤ ਅਤੇ ਫੁੱਲਾਂ ਦੀ ਤਰਾਂ ਨਰਮ ਗੁਣਾ ਦੇ ਮਾਲਕ ਸਨ |

ਹਿਰਦੇ ਦੀ ਕੋਮਲਤਾ – ਆਪ ਹੀ ਹਿਰਦੇ ਦੀ ਕੋਮਲਤਾ ਬਾਰੇ ਆਪ ਦੇ ਬਾਲਪਨ ਦੇ ਇਕ ਸਾਖੀ ਪ੍ਰਸਿੱਧ ਹੈ | ਉਹ ਇਸ ਪ੍ਰਕਾਰ ਹੈ – ਇਕ ਦਿਨ ਆਪ ਕਰਤਾਰਪੁਰ (ਜਲੰਧਰ)ਦੇ ਬਾਗ ਵਿਚ ਟਹਿਲ ਰਹੇ ਸਨ | ਯਕਾ ਯਕ ਤੇਜ਼ ਹਵਾ ਝੁੱਲ ਪਈ | ਆਪ ਖੁੱਲ੍ਹਾ ਸਾਰਾ ਜਾਮਾ ਪਹਿਨਿਆ ਕਰਦੇ ਸਨ | ਇਸ ਦੇ ਹਵਾ ਨਾਲ ਖਿੰਡਣ ਦੇ ਕਾਰਣ ਕੁਝ ਫੁੱਲ ਟੁੱਟ ਕੇ ਭੋਂ ਉਤੇ ਡਿੱਗ ਪਏ | ਪਤੀਆਂ ਘੱਟੇ ਵਿਚ ਖਿੱਲਰ ਗਈਆਂ | ਇਹ ਵੇਖ ਕੇ ਆਪ ਦੁਖੀ ਜਿਹੇ ਹੋ ਕੇ ਬੂਟਿਆਂ ਪਾਸ ਖੜੋ ਗਏ ਅਤੇ ਮਨ ਵਿਚ ਕਹਿਣ ਲਗੇ, ਇਹ ਸੁੰਦਰ ਫੁੱਲ ਟਾਹਣੀਆ ਨਾਲ ਲੱਗੇ ਕਿਆ ਚੰਗੇ ਲੱਗਦੇ ਸਨ | ਮੇਰੇ ਜਾਮੇ ਨਾਲ ਇਹ ਟੁੱਟ ਕੇ ਘੱਟੇ ਮਿੱਟੀ ਵਿੱਚ ਵੀ ਅੰਤ ਨੂੰ ਜਾਨ ਹੈ | ਸੁੰਦਰਤਾ ਦਾ ਮਿੱਟੀ ਰੁਲਣਾ ਦੁਖਦਾਈ ਗੱਲ ਹੈ |
ਸ੍ਰੀ ਹਰਰਾਇ ਜੀ ਇਨ੍ਹੀਂ ਸੋਚੀ ਪਏ ਖੜੇ ਸਨ ਕਿ ਛੇਵੇਂ ਸਤਿਗੁਰੂ ਜੀ ਉਥੇ ਆ ਗਏ | ਉਨ੍ਹਾਂ ਨੇ ਆਪਣੇ ਕੋਮਲ-ਚਿਤ ਤੇ ਖੁਸ਼-ਦਿਲ ਪੋਤਰੇ ਇਸ ਤਰਾਂ ਸਹਿਮੇ ਜਿਹੇ ਖੜੇ ਹੋਣ ਦਾ ਕਾਰਨ ਪੁੱਛਿਆ | ਸ੍ਰੀ ਹਰਰਾਇ ਜੀ ਨੇ ਜਾਮੇ ਨਾਲ ਅੜ ਕੇ ਫੁੱਲਾਂ ਦੇ ਟੁੱਟ ਕੇ ਮਿੱਟੀ ਵਿੱਚ ਡਿੱਗ ਪੈਣ ਤੋਂ ਪੈਦਾ ਹੋਏ ਆਪਣੇ ਦਿਲ ਦੇ ਦੁੱਖ ਦੀ ਗੱਲ ਦੱਸੀ | ਅਗੋਂ ਸਤਿਗੁਰੂ ਜੀ ਬੋਲੇ : ‘ਬੇਟਾ ! ਜਦ ਅਜਿਹਾ ਜਾਮਾ ਪਈਏ ਜਿਹੜਾ ਖਿੰਡ ਕੇ ਦੂਰ ਤੀਕ ਪੁੱਜ ਸਕਦਾ ਹੋਵੇ ਤੇ ਕੋਮਲ ਵਸਤਾਂ ਨੂੰ ਨੁਕਸਾਨ ਪੁਚਾ ਸਕਦਾ ਹੋਵੇ, ਤਾਂ ਆਪਣੇ ਜਾਮੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ |’
ਇਨ੍ਹਾਂ ਸ਼ਬਦਾ ਰਾਹੀਂ ਮੀਰੀ ਪੀਰੀ ਦੇ ਮਾਲਕ, ਸੂਰਬੀਰਤਾ ਦੇ ਪੁੰਜ, ਜੁੱਧਾ ਤੇ ਜੇਤੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੋਣਹਾਰ, ਸੂਰਬੀਰ, ਸੰਤ ਸਿਪਾਹੀ ਪੋਤਰੇ ਨੂੰ ਇਹ ਸਿੱਖਿਆ ਦਿੱਤੀ ਕਿ ਬੰਦੇ ਨੂੰ ਆਪਣੀ ਤਾਕਤ ਦੀ ਸੋਚ-ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ | ਸੁਤੇ-ਸਿੱਧ ਜਾਂ ਵਿੱਸਰ-ਭੋਲੇ ਵੀ ਕਿਸੇ ਨੂੰ ਅਜਾਈਂ ਦੁੱਖ ਤਕਲੀਫ਼ ਦੇਣੋਂ ਸੰਕੁਚ ਕਰਨਾ ਚਾਹੀਦਾ ਹੈ| ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜੁੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਸੋਘੇ ਹੋ ਕੇ ਵਿਚਰਨਾ-ਵਰਤਣਾ ਚਾਹੀਦਾ ਹੈ |ਸ੍ਰੀ ਹਰਰਾਇ ਸਾਹਿਬ ਨੇ ਦਾਦਾ – ਗੁਰੂ ਜੀ ਦਾ ਇਹ ਉਪਦੇਸ਼ ਘੁੱਟ ਕੇ ਪੱਲੇ ਬੰਨ੍ਹਿਆ | ਸਾਰੀ ਉਮਰ ਇਸ ਅਨੁਸਾਰ ਵਰਤੋਂ ਕੀਤੀ ਅਤੇ ਤਾਣ ਹੁੰਦਿਆ ਨਿਤਾਣੇ ਹੋ ਕੇ ਵਰਤ ਕੇ ਵਿਖਾਇਆ | ਆਪ ਕਿਸੇ ਦਾ ਦਿਲ ਦੁਖਾਉਣ ਨੂੰ ਪਾਪ ਸਮਝਦੇ ਸਨ | ਓੁਹ ਸ਼ੇਖ ਫਰੀਦ ਦਾ ਹੇਠ ਲਿਖਿਆ ਸਲੋਕ ਬਹੁਤ ਪ੍ਰੇਮ ਨਾਲ ਉਚਰਿਆ ਕਰਦੇ ਸਨ :
ਸਭਨਾ ਮਨ ਮਾਣਿਕ ਠਾਉਣ ਮੂਲਿ ਮਚਾਂਗਵਾ ||
ਜੇ ਤਓੁ ਪਿਰੀਆ ਦੀ ਸਿਕ ਹਿਆਓੁ ਨਾ ਠਾਹੇ ਕਹੀ ਦਾ ||
ਇਸ ਸਲੋਕ ਦਾ ਅਰਥ ਇਹ ਹੈ ਕਿ ਸਭ ਮਨੁੱਖਾ ਦੇ ਦਿਲ ਮਾਣਕ (ਵਡ-ਮੁਲੇ ਹੀਰੇ) ਹਨ, ਇਨ੍ਹਾਂ ਨੂੰ ਢਾਹੁਣਾ (ਦੁਖਾਉਣਾ) ਪਾਪ ਹੈ | ਜੇ ਤੁਸੀਂ ਪ੍ਰੀਤਮ ਪ੍ਰਮਾਤਮਾ ਨੂੰ ਮਿਲਣ ਦੇ ਚਾਹਵਾਨ ਹੋ, ਤਾਂ ਕਿਸੇ ਦਾ ਦਿਲ ਨਾ ਢਾਹੋ, ਦਿਖਾਓ |
ਇਸੇ ਸੰਬੰਧ ਵਿੱਚ ਆਪ ਫ਼ਾਰਸੀ ਦਾ ਇਕ ਬੰਦ ਵੀ ਪੜ੍ਹਿਆਂ ਕਰਦੇ ਸਨ ਜਿਸ ਵਿੱਚ ਰੱਬ ਇਹ ਗੱਲ ਆਖਦਾ ਦੱਸਿਆ ਗਿਆ ਹੈ – ‘ਮੈ ਤੁਹਾਨੂੰ ਮੰਦਰ ਜਾਂ ਮਸੀਤ ਢਾਉਣ ਦੀ ਆਗਿਆ ਦੇ ਸਕਦਾ ਹਾਂ, ਪਰ ਕਿਸੇ ਦਾ ਦਿਲ ਤੋੜਨਾ ਅਜਿਹਾ ਕੰਮ ਹੈ, ਜੋ ਮੈਂ ਕਦੇ ਵੀ ਜਰਨ ਜਾਂ ਮਨਜ਼ੂਰ ਕਰਨ ਨੂੰ ਤਿਆਰ ਨਹੀ |’
ਇਸ ਦੀ ਵਿਆਖਿਆ ਕਰਦਿਆਂ ਆਪ ਕਿਹਾ ਕਰਦੇ ਸਨ : ‘ਇਹ ਗੱਲ ਹੈ ਵੀ ਠੀਕ | ਢੱਠੇ ਹੋਏ ਮੰਦਰ ਤੇ ਮਸੀਤ ਦੀ ਤਾਂ ਮੁਰੰਮਤ ਜਾਂ ਮੁੜ ਉਸਾਰੀ ਹੋ ਸਕਦੀ ਹੈ, ਪਰ ਢੱਠੇ ਟੁੱਟੇ ਹੋਏ ਦਿਲ ਨੂੰ ਮੁੜ ਸਾਬਤ ਨਹੀਂ ਕੀਤਾ ਜਾ ਸਕਦਾ |’
ਆਪ ਦੀ ਸਾਰੀ ਉਮਰ ਇਕ ਪਾਸੇ ਨਿਰਭੈ, ਸੂਰਬੀਰਤਾ ਅਤੇ ਦੂਜੇ ਪਾਸੇ ਤਰਸ, ਦਇਆ, ਪ੍ਰੇਮ ਤੇ ਕੋਮਲਤਾ ਦਾ ਨਮੂਨਾ ਸੀ | ਵਿਆਹ – ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਵਿਆਹ ਅਨੂਪ ਸ਼ਹਿਰ, ਜ਼ਿਲ੍ਹਾ ਬੁਲੰਦ-ਸ਼ਹਿਰ ਉੱਤਰ ਪ੍ਰਦੇਸ਼, ਨਿਵਾਸੀ ਸ੍ਰੀ ਦਇਆ ਰਾਮ ਦੀ ਸਪੁੱਤਰੀ, ਸ੍ਰੀ ਕ੍ਰਿਸ਼ਨ ਕੌਰ ਨੂੰ ਸੁਲੱਖਣੀ ਜੀ ਲਿਖਿਆ ਵੀ ਮਿਲਦਾ ਹੈ |
ਸ੍ਰੀ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਤੋਂ ਦੋ ਪੁੱਤ ਪੈਦਾ ਹੋਏ – ਸ੍ਰੀ ਰਾਮਰਾਇ ਸੰਮਤ ੧੭੦੩ ਵਿੱਚ ਅਤੇ ਸ੍ਰੀ (ਗੁਰੂ) ਹਰਿ ਕ੍ਰਿਸ਼ਨ ਸਾਹਿਬ ਜੀ ਸੰਮਤ ੧੭੧੩ ਵਿੱਚ | ਸ੍ਰੀ ਗੁਰੂ ਹਰਿਰਾਇ ਜੀ ਦੇ ਜੀਵਨ ਸੰਬਧੀ ਇਕ ਗਲਤ ਗੱਲ ਪ੍ਰਚਲਤ ਕੀਤੀ ਗਈ ਹੈ, ਓੁਹ ਇਹ ਕਿ ਆਪ ਨੇ ਉੱਪਰ ਦੱਸੀ ਥਿਤ ਜਾਂ ਤਰੀਕ ਨੂੰ ਸ੍ਰੀ ਦਇਆ ਰਾਮ ਦੀਆਂ ਸੱਤਾਂ ਧੀਆਂ ਨਾਲ ਵਿਆਹ ਕਰਾਇਆ | ਇਹ ਗੱਲ ਕਿਸੇ ਨੇ ਸੂਰਜ ਪ੍ਰਕਾਸ਼ ਦੇ ਇਕ ਖਰੜੇ ਵਿੱਚ ਘਸੋੜ ਛਡੀ ਹੈ ਤੇ ਓੁਹ ਵੀ ਅਜਿਹੇ ਪੱਤਰਿਆਂ ਉਪਰ ਜਿਨ੍ਹਾਂ ਉਪਰ ਅੰਕ ਨੰਬਰ ਨਹੀਂ ਪਾਏ | ਸੂਰਜ ਪ੍ਰਕਾਸ਼ ਦੇ ਹੋਰ ਖਰੜਿਆ ਜਾ ਨਕਲਾਂ ਵਿੱਚ ਇਕੋ ਵਿਆਹ ਲਿਖਿਆ ਹੈ ਤੇ ਇਹ ਗ੍ਰੰਥ ਸੂਰਜ ਪ੍ਰਕਾਸ਼ ਤੋਂ ਕੀਤੇ ਪਹਿਲਾ ਦੀ ਲਿਖਤ ਹੈ |
ਇਸ ਬਾਰੇ ਇਕ ਹੋਰ ਗੱਲ ਵੀ ਵਿਚਾਰ ਨ ਵਾਲੀ ਹੈ ਕਿ ਵਿਆਹ ਸਮੇਂ ਗੁਰੂ ਜੀ ਦੀ ਉਮਰ ਸਾਢੇ ਦਸਾਂ ਸਾਲਾ ਤੋਂ ਘੱਟ ਸੀ | ਜੇ ਉਸ ਦਿਨ ਇਕ ਆਦਮੀ ਦੀਆਂ ਸੱਤ ਧੀਆਂ ਨਾਲ ਆਪ ਜੀ ਦੀ ਸ਼ਾਦੀ ਹੋਈ ਮੰਨ ਲਈ ਜਾਵੇ ਅਤੇ ਇਹ ਵੀ ਮੰਨ ਲਿਆ ਜਾਵੇ ਕਿ ਸਭ ਤੋਂ ਵੱਡੀ ਲੜਕੀ ਜੇ ਆਪ ਤੋਂ ਛੋਟੀ ਨਹੀਂ ਤਾਂ ਆਪ ਦੇ ਹਾਣ ਦੀ ਜਰੂਰ ਹੋਵੇਗੀ, ਤਾਂ ਸਭ ਤੋਂ ਛੋਟੀ ਨਹੀਂ ਤਾਂ ਆਪ ਦੇ ਹਾਣ ਦੀ ਜਰੂਰ ਹੋਵੇਗੀ, ਤਾਂ ਸਭ ਤੋਂ ਛੋਟੀ ਲੜਕੀ ਦੀ ਉਮਰ ਉਸੇ ਵੇਲੇ ਵੱਧ ਤੋਂ ਵੱਧ ਮਸਾਂ ਸਵਾ ਜਾਂ ਡੇਢ ਸਾਲ ਬਣਦੀ ਹੈ | ਕਿਹੜੇ ਮਾਪੇ ਹਨ – ਧੇਤੇ ਜਾਂ ਪੁਤੇਤੇ – ਜੋ ਇਸ ਤਰਾਂ ਦੇ ਵਿਆਹ ਕਰਨੇ ਮੰਨ ਲੈਣ ?

ਗੁਰ-ਗੱਦੀ – ਅੱਗੇ ਦੱਸ ਆਏ ਹਾਂ ਕਿ ਕਿਵੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਮਗਰੋਂ ਗੁਰ ਗੱਦੀ ਦੀਆਂ ਜੁੰਮੇਵਾਰੀਆ ਸੰਭਾਲਣ ਲਈ ਆਪਣੇ ਸਾਹਿਬਜ਼ਾਦਿਆ – ਸ੍ਰੀ ਸੂਰਜ ਮੱਲ ਤੇ ਸ੍ਰੀ ਤੇਂਗ ਬਹਾਦਰ ਅਤੇ ਆਪਣੇ ਛੋਟੇ ਪੋਤਰੇ ਧੀਰਮੱਲ ਨੂੰ ਇਕ ਪਾਸੇ ਛੱਡ ਕੇ, ਵੱਡੇ ਪੋਤਰੇ, ਆਪਣੇ ਸ੍ਰੀ ਹਰਿਰਾਇ ਸਾਹਿਬ ਨੂੰ ਚੁਣਿਆ |
ਛੇਵੇਂ ਸਤਿਗੁਰੂ ਚੇਤ ਸੁਦੀ ੫ (੬ ਚੇਤ) ਸੰਮਤ ੧੭੦੧ (ਮੁਤਾਬਕ ੩ ਮਾਰਚ ਸੰਨ ੧੬੪੪) ਨੂੰ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾਏ | ਉਸ ਤੋਂ ਪੰਜ ਦਿਨ ਮਗਰੋਂ ਚੇਤ ਸੁਦੀ ੧੦ (੧੧ ਚੇਤ) ਸੰਮਤ ੧੭੦੧ ਮੁਤਾਬਕ ੮ ਮਾਰਚ ਸੰਨ ੧੬੪੪ ਨੂੰ ਸ਼ੁੱਕਰਵਾਰ ਵਾਲੇ ਦਿਨ, ਗੁਰਿਆਈ ਦੀ ਰਸਮ ਅਦਾ ਕੀਤੀ ਗਈ | ਬਾਬਾ ਬੁੱਢਾ ਜੀ ਦੇ ਸਪੁੱਤਰ ਅਤੇ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਗ੍ਰੰਥੀ, ਭਾਈ ਭਾਨਾ ਜੀ ਨੇ ਆਪ ਨੂੰ ਗੁਰਿਆਈ ਦਾ ਤਿਲਕ ਲਗਾਇਆ | ਸਾਰੀ ਸੰਗਤ ਨੇ ਆਪ ਅੱਗੇ ਮੱਥਾ ਟੇਕਿਆ |
ਨਿੱਤ ਨੇਮ – ਗੁਰੂ ਹਰਿਰਾਇ ਸਾਹਿਬ ਨਾਮ, ਦਾਨ ਤੇ ਇਸ਼ਨਾਨ ਦੇ ਨਿੱਤ ਨੇਮ ਵਿੱਚ ਆਪ ਪੱਕੇ ਰਹਿਣ ਦਾ ਉਪਦੇਸ਼ ਦਿਆ ਕਰਦੇ ਸਨ | ਇਸ ਸਬੰਧ ਵਿੱਚ ਆਪ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਕਥਨ ਬੜੇ ਪ੍ਰੇਮ ਨਾਲ ਉਚਾਰਿਆ ਕਰਦੇ ਸਨ, ਆਪਣਾ ਜੀਵਨ ਇਨ੍ਹਾਂ ਮੁਤਾਬਕ ਢਾਲਦੇ ਸਨ ਅਤੇ ਗੁਰਸਿੱਖ ਨੂੰ ਅਜਿਹਾ ਕਰਨ ਦੀ ਪ੍ਰੇਰਨਾ ਕਰਦੇ ਸਨ –
ਪਿਛਲੇ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ | ਮੀੱਠਾ ਬੋਲਣ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ | ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ | ਘਾਲਿ ਖਾਏ ਸੁਕ੍ਰਿਤ ਕਰੇ ਵੱਡਾ ਹੋਇ ਨਾ ਆਪੁ ਗਣਾਏ | ਸਾਧਸੰਗਤਿ ਮਿਲਿ ਗਾਵਦੇ ਰਾਤਿ ਦਿਹੈ ਨਿਤ ਚਲਿ ਚਲਿ ਜਾਏ | ਸ਼ਬਦ ਸੁਰਤਿ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ | ਆਸਾ ਵਿਚਿ ਨਿਰਾਸੁ ਵਲਾਏ ||੧੫|| (ਵਾਰ ੨੮)

ਲੰਗਰ – ਗਰੀਬਾਂ ਤੇ ਲੋੜਵੰਦਾ ਦੀ ਸੇਵਾ ਸੰਭਾਲ ਵੱਲ ਆਪ ਨੇ ਖਾਸ ਧਿਆਨ ਦਿੱਤਾ | ਜੋ ਵੀ ਆਪ ਜੀ ਦੇ ਦਰਸ਼ਨਾ ਲਈ ਆਉਂਦੇ, ਆਪ ਉਨ੍ਹਾ ਲਈ ਆਉਂਦੇ, ਆਪ ਉਨਾਂ ਤੋਂ ਪੁੱਛਦੇ, ‘ਕਿ ਤੁਸੀਂ ਆਪਣੀ ਘਰੀਂ ਲੰਗਰ ਚਲਾਉਂਦੇ ਤੇ ਵੰਡ ਕੇ ਛਕਿਆ ਕਰਦੇ ਹੋ ?’ ਇਸ ਤਰਾਂ ਆਪ ਸਭ ਤਾਈ ਇਹ ਪ੍ਰਗਟ ਕਰ ਦੇਂਦੇ ਕਿ ਲੰਗਰ ਚਲਾਉਂਦੇ ਸਿੱਖਾ ਦੀ ਰਹਿਣੀ ਦਾ ਜਰੂਰੀ ਅੰਗ ਹੈ |ਜਿਹੜੇ ਸਿੱਖ ਆਪੋ-ਆਪਣੀ ਪਿੰਡੀ ਲੰਗਰ ਚਲਾਉਂਦੇ ਸਨ | ਉਨ੍ਹਾਂ ਨੂੰ ਇਕ ਦਿਨ ਗੁਰੂ ਜੀ ਨੇ ਪੁੱਛਿਆ : ‘ਤੁਸੀਂ ਕਿਨ੍ਹਾ ਨੇਮਾ ਅਸੂਲਾ ਹੇਠਾਂ ਲੰਗਰ ਤੋਰਦੇ ਹੋ ? ਕੀ ਤੁਸੀਂ ਸਭ ਨੂੰ ਘਰਦਿਆਂ ਵਾਂਗ ਪ੍ਰਸ਼ਾਦ ਛਕਾਉਂਦੇ ਹੋ ? ‘ ਇਕ ਨੇ ਕਿਹਾ : ‘ਜੇ ਲੰਗਰ ਵਰਤਣ ਵੇਲੇ ਕੋਈ ਮੁਸਾਫ਼ਿਰ ਜਾਂ ਗੁਰਸਿੱਖ ਆ ਜਾਵੇ, ਤਾਂ ਮੈਂ ਪਹਿਲਾ ਉਸ ਨੂੰ ਪ੍ਰਸ਼ਾਦ ਛਕਾਉਂਦਾ ਹਾਂ ਅਤੇ ਫੇਰ ਆਪ ਛਕਦਾ ਹਾਂ |’ ਦੂਜੇ ਨੇ ਕਿਹਾ : ‘ਜਦ ਕੋਈ ਮੁਸਾਫ਼ਿਰ, ਸਾਧ ਸੰਤ ਜਾਂ ਗੁਰਸਿੱਖ ਮੇਰੇ ਘਰ ਆਵੇ, ਤਾਂ ਮੈਂ ਆਪਣੇ ਹੱਥੀ ਪ੍ਰਸ਼ਾਦੇ ਪਕਾ ਕੇ ਉਸ ਨੂੰ ਛਕਾਉਂਦਾ ਹਾਂ |’ ਤੀਜੇ ਨੇ ਕਿਹਾ : ‘ਜਦ ਕੋਈ ਮੇਰੇ ਘਰ ਆਵੇ, ਮੈਂ ਪਹਿਲਾ ਉਸ ਦੇ ਚਰਨ ਧੋਂਦਾ ਹਾਂ, ਫੇਰ ਪ੍ਰਸ਼ਾਦ ਛਕਾਉਂਦਾ ਹਾਂ ਤੇ ਫੇਰ ਮੁੱਠੀ ਚਾਪੀ ਕਰਦਾ ਹਾਂ |’ ਚੋਥੇ ਨੇ ਕਿਹਾ : ‘ਜੀ, ਮੈਂ ਘਰ ਆਇਆ ਨੂੰ ਪ੍ਰਸ਼ਾਦ ਛਕਾਉਂਦਾ ਹਾਂ ਅਤੇ ਜਾਣ ਲੱਗਿਆ ਦੇ ਜੋੜੇ ਝਾੜ ਕੇ ਥਾਂ ਸਿਰ ਰੱਖਦਾ ਹਾਂ |’
ਗੁਰੂ ਜੀ ਨੇ ਕਿਹਾ : ‘ਇਹ ਗੱਲ ਛੱਡੋ | ਇਹ ਦੱਸੋ ਕਿ ਜਦ ਲੰਗਰ ਵਰਤ ਚੁੱਕੇ ਤੇ ਕੋਈ ਭੁੱਖਾ ਰਾਹੀਂ (ਜਾਂ ਮੁਸਾਫਰ) ਜਾਂ ਸਿੱਖ ਆ ਜਾਵੇ, ਤਾਂ ਤੁਸੀਂ ਕਿ ਕਰਦੇ ਹੋ ?’ ਸਿੱਖਾ ਨੇ ਉੱਤਰ ਦਿੱਤਾ,’ ਮਿਥੇ ਸਮੇਂ ਤੋਂ ਮਗਰੋਂ ਜਾਂ ਲੰਗਰ ਵਰਤ ਚੁੱਕਣ ਪਿਛੋਂ ਜੇ ਕੋਈ ਆ ਜਾਵੇ,ਤਾਂ ਉਸ ਨੂੰ ਲੰਗਰ ਨਹੀਂ ਛਕਾਇਆ ਜਾਂਦਾ | ਇਸ ਤਰਾਂ ਕਈ ਨਿਰਾਸ਼ ਹੋ ਕੇ ਜਰੂਰ ਮੁੜ ਜਾਂਦੇ ਹਨ |’
ਇਹ ਸੁਣ ਕੇ ਗੁਰੂ ਜੀ ਨੇ ਕਿਹਾ : ‘ਭਾਵੇਂ ਕਿਸੇ ਵੀ ਵੇਲੇ ਕੋਈ ਲੋੜਵੰਦ ਤੁਹਾਡੇ ਦਰ ‘ਤੇ ਜਾ ਲੰਗਰ ਵਿਚ ਆਵੇ, ਉਸ ਨੂੰ ਪ੍ਰਸ਼ਾਦ ਜਰੂਰ ਛਕਾਓੁ ਅਤੇ ਕਿਸੇ ਨੂੰ ਨਿਰਾਸ਼ ਨਾ ਕਰੋ | ਜਿਹੜੇ ਇਸ ਤਰਾਂ ਕਰਨਗੇ, ਉਨ੍ਹਾਂ ਨੂੰ ਗੁਰੂ ਦੀਆਂ ਖੁਸੀਆਂ ਅਤੇ ਲੋਕ-ਪਰਲੋਕ ਦੇ ਸੁਖ ਮਿਲਣਗੇ |
ਇਹ ਮਰਯਾਦਾ ਗੁਰੂ ਕੇ ਲੰਗਰ ਲਈ ਵੀ ਸੀ ਅਤੇ ਸਾਰੇ ਸਿੱਖਾ ਦੀ ਆਪੋ ਆਪਣੀ ਥਾਵੀਂ ਚਲਾਏ ਲੰਗਰਾਂ ਲਈ ਵੀ | ਆਪ ਦਾ ਹੁਕਮ ਸੀ ਕਿ ਹਰੇਕ ਸਿੱਖ ਆਪਣੇ ਘਰ ਦੇਂਗ ਚਲਾਵੇ ਅਤੇ ਜਦੋਂ ਵੀ ਕੋਈ ਲੋੜਵੰਦ ਆ ਜਾਵੇ, ਉਸ ਨੂੰ ਅੰਨ-ਪਾਣੀ ਛਕਾਵੇ ਅਤੇ ਉਸਦੀ ਯੋਗ ਟਹਿਲ-ਸੇਵਾ ਕਰੇ |
ਫ਼ੋਜ – ਜੋਤੀ-ਜੋਤਿ ਸਮਾਉਣ ਤੋਂ ਪਹਿਲਾ ਸ਼੍ਰੀ ਹਰਗੋਬਿੰਦ ਸਾਹਿਬ, ਸ਼੍ਰੀ ਹਰਿਰਾਇ ਸਾਹਿਬ ਨੂੰ ਆਗਿਆ ਕਰ ਗਏ ਸਨ ਕਿ ਜੰਗ ਤਾਂ ਨਾ ਕਰਨੇ,, ਅਮਨ ਸਹਿਤ ਗੁਰਸਿੱਖੀ ਦਾ ਪ੍ਰਚਾਰ ਤੇ ਜਨਤਾ ਦਾ ਓੁਧਾਰ ਕਰਨਾ, ਪਰ ਆਪਣੇ ਪਾਸ ੨੨੦੦ ਸਵਾਰ ਸਦਾ ਤਿਆਰ ਭਰ ਤਿਆਰ ਰੱਖਣੇ | ਆਪ ਨੇ ਅਜਿਹਾ ਹੀ ਕੀਤਾ | ਇਨ੍ਹਾ ਸੂਰਬੀਰ ਸਵਾਰਾ ਤੇ ਉਨ੍ਹਾਂ ਦੇ ਘੋੜਿਆਂ ਦੀ ਖੁਰਾਕ-ਸੰਭਾਲ ਤੇ ਕਸਰਤ ਅਭਿਆਸ ਦਾ ਗੁਰੂ ਜੀ ਖਾਸ ਖਿਆਲ ਰੱਖਦੇ ਸਨ | ਕੀਰਤਪੁਰ ਵਿੱਚ ਇਕ ਗੁਰ-ਅਸਥਾਨ ਚੱਬੁਚਾ ਸਾਹਿਬ ਇਸ ਗੱਲ ਦੀ ਯਾਦਗਾਰ ਹੈ | ਏਥੇ ਵੱਡੇ ਸਾਰੇ ਚਬੁਚੇ ਵਿੱਚ ਘੋੜਿਆ ਲਈ ਦਾਣਾ ਭਿਓੁਂ ਕੇ ਸਤਿਗੁਰੂ ਜੀ ਕਈ ਵਾਰੀ ਆਪਣੇ ਹੱਥੀ ਵਰਤਾਇਆ ਕਰਦੇ ਸਨ |

ਅਨੁੱਖੇ ਸ਼ਿਕਾਰੀ – ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵਾਂਗੂੰ ਸ਼੍ਰੀ ਗੁਰੂ ਹਰਿਰਾਇ ਸਾਹਿਬ ਵੀ ਸ਼ਿਕਾਰ ਦੇ ਪ੍ਰੇਮੀ ਅਤੇ ਤਕੜੇ ਸ਼ਿਕਾਰੀ ਸਨ, ਪਰ ਨਾਲ ਹੀ ਆਪ ਸ਼ਿਕਾਰ ਨੂੰ ਮਾਰਨ ਦੀ ਥਾਂ ਜਿਉਂਦੇ ਫੜਨ ਦਾ ਯਤਨ ਕਰਦੇ ਸਨ | ਜਿਹੜੇ ਜਾਨਵਰ ਫੜੇ ਜਾਂਦੇ ਸਨ, ਉਨ੍ਹਾਂ ਨੂੰ ਆਪਣੇ ਬਾਗ ਵਿੱਚ ਲਿਆ ਕੇ ਉਨ੍ਹਾ ਦੀ ਪਾਲਣਾ ਕਰਦੇ ਕਰਾਉਂਦੇ ਸਨ | ਆਪ ਦਾ ਬਾਗ ਇਸ ਤਰਾਂ ਇਕ ਤਰਾਂ ਦਾ ਚਿੜਿਆ-ਘਰ ਬਣ ਗਿਆ ਸੀ |

ਦਵਾਈਖਾਣਾ – ਸ਼੍ਰੀ ਗੁਰੂ ਹਰਿਰਾਇ ਸਾਹਿਬ ਰੋਗੀ ਤੇ ਦੁੱਖੀ ਦਿਲਾਂ ਨੂੰ ਨਾਮ ਦਾਨ ਦੇ ਕੇ ਅਰੋਗ ਤੇ ਸੁੱਖੀ ਕਰਦੇ ਸਨ | ਉਨ੍ਹਾਂ ਵਿਚੋਂ ਬਦੀਆ ਅੋਗੁਣ ਕੱਢ ਕੇ, ਪਾਪ ਵਾਲੇ ਪਾਸੇ ਦੀਆਂ ਰੁਚੀਆਂ ਨੂੰ ਉੱਚੇ-ਸੁਚੇ ਜੀਵਨ ਵੱਲ ਪ੍ਰੇਰ ਕੇ ਅਤੇ ਢਹਿੰਦੀਆਂ ਕਲਾਂ ਵਾਲੇ ਰਾਹੋਂ ਹਟਾ ਕੇ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਦੀ ਜਾਚ ਦੱਸ ਕੇ ਉਨ੍ਹਾ ਨੂੰ ਨਰੋਏ ਤੇ ਬਲਵਾਨ ਬਣਾਉਂਦੇ ਸਨ | ਨਾਲ ਹੀ ਆਪ ਇਨਸਾਨਾ ਦੇ ਰੋਗੀ ਤਨਾਂ ਦੇ ਰੋਗ ਮਿਟਾਉਣ ਅਤੇ ਉਨ੍ਹਾ ਨੂੰ ਨਰੋਏ ਤੇ ਸੁੱਖੀ ਬਣਾਉਣ ਦਾ ਵੀ ਪ੍ਰਬੰਧ ਕਰਦੇ ਸਨ | ਆਪ ਨੇ ਬੜਾ ਵੱਡਾ ਦਵਾਈਖਾਣਾ ਖੋਲ੍ਹਿਆ ਅਤੇ ਉਸ ਵਿਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰਖੀਆਂ | ਕੋਈ ਰੋਗੀ ਕਿਸੇ ਵੇਲੇ ਵੀ ਆ ਜਾਂਦਾ, ਉਸ ਨੂੰ ਮੁਫਤ ਦਵਾਈ ਤੇ ਖੁਰਾਕ ਮਿਲਦੀ ਅਤੇ ਉਸ ਦੀ ਪ੍ਰੇਮ ਨਾਲ ਟਹਿਲ ਸੇਵਾ ਕੀਤੀ ਜਾਂਦੀ |
ਆਪ ਦਾ ਦਵਾਈਖਾਣਾ ਇਨ੍ਹਾਂ ਪ੍ਰਸਿੱਧ ਹੋ ਗਿਆ ਕਿ ਏਥੋਂ ਦਵਾਈਆਂ ਲੈਣ ਵਾਸਤੇ ਦੂਰੋਂ ਦੂਰੋਂ ਲੋਕ ਆਇਆ ਕਰਦੇ ਸਨ |ਇਕ ਵੇਰ ਜਹਾਨ ਬਾਦਸ਼ਾਹ ਦਾ ਪੁੱਤ, ਦਾਰਾ ਸ਼ਿਕੋਹ, ਸਖ਼ਤ ਬੀਮਾਰ ਹੋ ਗਿਆ | ਹਕੀਮਾਂ ਨੇ ਖਾਸ ਕਿਸਮ ਦੇ ਵਜ਼ਨ ਦੀ ਹਰੜ ਤੇ ਲੋਂਗ ਦਵਾਈ ਲਈ ਤਜਵੀਜ਼ ਕੀਤੇ | ਸ਼ਾਹ ਜਹਾਨ ਨੇ ਸਭ ਥਾਂਵਾਂ ਤੋਂ ਪਤਾ ਕੀਤਾ, ਪਰ ਇਹ ਸ਼ੈਆਂ ਕਿਤਿਓਂ ਨਾ ਮਿਲੀਆਂ | ਅਖ਼ੀਰ ਵਿੱਚ ਉਸ ਨੂੰ ਗੁਰੂ ਜੀ ਦੇ ਦਵਾਈਖਾਣੇ ਦੀ ਦੱਸ ਪਈ | ਰਿਹਾ ਹੈ, ਮੈਂ ਕਿਹੜੇ ਮੂੰਹ ਨਾਲ ਸਵਾਲ ਕਰਾਂ ਤੇ ਓੁਹ ਇਹ ਸ਼ੈਆਂ ਮੈਨੂੰ ਦੇਣ ਵੀ ਕਿੱਥੇ ਲੱਗੇ ਹਨ ? ਪਰ ਅੰਤ ਨੂੰ ਉਸ ਨੇ ਚਿੱਠੀ ਦੇ ਕੇ ਇਕ ਆਦਮੀ ਭੇਜ ਹੀ ਦਿੱਤਾ |
ਬੁਰੇ ਤੇ ਵੈਰੀ ਦਾ ਵੀ ਭਲਾ ਕਰਨਾ ਗੁਰੂ-ਘਰ ਦੀ ਮੁੱਢ ਤੋਂ ਹੀ ਰੀਤੀ ਰਹੀ ਹੈ | ਇਸ ਮੂਜਬ ਸ੍ਰੀ ਗੁਰੂ ਹਰਿਰਾਇ ਜੀ ਨੇ ਲੋੜੀਂਦੀ ਹਰੜ ਤੇ ਲੋਂਗਾ ਦੇ ਦੇਣ ਤੋਂ ਇਲਾਵਾ ਇਕ ਜਗਮੋਤੀ ਵੀ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੀਹ ਕੇ ਨਾਲ ਹੀ ਦੇ ਦੇਣਾ, ਦਵਾਈ ਵਧੇਰੇ ਗੁਣ ਕਰੇਗੀ | ਦਾਰਾ ਸ਼ਿਕੋਹ ਰਾਜ਼ੀ ਹੋ ਗਿਆ | ਉਸ ਨੇ ਕੀਰਤਪੁਰ ਪਹੁੰਚ ਕੇ ਗੁਰੂ ਜੀ ਦਾ ਧੰਨਵਾਦ ਕੀਤਾ | ਗੁਰੂ ਜੀ ਦੇ ਉਪਦੇਸ਼ ਸੁਣ ਕੇ ਅਤੇ ਉਨ੍ਹਾ ਦੇ ਸਿੱਖਾ ਦੀ ਰਹਿਣੀ ਭਹਿਣੀ ਵੇਖ ਕੇ ਉਸ ਦੇ ਮਨ ਉਪਰ ਬੜਾ ਅਸਰ ਹੋਇਆ |

ਦਾਰਾ ਸ਼ਿਕੋਹ ਦੀ ਸਹਾਇਤਾ – ਅੱਗੇ ਦੱਸ ਆਏ ਹਾਂ ਕਿ ਛੇਵੇਂ ਸਤਿਗੁਰੂ ਦੀ ਆਗਿਆ ਮੂਜਬ ਸ੍ਰੀ ਗੁਰੂ ਹਰਿਰਾਇ ਜੀ ਨੇ ੨੨੦੦ ਹਥਿਆਰਬੰਦ ਤੇ ਤਿਆਰ-ਬਰ-ਤਿਆਰ ਸਵਾਰ ਰੱਖੇ ਹੋਏ ਸਨ, ਤਾਂ ਜੁ ਅਚਨਚੇਤ ਲੋੜ ਪੈਣ ਤੇ ਉਨ੍ਹਾ ਨੂੰ ਵਰਤਿਆ ਜਾ ਸਕੇ ਪਰ ਉਂਜ ਆਪ ਅਮਨ ਦੇ ਚਾਹਵਾਨ ਸਨ ਅਤੇ ਅਮਨ ਵਿਚ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਤੇ ਜਗਤ ਦਾ ਉਧਾਰ ਕਰਨਾ ਚਾਉਂਦੇ ਸਨ | ਜਦ ਸ਼ਾਹ ਜਹਾਨ ਅਤੇ ਉਸ ਦੇ ਪੁੱਤ ਵਿਚਕਾਰ ਦਿੱਲੀ ਦੇ ਤਖਤ ਬਾਰੇ ਲੜਾਈ ਛਿੜੀ, ਤਾਂ ਇਕ ਸਮੇਂ ਅਤੀ ਭੀੜ ਵਿੱਚ ਪਏ ਲੋੜਵੰਦ ਤੇ ਭਲੇ ਦੀ ਸਹਾਇਤਾ ਖਾਤਰ ਸ਼੍ਰੀ ਗੁਰੂ ਹਰਿਰਾਇ ਸਾਹਿਬ ਨੂੰ ਆਪਣੀ ਫ਼ੋਜ ਮੈਦਾਨ ਵਿੱਚ ਲਿਆਉਣੀ ਪਈ, ਆਪ ਨੇ ਅਜਿਹਾ ਢੰਗ ਧਾਰਨ ਕੀਤਾ ਕਿ ਸੱਪ ਵੀ ਲਹੂ ਡੁਲ੍ਹਣਾ ਵੀ ਨਾ ਪਵੇ | ਗੱਲ ਇਓੁਂ ਹੋਈ : ਦਾਰਾ ਸ਼ਿਕੋਹ ਔਰੰਗਜੇਬ ਤੋਂ ਹਾਰ ਖਾ ਕੇ ਲਾਹੌਰ ਵੱਲ ਨੂੰ ਭੱਜਾ | ਉਸ ਨੂੰ ਫੜਨ ਲਈ ਔਰੰਗਜੇਬ ਨੇ ਉਸ ਦੇ ਮਗਰ ਫ਼ੋਜ ਲਾਈ | ਜਾਨ ਦੀ ਖਾਤਰ ਨੱਠੇ ਜਾਂਦੇ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਕਿ ਗੁਰੂ ਹਰਿਰਾਇ ਜੀ ਇਸ ਵੇਲੇ ਗੋਂਦਵਾਲ ਹਨ | ਓੁਹ ਉਨ੍ਹਾਂ ਨੂੰ ਮਿਲਿਆ |ਉਸ ਨੇ ਆਪਣੀ ਹਾਲਤ ਦੱਸੀ ਅਤੇ ਬੇਨਤੀ ਕੀਤੀ ਕਿ ਜੇ ਮੇਰੇ ਮਗਰ ਲੱਗੀ ਤੇ ਮਾਰੋ-ਮਾਰ ਕਰਦੀ ਆ ਰਹੀ ਫ਼ੋਜ ਨੂੰ ਤੁਸੀਂ ਇਕ ਦਿਨ ਦਰਿਆਂ ਪਾਰ ਕਰਨੋਂ ਰੋਕ ਛਡੋ, ਤਾਂ ਮੈਂ ਲਾਹੋਰ ਪਹੁੰਚ ਜਾਵਾਂ ਅਤੇ ਮੇਰੀ ਜਾਨ ਬਚ ਜਾਵੇ | ਸ਼ਰਨ ਆਏ ਦੁੱਖੀ ਲੋੜਵੰਦ ਦੀ ਬਾਂਹ ਫੜਨੀ ਤਾਂ ਮੁੱਢ ਤੋਂ ਹੀ ਗੁਰੂ ਨਾਨਕ ਦੇ ਘਰ ਦਾ ਪਹਿਲਾ ਨੇਮ (ਅਸੂਲ) ਰਿਹਾ ਹੈ | ਗੁਰੂ ਹਰਿਰਾਇ ਜੀ ਨੇ ਦਾਰਾ ਸ਼ਿਕੋਹ ਨੂੰ ਧੀਰਜ ਦਿੱਤੀ, ਪ੍ਰਸ਼ਾਦ ਪਾਣੀ ਛਕਾਇਆ ਅਤੇ ਵਿਦਾ ਕੀਤਾ | ਫੇਰ ਆਪ ਆਪਣੇ ੨੨੦੦ ਸਵਾਰ ਲੈ ਕੇ ਬਿਆਸ ਦੇ ਕੰਢੇ ਤੇ ਜਾ ਖੜੋਤੇ ਅਤੇ ਸਭ ਬੇੜੀਆਂ ਆਪਣੇ ਕਾਬੂ ਕਰ ਲਈਆਂ | ਇਸ ਤਰ੍ਹਾਂ ਉਨ੍ਹਾਂ ਨੇ ਔਰੰਗਜੇਬੀ ਫ਼ੋਜ ਨੂੰ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਛੱਡਿਆ | ਇਸ ਤਰਾਂ ਦਾਰਾ ਸ਼ਿਕੋਹ ਨੂੰ ਦਿੱਤਾ ਬਚਨ ਵੀ ਪੂਰਾ ਹੋ ਗਿਆ, ਅੰਮ ਵੀ ਭੰਗ ਨਾ ਹੋਇਆ ਅਤੇ ਕਿਸੇ ਦਾ ਲਹੂ ਵੀ ਨਾ ਡੁਲ੍ਹਿਆ |

ਔਰੰਗਜੇਬ ਤੇ ਰਾਮਰਾਇ – ਭਰਾਵਾਂ ਨੂੰ ਮੁਕਾ ਕੇ ਅਤੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰ ਕੇ, ਔਰੰਗਜੇਬ ਦਿੱਲੀ ਦਾ ਤਖਤ ਮੱਲ ਬੈਠਾ | ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਹਰਿਰਾਇ ਸਾਹਿਬ ਦਾਰਾ ਸ਼ਿਕੋਹ ਦੇ ਮਿੱਤਰ ਸਨ ਅਤੇ ਉਨ੍ਹਾਂ ਨੇ ਉਸ ਦੀ ਸਹਾਇਤਾ ਕੀਤੀ ਸੀ | ਨਾਲੇ ਔਰੰਗਜੇਬ ਕੱਟੜ ਸ਼ਰੱਈ ਮੁਸਲਮਾਨ ਸੀ, ਓੁਹ ਸਾਰੇ ਦੇਸ਼ ਨੂੰ ਮੁਸਲਮਾਨ ਕਰਨਾ ਚਾਉਂਦਾ ਸੀ | ਉਸ ਨੂੰ ਇਹ ਖਿਆਲ ਆਇਆ ਕਿ ਜੇ ਸਿੱਖਾ ਦੇ ਗੁਰੂ ਨੂੰ ਮੁਸਲਮਾਨ ਬਣਾ ਸਕਾਂ, ਤਾਂ ਲੱਖਾਂ ਜੀ ਹਿੰਦੂ ਤੇ ਸਿੱਖ ਇਸਲਾਮ ਕਬੂਲ ਕਰਨ ਲੈਣਗੇ |
ਇਸ ਕਰਕੇ ਤਖਤ ਤੇ ਬਹਿਣ ਮਗਰੋਂ ਛੇਤੀ ਹੀ ਉਸ ਨੇ ਗੁਰੂ ਜੀ ਨੂੰ ਦਿੱਲੀ ਸੱਦ ਭੇਜਿਆ | ਉਸ ਨੇ ਚਿੱਠੀ ਵਿੱਚ ਲਿਖ ਕੇ ਇਹ ਭੇਜਿਆ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹਾਂ |ਗੁਰੂ ਜੀ ਨੇ ਤਾਂ ਜਾਣੋਂ ਉੱਕੀ ਹੀ ਨਾਂਹ ਕਰ ਦਿੱਤੀ | ਉਨ੍ਹਾਂ ਨੇ ਕਿਹਾ : ਮੈਂ ਤਾਂ ਸਹੁੰ ਖਾਧੀ ਹੋਈ ਹੈ ਕਿ ਇਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ | ਫ਼ੇਰ ਮੁੱਖੀ ਸਿੱਖਾ ਨਾਲ ਸਲਾਹ-ਮਸ਼ਵਰਾ ਕਰਨ ਪਿਛੋਂ ਆਪ ਨੇ ਆਪਣੇ ਵੱਡੇ ਸਾਹਿਬਜ਼ਾਦੇ ਸ੍ਰੀ ਰਾਮਰਾਇ ਨੂੰ ਭੇਜਿਆ | ਉਸ ਨੂੰ ਆਪ ਨੇ ਪੱਕੀ ਕੀਤੀ ਸੀ ਕਿ ਉੱਥੇ ਜੋ ਗੱਲ ਪੁੱਛੀ ਜਾਵੇ ਨਿਰਭੈ ਹੋ ਕੇ ਸੱਚ-ਸੱਚ ਕਹਿਣੀ, ਰੋਹਬ ਹੇਠ ਆ ਕੇ ਝੂਠੀ ਬਨਾਉਟ ਨਾ ਕਰਨੀ, ਕਰਾਮਾਤ ਨਾ ਵਿਖਾਉਣੀ, ਕੋਈ ਗੱਲ ਗੁਰੂ ਨਾਨਕ ਦੇਵ ਦੇ ਆਸ਼ੇ ਅਨੁਸਾਰ ਗੱਲ ਕਰੋਗੇ ਸਭ ਠੀਕ ਹੋਵੇਗਾ |
ਜਦ ਰਾਮਰਾਇ ਦਿੱਲੀ ਪੁੱਜਾ, ਤਾਂ ਔਰੰਗਜੇਬ ਨੇ ਉਸ ਦਾ ਚੰਗਾ ਆਦਰ ਕੀਤਾ | ਉਸ ਨੇ ਪੁੱਛਿਆ ਕਿ ਤੁਹਾਡੇ ਪਿਤਾ ਨੇ ਮੇਰੇ ਵੈਰੀ ਦਾਰਾ ਸ਼ਿਕੋਹ ਦੀ ਸਹਾਇਤਾ ਕਿਓੁਂ ਕੀਤੀ ? ਰਾਮ ਰਾਇ ਨੇ ਉੱਤਰ ਦਿੱਤਾ : ‘ਬਾਦਸ਼ਾਹ ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮੁੱਢੋ ਹੀ ਰੀਤ ਹੈ ਕਿ ਜੋ ਵੀ ਸ਼ਰਨ ਆਵੇ ਉਸ ਦੀ ਸਹਾਇਤਾ ਸੇਵਾ ਕੀਤੀ ਜਾਵੇ | ਗੁਰੂ ਨਾਨਕ ਦਾ ਦਰ ਸਭ ਲਈ ਖੁਲ੍ਹਾ ਹੈ | ਜਦ ਬਿਪਤਾ ਵਿਚ ਫਸਿਆ ਤੁਹਾਡਾ ਵੱਡਾ ਭਰਾ ਦਾਰਾ ਸ਼ਿਕੋਹ, ਗੁਰੂ ਜੀ ਦੀ ਸ਼ਰਨੀ ਜਾ ਪਿਆ, ਤਾਂ ਉਸ ਨੂੰ ਲੋੜਵੰਦ ਦੁਖੀਆਂ ਇਨਸਾਨ ਜਾਣ ਕੇ ਉਸ ਦੀ ਮਦਦ ਕੀਤੀ ਗਈ, ਆਪ ਨਾਲ ਵੈਰ-ਭਾਵ ਧਾਰ ਕੇ ਨਹੀਂ, ਉਥੇ ਤਾਂ ਨਾਂ ਕੋਈ ਵੈਰੀ ਹੈ ਨਾ ਬਿਗਾਨਾ |
ਇਸ ਤੋਂ ਮਗਰੋਂ ਔਰੰਗਜੇਬ ਨੇ ਸਿਖ ਧਰਮ ਬਾਰੇ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਉਤਰ ਸ੍ਰੀ ਰਾਮਰਾਇ ਨੇ ਗੁਰੂ ਨਾਨਕ ਦੇਵ ਦੇ ਆਸ਼ੇ ਮੂਜਬ ਦਿੱਤਾ | ਬਾਦਸ਼ਾਹ ਦੀ ਨਿਸ਼ਾ ਹੁੰਦੀ ਗਈ ਅਤੇ ਉਸ ਨੂੰ ਸਿੱਖ ਧਰਮ ਵਿੱਚ ਕੋਈ ਵੀ ਗੱਲ ਇਤਰਾਜ਼ ਯੋਗ ਨਾ ਲੱਭੀ | ਇਕ ਦਿਨ ਉਸ ਨੇ ਕਿਹਾ : ਤੁਹਾਡੇ ਗ੍ਰੰਥ ਸਾਹਿਬ ਵਿੱਚ ਇਹ ਕਿਓੁਂ ਲਿਖਿਆ ਹੈ –
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ || ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ||
ਇਸ ਦੇ ਕੀ ਅਰਥ ਹਨ ? ਕੀ ਇਹ ਪ੍ਰਗਟ ਤੋਰ ਤੇ ਸਾਡੇ ਦੀਨ ਦੀ ਨਿੰਦਿਆ ਨਹੀ ?’ ਰਾਮਰਾਇ ਰੋਹਬ ਵਿੱਚ ਆ ਗਿਆ ਅਤੇ ਗੁਰੂ ਨਾਨਕ ਦੇਵ ਦੇ ਆਸ਼ੇ ਤੋਂ ਖਿੜਕ ਗਿਆ| ਉਸ ਨੂੰ ਖਿਆਲ ਆਇਆ ਕਿ ਬਾਦਸ਼ਾਹ ਨੂੰ ਖੁਸ਼ ਕੀਤਾ ਜਾਵੇ | ਇਸ ਲਈ ਉਸ ਨੇ ਉਤਰ ਦਿੱਤਾ ‘ਬਾਦਸ਼ਾਹ ਸਲਾਮਤ ! ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ | ਬਾਣੀ ਵਿੱਚ ‘ਮਿਟੀ ਮੁਸਲਮਾਨ ਕੀ’ ਨਹੀਂ, ਸਗੋਂ ‘ਮਿਟੀ ਬੇਈਮਾਨ ਕੀ’ ਲਿਖਿਆ ਹੈ | ਇਹ ਸੁਣ ਕੇ ਬਾਦਸ਼ਾਹ ਖੁਸ਼ ਹੋ ਗਿਆ | ਹੋਰ ਵੀ ਗੱਲ-ਬਾਤ ਹੋਈ, ਜਿਸ ਵਿੱਚ ਸ੍ਰੀ ਰਾਮਰਾਇ ਨੇ ਬੜੀ ਚਤੁਰਤਾ ਵਿਖਾਈ | ਬਾਦਸ਼ਾਹ ਨੇ ਰਾਮਰਾਇ ਨੂੰ ਦੂਨ ਦਾ ਇਲਾਕਾ ਜਗੀਰ ਵਜੋਂ ਦਿੱਤਾ ਪਰ ਜਦ ਸ੍ਰੀ ਗੁਰੂ ਹਰਿਰਾਇ ਜੀ ਨੂੰ ਪਤਾ ਲੱਗਾ ਕਿ ਰਾਮਰਾਇ ਨੇ ਬਾਦਸ਼ਾਹ ਨੂੰ ਖੁਸ਼ ਦੀ ਖਾਤਰ ਗੁਰਬਾਣੀ ਦੀ ਤੁੱਕ ਭੰਨੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਦੇ ਆਸ਼ੇ ਦੇ ਵਿਰੁੱਧ ਗੱਲਾਂ ਕੀਤੀਆਂ ਹਨ, ਤਾਂ ਆਪ ਨੂੰ ਬੜਾ ਦੁਖ ਹੋਇਆ | ਆਪ ਨੇ ਫੈਸਲਾ ਕਰ ਲਿਆ ਕਿ ਓੁਹ ਗੁਰ-ਗੱਦੀ ਦੇ ਲਾਇਕ ਨਹੀਂ, ਆਪ ਨੇ ਇਹ ਵੀ ਆਗਿਆ ਕੀਤੀ ਕਿ ਰਾਮਰਾਇ ਸਾਡੇ ਮੱਥੇ ਨਾ ਲੱਗੇ |
ਰਾਮਰਾਇ ਛਿੱਥਾ ਹੋ ਕੇ ਲਾਹੋਰ ਪਹੁੰਚਿਆ | ਉਥੇ ਉਸ ਨੇ ਹਾਕਮਾ ਨੂੰ ਮਿਲ ਕੇ ਗੁਰ-ਗੱਦੀ ਦੀ ਪ੍ਰਾਪਤੀ ਲਈ ਯਤਨ ਅਰੰਭੇ | ਉਸ ਨੇ ਧੀਰਮਲ ਨੂੰ ਵੀ ਖਤ ਲਿਖਿਆ ਕਿ ਤੁਸੀਂ ਗੁਰੂ ਜੀ ਨੂੰ ਆਖੋ ਕਿ ਗੱਦੀ ਮੇਰੇ ਨਿੱਕੇ ਭਰਾ ਨੂੰ ਨਾ ਦੇਣ, ਓਹ ਮੇਰਾ ਹੱਕ ਹੈ, ਮੇਨੂੰ ਦੇਣ, ਨਹੀਂ ਤਾਂ ਨਤੀਜੇ ਬੁਰੇ ਨਿਕਲਣਗੇ | ਰਾਮਰਾਇ ਦੇ ਅਜਿਹੇ ਵਤੀਰੇ ਅਤੇ ਗੁਰੂ-ਘਰ ਦੀ ਵਿਰੋਧਤਾ ਦੇ ਕਰਨ ਗੁਰਸਿੱਖਾ ਨੂੰ ਰਾਮ-ਰਾਈਆਂ ਨਾਲ ਰੋਟੀ – ਬੇਟੀ ਦੀ ਸਾਂਝ ਕਰਨ ਦੀ ਮਨਾਹੀ ਹੈ |

ਸਿੱਖੀ ਪ੍ਰਚਾਰ – ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਆਪਣਾ ਬਹੁਤਾ ਸਮਾਂ ਸਿਖੀ ਦੇ ਪ੍ਰਚਾਰ ਤੇ ਲਾਇਆ | ਆਪ ਨੇ ਕੇਵਲ ਆਪਣੇ ਦਰਬਾਰ ਵਿਚ ਹਾਜ਼ਰ ਹੋਈਆਂ ਦੂਰ-ਦੂਰ ਦੀਆਂ ਸੰਗਤਾ ਨੂੰ ਸਿੱਖੀ ਜੀਵਨ ਦੀ ਜਾਂਚ ਦਸਦੇ, ਸਿੱਖੀ ਦੇ ਆਦਰਸ਼ਾਂ ਤੇ ਸਿਧਾਂਤਾਂ ਦੀ ਵਿਆਖਿਆ ਕਰਦੇ, ਸਿੱਖਾਂ ਦੇ ਸ਼ੰਕੇ ਨਵਿਰਤ ਕਰ ਕੇ ਉਨ੍ਹਾ ਦੇ ਦਿਲਾਂ ਵਿਚ ਸਿਖੀ ਦੀ ਜੋਤ ਜਗਾਉਂਦੇ, ਸਗੋਂ ਆਪ ਨੇ ਦੁਆਬੇ, ਮਾਲਵੇ ਤੇ ਮਾਂਝੇ ਦੇ ਚਕਰ ਵੀ ਲਾਏ : ਅਤੇ ਥਾਂ-ਥਾਂ ਨਾਮ-ਅੰਮ੍ਰਿਤ ਦੇ ਖੁਲ੍ਹੇ ਗੱਫੇ ਵਰਤਾਏ | ਆਪ ਦੀ ਗੁਰਿਆਈ ਸਮੇਂ ਸਿੱਖੀ ਬਹੁਤ ਦੂਰ-ਦੂਰ ਤੀਕ ਫੈਲੀ |
ਇਸ ਤੋਂ ਛੁੱਟ ਗੁਰੂ ਜੀ ਨੇ ਸਿੱਖੀ ਪ੍ਰਚਾਰ ਦਾ ਪੱਕਾ ਤੇ ਜਥੇਬੰਦ ਪ੍ਰਬੰਧ ਵੀ ਕੀਤਾ | ਆਪ ਦੇ ਪਿਤਾ, ਬਾਬਾ ਗੁਰਦਿੱਤਾ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਬਣਨ ਮਗਰੋਂ ਸਿੱਖੀ ਪ੍ਰਚਾਰ ਦੇ ਚਾਰ ਟਿਕਾਣੇ ਜਾਂ ਕੇਂਦਰ ਥਾਪੇ ਸਨ, ਜਿਹਨਾਂ ਨੂੰ ਉਦਾਸੀਆਂ ਦੇ ਚਾਰ ਧੂਏਂ ਜਾਂ ਧੂਣੀਆਂ ਕਹਿੰਦੇ ਹਨ | ਸ੍ਰੀ ਗੁਰੂ ਹਰਿਰਾਇ ਜੀ ਨੇ ਇਸ ਮਨੋਰਥ ਲਈ ਤਿੰਨ ਟਿਕਾਣੇ ਜਾਂ ਕੇਂਦਰ ਹੋਰ ਥਾਪੇ, ਜਿਨ੍ਹਾਂ ਨੂੰ ਬਖਸ਼ਸ਼ਾ ਕਹਿੰਦੇ ਹਨ | ਧੁੰਇਆਂ ਜਾਂ ਧੂਣੀਆਂ ਵਾਂਗੁੰ ਹਰੇਕ ਬਖਸ਼ਸ਼ ਇਕ ਪ੍ਰਸਿੱਧ ਉਦਾਸੀ ਸਿੱਖ ਦੇ ਸਪੁਰਦ ਸੀ| ਓੁਹ ਭਖਸ਼ਸ਼ਾ ਇਹ ਹਨ :
(੧) ਸੁਥਰੇਸ਼ਾਹੀ – ਇਹ ਸੁਥਰੇ ਸ਼ਾਹ ਦੇ ਸਪੁਰਦ ਸੀ | ਬਾਰਾਮੂਲੇ ਦੇ ਪਾਸ ਦੇ ਪਿੰਡ ਬਰਾਮਪੁਰ ਦੇ ਇਕ ਖੱਤਰੀ ਦੇ ਘਰ ਸੰਮਤ ੧੬੭੨ ਵਿੱਚ ਇਕ ਬਾਲਕ ਦੰਦਾ ਸਮੇਤ ਜੰਮਿਆਂ | ਮਾਪਿਆਂ ਨੇ ਇਸਨੂੰ ਵਿਗਨਕਾਰੀ ਸਮਝ ਕੇ ਰੂੜੀ ਉੱਤੇ ਸੁਟ ਦਿੱਤਾ | ਉਥੇ ਪਿਆ ਇਹ ਬਾਲਕ ਕਸ਼ਮੀਰੋਂ ਵਾਪਸ ਆ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰੇ ਪਿਆ | ਗੁਰੂ ਜੀ ਨੇ ਦਇਆ ਕਰ ਕੇ ਉਸ ਨੂੰ ਚੁਕਵਾ ਲਿਆ ਅਤੇ ਬੜੇ ਜਤਨ ਨਾਲ ਪਾਲਿਆ | ਉਸ ਦਾ ਨਾਮ ਆਪ ਜੀ ਨੇ ‘ਸੁਥਰਾ’ ਰੱਖਿਆਂ | ਇਹ ਗੁਰੂ-ਘਰ ਦਾ ਬੜਾ ਪ੍ਰੇਮੀ ਹੋਇਆ ਹੈ,ਇਹ ਬੜਾ ਹਸਮੁੱਖ ਸੀ | ਸ੍ਰੀ ਗੁਰੂ ਹਰਿਰਾਇ ਜੀ ਸਾਹਿਬ ਨੇ ਇਸ ਨੂੰ ਬਖਸ਼ਸ਼ ਕੀਤੀ ਅਤੇ ਸਿੱਖੀ ਪ੍ਰਚਾਰ ਕੀਤਾ ਅਤੇ ਹਰ ਦਮ ‘ਨਾਨਕ ਸ਼ਾਹ, ਧਰਮ ਦਾ ਬੇੜਾ ਬੰਨੇ ਲਾ’ ਦਾ ਸੰਦੇਸ਼ ਦਿੱਤਾ |
(੨) ਭਗਤ ਭਗਵਾਨੀਏ – ਸ੍ਰੀ ਭਗਤ ਭਗਵਾਨ ਦਾ ਪਹਿਲਾ ਨਾਂ ਭਗਵਾਨ-ਗਿਰ ਸੀ | ਓੁਹ ਪੂਰਬ ਤੇ ਬਿਹਾਰ ਵਿੱਚ ਪ੍ਰਸਿੱਧ ਸੰਨਿਆਸੀ ਮਹਾਤਮਾ ਸਨ | ਆਪ ੩੬੦ ਸਾਧੂਆਂ ਦੀ ਮੰਡਲੀ ਲੈ ਕੇ ਪੰਜਾਬ ਆਏ ਅਤੇ ਸ੍ਰੀ ਗੁਰੂ ਹਰਿਰਾਇ ਜੀ ਦੇ ਦਰਸ਼ਨਾ ਲਈ ਕੀਰਤਪੁਰ ਪਹੁੰਚੇ | ਫੇਰ ਆਪ ਬਾਬਾ ਲਖਮੀ ਦਸ ਦੇ ਪੋਤਰੇ (ਸ੍ਰੀ ਗੁਰੂ ਨਾਨਕ ਦੇਵ ਦੇ ਪੜੋਤਰੇ) ਸ੍ਰੀ ਮਿਹਰ ਚੰਦ ਨੂੰ ਡੇਹਰਾ ਬਾਬਾ ਨਾਨਕ ਜਾ ਮਿਲੇ | ਉਨ੍ਹਾ ਦੀ ਸੰਗਤ ਕਰ ਕੇ ਉਨ੍ਹਾਂ ਨੇ ਉਦਾਸੀ ਮੱਤ ਧਾਰਨ ਕੀਤਾ ਅਤੇ ਪ੍ਰਚਾਰ ਦਾ ਕੰਮ ਅਰੰਭਿਆ ਪਰ ਨਾ ਹੀ ਉਨ੍ਹਾ ਦੇ ਆਪਣੇ ਮਨ ਨੂੰ ਸ਼ਾਂਤੀ ਮਿਲੀ ਅਤੇ ਨਾ ਹੀ ਉਨ੍ਹਾ ਦੇ ਪ੍ਰਚਾਰ ਦਾ ਬਹੁਤਾ ਅਸਰ ਹੋਇਆ | ਬਾਬਾ ਮਿਹਰ ਚੰਦ ਦਾ ਬਚਨ ਮੰਨ ਕੇ ਓੁਹ ਮੁੜ ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਏ ਅਤੇ ਸਿੱਖੀ ਦੀ ਦਾਤ ਮੰਗੀ | ਗੁਰੂ ਜੀ ਨੇ ਉਨ੍ਹਾਂ ਨੂੰ ਬਖਸ਼ਸ਼ ਕੀਤੀ, ਉਨ੍ਹਾ ਦੀ ਸੇਵਾ ਭਗਤੀ ਵੇਖ ਕੇ ਉਨ੍ਹਾਂ ਦਾ ਨਾਂ ਭਗਤ ਭਗਵਾਨ ਰੱਖਿਆ ਅਤੇ ਸਿੱਖੀ ਪ੍ਰਚਾਰ ਲਈ ਉਨ੍ਹਾ ਨੂੰ ਪੂਰਬ ਤੇ ਬਿਹਾਰ ਵੱਲ ਭੇਜਿਆ | ਉਨ੍ਹਾ ਨੇ ਬੜੇ ਉਤਸ਼ਾਹ ਨਾਲ ਸਿੱਖੀ ਪ੍ਰਚਾਰ ਕੀਤਾ ਅਤੇ ਸਿਖੀ ਪ੍ਰਚਾਰ ਦੇ ੩੭੦ ਕੇਂਦਰ ਆਪਣੇ ਚੇਲੇ ਉਦਾਸੀ ਸਾਧੂਆਂ ਦੇ ਮਾਤਹਿਤ ਕਾਇਮ ਕੀਤੇ |
(੩) ਸੰਗਤ ਸਾਹਿਬੀਏ – ਇਸ ਬਖਸ਼ਸ਼ ਦੇ ਮੁੱਢਲੇ ਅਧਿਕਾਰੀ ਭਾਈ ਫੇਰੂ ਜੀ ਸਨ | ਭਾਈ ਫੇਰੂ ਜੀ ਦਾ ਪਹਿਲਾ ਨਾਂ ਸੰਗਤਾ ਜਾਨ ਸੰਗਤੀਆਂ ਸੀ | ਇਨ੍ਹਾਂ ਦਾ ਜਨਮ ਅੰਬਮਾੜੀ ਪਿੰਡ ਵਿਚ ਸੰਮਤ ੧੬੯੭ ਵਿਚ ਹੋਇਆ ; ਭਾਈ ਭਗਤੂ ਦੀ ਸੰਗਤ ਕਰ ਕੇ ਇਹ ਸੰਮਤ ੧੭੧੩ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਸਿਖ ਬਣੇ | ਗੁਰੂ ਜੀ ਨੇ ਇਨ੍ਹਾ ਦਾ ਨਾਂ ਫੇਰੂ ਰੱਖ ਦਿੱਤਾ ਕਿਓੁਂ ਕਿ ਇਹ ਬਪਾਰ ਲਈ ਫੇਰੀਂ ਪਾਉਂਦਾ ਗੁਰੂ ਜੀ ਦੀ ਸ਼ਰਨ ਆਇਆ ਸੀ | ਕੀਰਤਪੁਰ ਵਿਚ ਲੰਗਰ ਚਲਇਆ ਕਰਦੇ ਸਨ | ਇਹ ਸੇਵਾ ਆਪਣੇ ੧੨ ਸਾਲ ਕੀਤੀ | ਆਪ ਦਾ ਲੰਗਰ ਪ੍ਰਸਿੱਧ ਸੀ | ਫੇਰ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਬਖਸ਼ਸ਼ ਕਰ ਕੇ ਇਨਾਂ ਨੂੰ ਲੰਮੇ ਦੇਸ਼ (ਕਸੂਰ, ਚੂਨੀਆਂ ਆਦਿ ਇਲਾਕੇ) ਦਾ ਮਸੰਦ ਥਾਪਿਆ ਅਤੇ ਸਿੱਖੀ ਪ੍ਰਚਾਰ ਦੇ ਕੰਮ ਤੇ ਲਾਇਆ | ਜਦ ਸ੍ਰੀ ਦਸ਼ਮੇਸ਼ ਜੀ ਨੇ ਮਸੰਦਾ ਦੀ ਸੋਧ ਕੀਤੀ, ਤਾਂ ਭਾਈ ਫੇਰੂ ਜੀ ਉਪਰ ਪ੍ਰਸੰਨ ਹੋ ਕੇ ਆਪ ਨੇ ਉਨ੍ਹਾਂ ਨੂੰ ‘ਸੰਗਤ ਸਾਹਿਬ’ ਦਾ ਖਿਤਾਬ ਦਿੱਤਾ | ਜਿਸ ਕਰਕੇ ਇਸ ਬਖਸ਼ਸ਼ ਨੂੰ ਸੰਗਤ ਸਾਹਿਬੀਏ ਕਹਿੰਦੇ ਹਨ |
ਇਨ੍ਹਾਂ ਬਖਸ਼ਸ਼ਾ ਤੋਂ ਬਿਨਾਂ ਮਾਲਵੇ ਵਿੱਚ ਸਿੱਖੀ ਪ੍ਰਚਾਰ ਲਈ ਗੁਰੂ ਜੀ ਨੇ ਚਾਰ ਮਸੰਦ ਨੀਅਤ ਕੀਤੇ – ਭਾਈ ਬਹਿਲੋ, ਭਾਈ ਭੂੰਦੜ, ਭਾਈ ਪੰਜਾਬ ਤੇ ਭਾਈ ਭਗਤੂ |
ਫੂਲਬੰਸ ਨੂੰ ਵਰ – ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੮੮ ਵਿੱਚ ਗੁਰੂ-ਸਰ ਦੇ ਜੰਗ ਪਿਛੋਂ ਕਾਲੇ ਦੇ ਭਤੀਜੇ ਫੂਲ ਨੂੰ ਵਰ ਦਿੱਤਾ ਸੀ | ਸੰਮਤ ੧੭੦੩ ਵਿੱਚ ਸ੍ਰੀ ਗੁਰੂ ਹਰਿਰਾਇ ਜੀ ਮਾਲਵੇ ਵਿੱਚ ਸਤਿਨਾਮੁ ਦਾ ਛੱਟਾ ਦੇਂਦੇ ਮਹਿਰਾਜ ਪਹੁੰਚੇ | ਉੱਥੇ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਰ ਹੁੰਦਾ ਰਿਹਾ | ਗੁਰੂ ਜੀ ਨੇ ਉਸ ਦੀ ਨਿਮਰਤਾ ਤੇ ਸੇਵਾ-ਭਾਵ ਵੇਖ ਕੇ ਆਪਣੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ਼ਟੀ ਕੀਤੀ ਅੱਤੇ ਅਸ਼ੀਰਵਾਦ ਦਿੱਤੀ, ਜਿਸ ਦਾ ਫਲ ਫੂਲਕੀਆਂ ਰਿਆਸਤਾਂ – ਪਟਿਆਲਾ, ਨਾਭਾ ਤੇ ਜਿੰਦ – ਬਣੀਆਂ |

ਪਹਾੜੀ ਰਾਜਿਆਂ ਨੂੰ ਉਪਦੇਸ਼ – ਗੁਰੂ ਜੀ ਦਾ ਨਿੱਤ ਨਿੱਤ ਵਧਦਾ ਪ੍ਰਤਾਪ ਵੇਖ ਕੇ ਗੁਆਂਢੀ ਪਹਾੜੀ ਰਾਜਿ ਆਂ ਦੇ ਮਨਾਂ ਵਿੱਚ ਈਰਖਾ ਜਾਗੀ | ਦੋ ਰਾਜੇ ਬਹੁਤ ਸਾਰੀ ਸੇਨਾ ਲੈ ਕੇ ਕੀਰਤਪੁਰ ਆਏ | ਉਸ ਦਾ ਖਿਆਲ ਸੀ ਕਿ ਗੁਰੂ ਜੀ ਪਾਸੋਂ ਕਰ ਜਾਨ ਟਕੇ ਵਸੂਲ ਕਰਾਂਗੇ, ਨਹੀਂ ਤਾਂ ਉਠਾ ਦਿਆਗੇਂ | ਕੀਰਤਪੁਰ ਦੇ ਪਾਸ ਇਕ ਤਾਲ ਕੰਢੇ ਉਨ੍ਹਾ ਨੇ ਉਤਾਰਾ ਕੀਤਾ | ਅਗਲੇ ਦਿਨ ਓੁਹ ਗੁਰੂ ਜੀ ਦੇ ਦਰਬਾਰ ਆਏ ਅਤੇ ਸਤਿਕਾਰ ਸਾਹਿਤ ਮੱਥਾ ਟੇਕ ਕੇ ਬਹਿ ਗਏ | ਗੁਰੂ ਜੀ ਉਨ੍ਹਾ ਦੇ ਦਿਲ ਦੇ ਗਲ ਸਮਝ ਗਏ | ਆਪ ਨੇ ਉਨ੍ਹਾਂ ਨੂੰ ਕਿਹਾ : ‘ਫਕੀਰਾਂ ਪਾਸੋਂ ਕਰ (ਟਕੇ) ਨਹੀਂ ਉਗਰਾਹੀਦੇ ਹੁੰਦੇ | ਜੇ ਚਾਹੋ ਤਾਂ ਅਸੀਂ ਤੁਹਾਨੂੰ ਨਾਮ-ਧਨ ਦੇ ਸਕਦੇ ਹਾਂ ਜੋ ਸੱਚਾ ਧਨ ਹੈ ਤੇ ਜਿਹੜਾ ਅਗਲੇ ਜਹਾਨੇ ਵੀ ਤੁਹਾਡੇ ਨਾਲ ਜਾਵੇਗਾ |’
ਇਹ ਸੁਣ ਕੇ ਰਾਜਿਆਂ ਨੂੰ ਹੋਸ਼ ਆ ਗਈ | ਓੁਹ ਹੱਥ ਜੋੜ ਕੇ ਗੁਰੂ ਜੀ ਦੀ ਚਰਨੀਂ ਪਏ ਅਤੇ ਗੁਰਸਿੱਖੀ ਦੀ ਦਾਤ ਦੇ ਜਾਚਕ ਬਣੇ | ਹੋਰ ਸਿੱਖਿਆ ਦੇਣ ਮਗਰੋਂ ਗੁਰੂ ਜੀ ਨੇ ਉਨ੍ਹਾ ਨੂੰ ਕਿਹਾ : ‘ਹੰਕਾਰ ਦਾ ਤਿਆਗ ਕਰੋ, ਹਲੀਮੀ ਵਾਲਾ ਰਾਜ ਕਰੋਂ, ਪਰਜਾ ਨੂੰ ਦੁੱਖੀ ਨਾ ਕਰੋਂ ਤਾਂ ਕਰਤਾਰ ਦੀ ਕ੍ਰੋਪੀ ਦੇ ਅਤੇ ਨਰਕਾ ਦੇ ਭਾਗੀ ਬਣੋਗੇ, ਪਰ ਨਾਰੀ ਤੇ ਪਰ-ਧਨ ਦਾ ਤਿਆਗ ਕਰੋ, ਸ਼ਰਾਬ ਨਾ ਪੀਓੁ, ਪਰਜਾ ਦੀਆਂ ਸ਼ਿਕਾਇਤਾ ਸੁਣ ਕੇ ਉਨ੍ਹਾ ਦੇ ਦੁੱਖ ਦੂਰ ਕਰੋ | ਪਰਜਾ ਜੜ੍ਹ ਹੁੰਦੀ ਹੈ, ਰਾਜੇ ਰੁੱਖ ਦੀਆਂ ਸ਼ਾਖਾਂ ਹੁੰਦੇ ਹਨ | ਜਿਹੜਾ ਰਾਜਾ ਪਰਜਾ ਨੂੰ ਦੁੱਖੀ ਕਰਦਾ ਹੈ, ਓੁਹ ਆਪਣੀ ਜੜ੍ਹੀ ਕੁਹਾੜਾ ਮਾਰਦਾ ਹੈ, ਲੋਕਾਂ ਦੇ ਭਲੇ ਲਈ ਤਾਲ,ਖੂਹ, ਪੁਲ,ਪਾਠਸ਼ਾਲਾ ਤੇ ਧਰਮਸ਼ਾਲਾ ਖੋਲ੍ਹੋ ਅਤੇ ਧਰਮ ਦਾ ਪ੍ਰਚਾਰ ਕਰੋ |’

ਸੱਚ-ਖੰਡ ਵਾਪਸੀ – ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਦੋ ਪੁੱਤ ਸਨ – ਰਾਮਰਾਇ ਅਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ | ਰਾਮਰਾਇ ਗੁਰੂ ਜੀ ਦੀ ਆਗਿਆ ਭੰਗ ਕਰ ਚੁੱਕਿਆ ਸੀ | ਔਰੰਗਜੇਬ ਨੂੰ ਖੁਸ਼ ਕਰਨ ਦੀ ਖਾਤਰ ਉਸ ਨੇ ਗੁਰਬਾਣੀ ਦੀ ਤੁੱਕ ਨੂੰ ਉਲਟਾ ਕੇ ਜਾਂ ਬਦਲਾ ਕੇ ਪੜ੍ਹਿਆਂ ਸੀ | ਮਗਰੋਂ ਉਸ ਨੇ ਸਰਕਾਰੀ ਹਾਕਮਾਂ ਤੇ ਗੁਰੂ-ਘਰ ਦੇ ਵਿਰੋਧੀ ਗੱਦਾਰ ਧੀਰਮੱਲ ਦੇ ਨਾਲ ਰਲ ਕੇ ਗੁਰੂ ਜੀ ਉਤੇ ਰੋਹਬ ਪਾਉਣਾ ਚਾਹਿਆ ਕਿ ਕਿਵੇਂ ਉਨ੍ਹਾਂ ਮਗਰੋਂ ਗੁਰ-ਗੱਦੀ ਮੈਨੂੰ ਮਿਲ ਜਾਵੇ ਪਰ ਗੁਰੂ ਜੀ ਕਿਸੇ ਦੇ ਰੋਹਬ ਹੇਠ ਨਾ ਆਏ | ਆਪ ਨੇ ਰਾਮਰਾਇ ਨੂੰ ਤਿਆਗ ਦਿੱਤਾ ਸੀ ਅਤੇ ਤਿਆਗਿਆ ਹੀ ਰਹਿਣ ਦਿੱਤਾ|
ਜਦ ਆਪ ਨੇ ਜਾਣਿਆ ਕਿ ਸਾਡੀ ਸਚ-ਖੰਡ ਵਾਪਸੀ ਦਾ ਸਮਾਂ ਆ ਰਿਹਾ ਹੈ ਤਾਂ ਆਪ ਨੇ ਆਪਣੇ ਸਾਹਿਬਜ਼ਾਦੇ, ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰ-ਗੱਦੀ ਲਈ ਨੀਅਤ ਕੀਤਾ ਅਤੇ ਸਭ ਸੰਗਤਾਂ ਨੂੰ ਆਗਿਆ ਕੀਤੀ ਕਿ ਰਾਮਰਾਇ ਆਦਿ ਗੁਰੂ-ਘਰ ਦੇ ਵਿਰੋਧੀਆਂ ਦੇ ਝਾਂਸੇ ਵਿੱਚ ਆਉਣੋਂ ਬਚਣਾ ਅਤੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣਾ |
ਆਪ ਕੱਤਕ ਵਦੀ ੯ (੫ ਕੱਤਕ) ਸੰਮਤ ੧੭੧੮ ਨੂੰ ਐਤਵਾਰ ਵਾਲੇ ਦਿਨ ਕੀਰਤਪੁਰ ਵਿੱਚ ਜੋਤੀ ਜੋਤ ਸਮਾਂ ਗਏ | ਉਸ ਦਿਨ ਅੰਗਰੇਜ਼ੀ ਸੰਨ ੧੬੬੧ ਦੇ ਅਕਤੂਬਰ ਮਹੀਨੇ ਦੀ ੬ ਤਰੀਕ ਸੀ | ਆਪ ਦੀ ਦੇਹ ਦਾ ਸਸਕਾਰ ਸਤਿਲੁਜ ਦੇ ਕੰਢੇ ਪਾਸ ‘ਪਤਾਲਪੁਰੀ’ ਨਾਂ ਦੇ ਗੁਰ-ਅਸਥਾਨ ਵਾਲੀ ਥਾਂ ਕੀਤਾ ਗਿਆ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY