Shri Guru Har Krishan Ji

2004

ਸ੍ਰੀ ਗੁਰੂ ਹਰਕ੍ਰਿਸ਼ਨ ਜੀ (Shri Guru Har Krishan Ji)

ਜਨਮ – ਸਾਵਣ ਵਦੀ 10(8 ਸਾਵਣ) ਸੰਮਤ 1713, ਮੁਤਾਬਿਕ 7 ਜੁਲਾਈ, ਸੰਨ 1656 |

ਜਨਮ ਅਸਥਾਨ – ਸ਼ੀਸ ਮਹਿਲ, ਕੀਰਤਪੁਰ (ਹੋਸ਼ਿਆਰਪੁਰ) |

ਮਾਤਾ – ਸ਼੍ਰੀ ਮਾਤਾ ਕਿਸ਼ਨ (ਕ੍ਰਿਸ਼ਨ) ਕੌਰ ਜੀ|

ਪਿਤਾ – ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ |

ਗੁਰਿਆਈ – ਕੀਰਤਪੁਰ, ਕਤਕ ਵਦੀ 10 (6 ਕਤਕ) ਸੰਮਤ 1718, ਸੋਮਵਾਰ, 7 ਅਕਤੂਬਰ, ਸੰਨ 1661 |

ਜੋਤੀ ਜੋਤ ਸਮਾਏ – ਚੇਤ ਸੁਦੀ 14 (3 ਵਿਸਾਖ) ਸੰਮਤ 1721, ਬੁਧਵਾਰ,30 ਮਾਰਚ ਸੰਨ 1664, ਦਿੱਲੀ ਵਿਚ |

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
(ਸੰਮਤ ੧੭੧੩ – ੧੭੨੧, ਸੰਨ ੧੬੫੬ – ੧੬੬੪ )

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ – ਅੱਠਵੀ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਸਾਵਣ ਵਦੀ ੧੦, ਸੰਮਤ ੧੭੧੩, ਮੁਤਾਬਕ 7 ਜੁਲਾਈ ਸੰਨ ੧੬੫੬ ਨੂੰ ਕੀਰਤਪੁਰ ਜਿਲ੍ਹਾ ਹੁਸ਼ਿਆਰਪੁਰ ਵਿਚਲੇ ਗੁਰੂ ਜੀ ਦੇ ਨਿਵਾਸ ਅਸਥਾਨ ‘ਸ਼ੀਸ਼ ਮਹਿਲ’ ਵਿੱਚ ਹੋਇਆ | ਆਪ ਸ੍ਰੀ ਗੁਰੂ ਹਰਿਰਾਇ ਸਾਹਿਬ ਤੇ ਸ੍ਰੀ ਮਾਤਾ ਕ੍ਰਿਸ਼ਨ (ਕਿਸ਼ਨ) ਕੋਰ ਦੇ ਛੋਟੇ ਸਾਹਿਬਜ਼ਾਦੇ ਸਨ |

ਗੁਰਿਆਈ – ਜਿਹਾ ਕੇ ਅੱਗੇ ਦੱਸਿਆ ਗਿਆ ਹੈ, ਰਾਮਰਾਇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਸੀ | ਓਹ ਬੜਾ ਚਲਾਕ, ਸਿਆਣਾ, ਹੁਸ਼ਿਆਰ, ਨੀਤੀ-ਨਿਪੁੰਨ ਅਤੇ ਸਿੱਖ ਸੰਗਤਾ ਤੇ ਮਸੰਦਾ ਵਿੱਚ ਚੰਗਾ ਅਸਰ-ਰਖੂਸ਼ ਵਾਲਾ ਸੀ | ਓਹ ਹਰ ਤਰਾਂ ਆਪਣੇ ਆਪ ਨੂੰ ਗੁਰਤਾ ਦੇ ਯੋਗ ਸਮਝਦਾ ਸੀ | ਗੁਰੂ ਜੀ ਦਾ ਵੱਡਾ ਸਾਹਿਬਜ਼ਾਦਾ ਹੋਣ ਕਰਕੇ ਓੁਹ ਆਪਣੇ ਆਪ ਨੂੰ ਗੁਰ-ਗੱਦੀ ਦਾ ਹੱਕਦਾਰ ਵੀ ਸਮਝਦਾ ਸੀ |
ਜਦ ਔਰੰਗਜੇਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਤਲਬ ਕੀਤਾ, ਤਾਂ ਉਨ੍ਹਾ ਨੇ ਆਪਣੇ ਥਾਂ ਰਾਮਰਾਇ ਨੂੰ ਭੇਜਿਆ | ਉਸ ਨੂੰ ਪਕੀ ਤਾਂ ਇਹ ਕੀਤੀ ਗਈ ਕਿ ਕੋਈ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਦੇ ਉਲਟ ਨਹੀਂ ਕਹਿਣੀ ਜਾਂ ਕਰਨੀ, ਪਰ ਉਸ ਨੇ ਚਤੁਰਾਈ ਕਰਕੇ ਅਤੇ ਨਾਵਾਜਬ ਗੱਲਾ ਕਰ ਕੇ ਬਾਦਸ਼ਾਹ ਹੀ ਖੁਸ਼ਾਮਦ ਦੀ ਖਾਤਰ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਵੀ ਬਦਲ ਕੇ ਸੁਣਾ ਦਿੱਤੀ | ਇਸ ਕਾਰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਉਸ ਨੂੰ ਤਿਆਗ ਦਿੱਤਾ ਅਤੇ ਮੱਥੇ ਲਾਓੁਣੋਂ ਨਾਂਹ ਕਰ ਦਿੱਤੀ | ਜਦ ਆਪ ਦੇ ਜੋਤੀ – ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਆਪ ਨੇ ਆਪਣੇ ਛੋਟੇ ਸਾਹਿਬਜ਼ਾਦੇ, ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਹਰ ਤਰਾਂ ਯੋਗ ਸਮਝ ਕੇ ਗੁਰ-ਗੱਦੀ ਲਈ ਨੀਅਤ ਕੀਤਾ | ਸਭ ਸਿੱਖ ਸੰਗਤਾ ਨੂੰ ਆਪ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਗੁਰੂ ਨਾਨਕ ਦੇਵ ਨਿਰੰਕਾਰੀ ਜੋਤਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਵਿੱਚ ਬਿਰਾਜ ਕੇ ਜਗੇਗੀ ਤੇ ਸੰਸਾਰ ਦੇ ਜੀਵਾਂ ਨੂੰ ਰੱਬੀ-ਗਿਆਨ ਦਾ ਚਾਨਣ ਦੇਵੇਗੀ | ਸੰਗਤਾ ਨੂੰ ਹੁਕਮ ਹੋਇਆ ਕਿ ਸ੍ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੀ ਗੁਰੂ ਸਮਝਣਾ ਅਤੇ ਰਾਮਰਾਇ ਦੀਆਂ ਚਾਲਾਂ ਚਲਾਕੀਆਂ ਦੇ ਜਾਲ ਤੋਂ ਬਚ ਕੇ ਰਹਿਣਾ |
ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਇਸ ਆਗਿਆ ਮੂਜਬ ਆਪ ਦੇ ਜੋਤੀ-ਜੋਤਿ ਸਮਾਉਣ ਤੋਂ ਅਗਲੇ ਦਿਨ ਕੱਤਕ ਵਦੀ ੧੦ (੬ ਕੱਤਕ) ਸੰਮਤ ੧੭੧੮ ਮੁਤਾਬਕ ੭ ਅਕਤੂਬਰ ਸੰਨ ੧੬੬੧ ਨੂੰ ਸੋਮਵਾਰ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰ-ਗੱਦੀ ਉੱਤੇ ਬਿਠਾਇਆ ਅਤੇ ਗੁਰਤਾ ਦਾ ਤਿਲਕ ਲਾਇਆ ਗਿਆ | ਉਸ ਵੇਲੇ ਆਪ ਦੀ ਉਮਰ ਕੇਵਲ ਸਵਾ ਪੰਜ ਸਾਲ ਸੀ, ਪਰ ਆਪ ਵਿਚ ਜੋਤੀ-ਜੋਤਿ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੰਮ ਬੜੇ ਸੋਹਣੇ ਢੰਗ ਨਾਲ ਤੋਰੀ ਰੱਖਿਆ ਆਪ ਸੰਗਤਾ ਨੂੰ ਗੁਰ- ਆਸ਼ੇ ਬਾਰੇ ਉਪਦੇਸ਼ ਦੇਂਦੇ, ਉਨ੍ਹਾ ਦੇ ਸੰਕੇ ਨਵਿਰਤ ਕਰਦੇ ਅਤੇ ਨਾਮ ਦਾਨ ਬਖਸ਼ ਕੇ ਨਿਹਾਲ ਕਰਦੇ ਸਨ | ਆਪ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਧੇ ਲਈ ਹਰ ਪਾਸੇ ਪ੍ਰਚਾਰਕ ਭੇਜੇ |

ਰਾਮਰਾਇ ਦੀ ਵਿਰੋਧਤਾ – ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਦਾ ਤਿਲਕ ਲੱਗਾ, ਉਸ ਵੇਲੇ ਰਾਮਰਾਇ ਦਿੱਲੀ ਬਾਦਸ਼ਾਹ ਦੇ ਦਰਬਾਰ ਵਿਚ ਸੀ | ਜਦ ਉਸਨੂੰ ਇਸ ਗੱਲ ਦਾ ਪਤਾ ਲੱਗਾ, ਓੁਹ ਬਹੁਤ ਔਖਾ ਹੋਇਆ | ਓਹ ਸਮਝਦਾ ਸੀ ਕਿ ਗੁਰ-ਗੱਦੀ ਮੇਰਾ ਹੱਕ ਹੈ | ਉਸ ਨੇ ਧੀਰਮੱਲ ਨਾਲ ਸਲਾਹ ਕਰ ਕੇ ਕੁਝ ਮਸੰਦਾ ਨੂੰ ਆਪਣੇ ਨਾਲ ਗੰਦਿਆਂ ਅਤੇ ਗੁਰੂ ਬਣ ਬੈਠਾ | ਉਸ ਨੇ ਆਪਣੇ ਮਸੰਦ ਤੇ ਕਰਿੰਦੇ ਚਾਰ ਚੁਫੇਰੇ ਭੇਜੇ, ਤਾਂ ਜੋ ਸਭ ਥਾਈਂ ਉਸ ਦੇ ਗੁਰੂ ਬਣਨ ਦੀ ਖ਼ਬਰ ਕਰਨ ਅਤੇ ਸੰਗਤਾ ਪਾਸੋਂ ਦਸਵੰਧ ਓੁਗਰਾਹ ਕੇ ਲਿਆਉਣ | ਇਹ ਮਸੰਦ ਲੋਕਾ ਨੂੰ ਤੰਗ ਕਰਕੇ ਓੁਗਰਾਹੀ ਕਰਦੇ ਅਤੇ ਬਹੁਤਾ ਕੁਝ ਆਪ ਹੀ ਛਕ ਛਕਾ ਜਾਂਦੇ | ਓੁਹ ਕਹਿਣ : ‘ਰਾਮਰਾਇ ਸਾਡਾ ਬਣਾਇਆ ਹੀ ਗੁਰੂ ਹੈ ਨਾ |’
ਪਰ ਆਮ ਸਿੱਖਾਂ ਨੂੰ ਸ੍ਰੀ ਗੁਰੂ ਹਰਿਰਾਇ ਸਹਿਬ ਦੇ ਫੈਸਲੇ ਤੇ ਹੁਕਮ ਦਾ ਪਤਾ ਸੀ | ਓਹ ਰਾਮਰਾਇ ਦੀਆਂ ਚਾਲਾਂ ਵਿੱਚ ਨਾ ਫਸੇ | ਉਸ ਨੂੰ ਉਸ ਦੇ ਕੁਝ ਮਸੰਦਾ ਆਦਿ ਤੋਂ ਬਿਨਾਂ ਹੋਰ ਕਿਸੇ ਨੇ ਗੁਰੂ ਨਾ ਮੰਨਿਆ |
ਏਧਰੋਂ ਮੂੰਹ ਦੀ ਖਾ ਕੇ ਓੁਹ ਔਰੰਗਜੇਬ ਪਾਸ ਜਾ ਫਰਿਆਦੀ ਹੋਇਆ | ਬਾਦਸ਼ਾਹ ਉਸ ਉਤੇ ਖੁਸ਼ ਸੀ | ਇਸ ਕਰਕੇ ਉਸ ਨੂੰ ਨਿਸ਼ਚਾ ਸੀ ਕਿ ਓੁਹ ਜਰੂਰ ਮੇਰੀ ਸਹਾਇਤਾ ਕਰੇਗਾ, ਉਸ ਨੇ ਬਾਦਸ਼ਾਹ ਪਾਸ ਅਰਜ਼ੀ ਦਿੱਤੀ ਤੇ ਕਿਹਾ : ‘ਮੈਂ ਸ੍ਰੀ ਗੁਰੂ ਹਰਿਰਾਇ ਜੀ ਦਾ ਵੱਡਾ ਪੁੱਤ ਹਾਂ | ਉਨ੍ਹਾ ਮਗਰੋਂ ਗੁਰ-ਗੱਦੀ ਮੇਨੂੰ ਮਿਲਣੀ ਚਾਹੀਦੀ ਸੀ, ਓੁਹ ਮੇਰਾ ਹੱਕ ਸੀ, ਪਰ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ ਗਿਆ ਹੈ | ਮੇਰਾ ਕਸੂਰ ਇਹੋ ਹੈ ਕਿ ਮੈਂ ਆਪ ਦਾ ਅਗਿਆਕਾਰ ਹਾਂ | ਮੇਰੇ ਪਿਤਾ ਜੀ ਆਪ ਦੇ ਵਿਰੁੱਧ ਸਨ, ਉਨ੍ਹਾ ਨੇ ਜੋਤੀ-ਜੋਤਿ ਸਮਾਉਣ ਵੇਲੇ ਮੇਰੇ ਭਰਾ ਨੂੰ ਹੁਕਮ ਦਿੱਤਾ ਕਿ ਓੁਹ ਤੁਹਾਡੇ ਮੱਥੇ ਨਾ ਲੱਗੇ ਅਤੇ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਮਿਲਵਰਤਨ ਨਾ ਕਰੇ | ਮੇਰੀ ਬੇਨਤੀ ਹੈ ਕਿ ਮੇਰੇ ਭਰਾ ਨੂੰ ਏਥੇ ਤਲਬ ਕੀਤਾ ਜਾਵੇ ਅਤੇ ਉਸ ਨੂੰ ਮੇਰਾ ਹੱਕ ਦੇਣ ਲਈ ਮਜ਼ਬੂਰ ਕੀਤਾ ਜਾਵੇ |
ਔਰੰਗਜੇਬ ਹੈ ਤਾਂ ਬੜਾ ਚਾਲਬਾਜ਼ ਤੇ ਫਰੇਬੀ ਸੀ ਪਰ ਪਹਿਲਾ ਉਸ ਦੇ ਹਿਰਦੇ ਨੇ ਉਸਨੂੰ ਨੇਕ ਸਲਾਹ ਦੇਣ ਲਈ ਪ੍ਰੇਰਿਆ | ਉਸ ਨੇ ਰਾਮਰਾਇ ਨੂੰ ਕਿਹਾ : ‘ਤੇਰੇ ਪਾਸ ਸਾਡੀ ਦਿੱਤੀ ਜਗੀਰ ਹੈ | ਤੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ | ਤੂੰ ਆਪਣੇ ਛੋਟੇ ਭਰਾ ਨੂੰ ਕਾਹਨੂੰ ਤੰਗ ਕਰਦਾ ਹੈ ? ਓੁਹ ਵੀ ਤੇਰੇ ਪਿਤਾ ਦਾ ਪੁੱਤ ਹੈ, ਅੰਤ ਨੂੰ |’ ਪਰ ਰਾਮਰਾਇ ਆਪਣੇ ਹਠ ਉਤੇ ਡਟਿਆ ਰਿਹਾ | ਔਰੰਗਜੇਬ ਨੇ ਸੋਚਿਆ : ‘ਜੈ ਰਾਮਰਾਇ ਆਪਣੇ ਹੱਥ ਆ ਜਾਵੇ, ਤਾਂ ਏਧਰੋਂ ਹਕੂਮਤ ਨੂੰ ਕੋਈ ਖਤਰਾਂ ਨਾ ਰਹੇ ਅਤੇ ਨਾਲੇ ਪੰਜਾਬ ਵਿਚ ਇਸਲਾਮ ਵੀ ਵਧੇਰੇ ਸੋਖਾਂ ਫੈਲ ਸਕੇ | ਵੱਡਾ ਭਰਾ ਤਾਂ ਮੇਰੀ ਮੁੱਠ ਵਿਚ ਹੈ | ਛੋਟੇ ਨੂੰ ਸੱਦ ਕੇ ਭਰਾ ਧਮਕਾ ਕੇ ਜਾਂ ਲਾਲਚ ਦੇ ਕੇ ਅਧੀਨ ਕੀਤਾ ਜਾਵੇ, ਤਾਂ ਰੰਗ ਲੱਗ ਜਾਵੇ | ਜੇ ਓੁਹ ਨਾ ਮੰਨਿਆ ਤਾਂ ਦੋਹਾਂ ਭਰਾਵਾਂ ਨੂੰ ਆਪੋਂ ਵਿੱਚ ਡਾਹ ਦਿਆਂਗੇ | ਆਪੇ ਲੜ ਮਰਨਗੇ ਅਤੇ ਇਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ |’ ਇਹ ਸੋਚ ਕੇ ਔਰੰਗਜੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਣ ਦਾ ਫੈਸਲਾ ਕਰ ਲਿਆ |
ਸ੍ਰੀ ਹਰਿਰਾਇ ਸਾਹਿਬ ਜੀ ਨੇ ਔਰੰਗਜੇਬ ਬਾਰੇ ਇਹ ਨੀਤੀ ਬਣਾਈ ਸੀ – ‘ਨਹਿ ਮਲੇਛ ਕੋ ਦਰਸ਼ਨ ਦੈ ਹੈ |’ ਆਪਣੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇਸੇ ਨੀਤੀ ਉਤੇ ਕਾਇਮ ਰਹਿਣ ਦੀ ਆਗਿਆ ਕੀਤੀ ਸੀ |
ਰਾਮਰਾਇ ਨੂੰ ਇਸ ਦਾ ਪਤਾ ਸੀ | ਉਸ ਦੀ ਚਾਲ ਇਹ ਸੀ, ‘ਜੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪਹੁੰਚ ਕੇ ਔਰੰਗਜੇਬ ਨੂੰ ਮਿਲਣਗੇ, ਤਾਂ ਮੈ ਇਹ ਰੋਲਾ ਪੁਆ ਦਿਆਂਗਾ ਕਿ ਉਨ੍ਹਾ ਨੇ ਪਿਤਾ-ਗੁਰੂ ਦੀ ਆਗਿਆ ਭੰਗ ਕੀਤੀ ਹੈ, ਇਸ ਤਰਾਂ ਸਿੱਖਾਂ ਵਿੱਚ ਉਨ੍ਹਾਂ ਨਦਾ ਸਤਿਕਾਰ ਘਟ ਜਾਵੇਗਾ ਅਤੇ ਮੇਰਾ ਦਾਓੁ ਲੱਗ ਸਕੇਗਾ | ਜੇ ਓੁਹ ਨਾ ਆਏ, ਤਾਂ ਮੈ ਔਰੰਗਜੇਬ ਨੂੰ ਭੜਕਾਵਾਂਗਾ ਕਿ ਓੁਹ ਆਕੀ ਤੇ ਬਾਗੀਂ ਹਨ, ਉਨ੍ਹਾ ਨੂੰ ਗ੍ਰਿਫਤਾਰ ਕਰ ਕੇ ਮੰਗਵਾਇਆ ਜਾਵੇ ਅਤੇ ਬਾਗੀਆਂ ਵਾਲੀ ਸਜ਼ਾ ਦਿੱਤੀ ਜਾਵੇ | ਫੇਰ ਮੇਰਾ ਰਾਹ ਵਿਹਲਾ ਹੋ ਜਾਵੇਗਾ | ਜੇ ਓੁਹ ਡਰ ਕੇ ਨੱਸ ਗਏ ਤਾਂ ਮੈਂ ਜਾ ਕੇ ਗੁਰੂ ਬਣ ਜਾਵਾਂਗਾ ਅਤੇ ਕੀਰਤਪੁਰ ਉਤੇ ਕਬਜ਼ਾ ਕਰ ਲਵਾਂਗਾ |’
ਉਧਰੋਂ ਔਰੰਗਜੇਬ ਨੂੰ ਵੀ ਸ੍ਰੀ ਹਰਿਰਾਇ ਸਾਹਿਬ ਦੀ ਉਪਰ ਦੱਸੀ ਨੀਤੀ ਅਤੇ ਅੱਠਵੇਂ ਗੁਰੂ ਜੀ ਨੂੰ ਕੀਤੀ ਆਗਿਆ ਦਾ ਪਤਾ ਸੀ | ਉਸ ਨੇ ਸੋਚਿਆ : ‘ਗੁਰੂ ਜੀ ਸ਼ਾਹੀ ਸੱਦਾ ਮੰਨ ਕੇ ਨਹੀਂ ਆਉਣ ਲੱਗੇ | ਕੋਈ ਹੋਰ ਢੰਗ ਵਰਤਣਾ ਚਾਹੀਦਾ ਹੈ |’ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਤੁਸੀਂ ਆਪਣੇ ਵਲੋਂ ਆਪਣੇ ਘਰ ਸੱਦੋ | ਰਾਜਾ ਜੈ ਸਿੰਘ ਨੇ ਗੁਰੂ ਜੀ ਵੱਲ ਸਦਾ-ਪਤ੍ਰ ਲਿਖਿਆ ਤੇ ਆਪਣੇ ਇਕ ਵੱਡੇ ਅਹਿਲਕਾਰ ਦੇ ਹੱਥ ਦੇ ਕੇ ਕੀਰਤਪੁਰ ਭੇਜਿਆ | ਨਾਲ ਹੀ ਦਿੱਲੀ ਦੀ ਸਿੱਖ-ਸੰਗਤ ਨੇ ਵੀ ਬਿਨੈ-ਪੱਤਰ ਲਿਖ ਭੇਜਿਆ ਕਿ ਰਾਮਰਾਇ ਕਈ ਪ੍ਰਕਾਰ ਦੀਆਂ ਗੋਂਦਾ ਗੋਂਦ ਰਿਹਾ ਹੈ, ਇਨ੍ਹਾ ਦਾ ਭਾਂਡਾ ਭੰਨਣ ਲਈ ਆਪ ਜਰੂਰ ਦਿੱਲੀ ਆਓੁ |
ਰਾਜਾ ਜੈ ਸਿੰਘ ਦੀ ਚਿੱਠੀ ਵਿਚਾਰਨ ਮਗਰੋਂ ਪਹਿਲਾ ਤਾਂ ਗੁਰੂ ਜੀ ਨੇ ਜਾਣੋ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਔਰੰਗਜੇਬ ਨੂੰ ਕਦਾਚਿਤ ਨਹੀਂ ਮਿਲਣਾ | ਰਾਜਾ ਜੈ ਰਾਮ ਦੇ ਅਹਿਲਕਾਰ ਨੇ ਅਰਜ਼ ਕੀਤੀ ਕਿ ਆਪ ਬੇੱਸ਼ਕ ਬਾਦਸ਼ਾਹ ਨੂੰ ਨਾ ਮਿਲਣਾ ਨਾਲ ਹੀ ਉਸ ਨੇ ਦਿੱਲੀ ਸੀ ਸੰਗਤ ਦਾ ਬਿਨੈ-ਪੱਤਰ ਦੇ ਕੇ ਕਿਹਾ ਕਿ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ, ਰਾਜਾ ਸਾਹਿਬ ਵੀ ਆਪ ਦੇ ਦਰਸ਼ਨਾ ਦੇ ਅਤੀ ਚਾਹਵਾਨ ਹਨ | ਦਿੱਲੀ ਦੇ ਸਿੱਖਾ ਦੀ ਚਿੱਠੀ ਪੜ੍ਹ ਕੇ ਆਪ ਜੀ ਨੇ ਕਿਹਾ : ‘ਜਿਥੇ ਸੰਗਤ ਯਾਦ ਕਰੇਗੀ, ਉਥੇ ਅਸੀਂ ਜ਼ਰੂਰ ਪੁੱਜਾਂਗੇ |’
– ਅਗਲੇ ਅਗਲੇਰੇ ਦਿਨ ਤਿਆਰੀ ਹੋ ਗਈ | ਮਾਤਾ ਜੀ ਵੀ ਨਾਲ ਤੁਰੇ | ਬਹੁਤ ਸਾਰੀ ਸੰਗਤ ਨਾਲ ਤਿਆਰ ਹੋਈ ਅਤੇ ਨਾਲ ਤੁਰ ਪਈ | ਰਾਹ ਵਿੱਚ ਵੀ ਥਾਂ-ਥਾਂ ਸੰਗਤਾ ਨੇ ਹੁੰਮ-ਹੁਮਾ ਕੇ ਆਪ ਦਾ ਸੁਆਗਤ ਕੀਤਾ | ਇਸ ਤਰਾਂ ਆਪ ਦੇ ਨਾਲ ਜਾ ਰਹੀ ਸੰਗਤ ਦੀ ਗਿਣਤੀ ਬਹੁਤ ਵਧ ਗਈ ਅਤੇ ਸਫਰ ਬੜਾ ਹੋਲੀ-ਹੋਲੀ ਕਰਨਾ ਪਿਆ ਪਰ ਅੰਭਾਲੇ ਪਾਸਲੇ ਪੰਜੋਖਰੇ ਪਿੰਡ ਪਹੁੰਚ ਕੇ ਆਪ ਨੇ ਇਕ ਲਕੀਰ ਭੋਂ ਉਪਰ ਖਿਚ ਦਿੱਤੀ ਅਤੇ ਕਿਹਾ ਕਿ ਸਾਡੇ ਜਾਣ ਤੇ ਕੋਈ ਸਿੱਖ ਇਸ ਲਕੀਰ ਨੂੰ ਨਾ ਟੱਪੇ| ਇਸ ਤਰਾਂ ਆਪਣੇ ਆਪਣੀ ਹਜ਼ੂਰੀ ਸੰਗਤ ਤੇ ਪਰਵਾਰ ਤੋਂ ਬਿਨਾ ਬਾਕੀ ਸਭ ਨੂੰ ਮੁੜਨ ਦਾ ਹੁਕਮ ਦਿੱਤਾ |
ਗੁਰੂ ਜੀ ਰਾਤ ਪੰਜੋਖਰੇ ਠਹਿਰੇ | ਉਥੇ ਇਕ ਹੰਕਾਰੀ ਬ੍ਰਾਹਮਣ ਲਾਲ ਚੰਦ, ਆਪ ਨੂੰ ਮਿਲਿਆ ਅਤੇ ਕਹਿਣ ਲੱਗਾ : ‘ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ | ਸ੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਉਸ ਦੇ ਅਰਥ ਕਰ ਕੇ ਹੀ ਵਿਖਾਓੁ | ਨਾਲੇ ਸ਼ਾਸਤਰਾ ਦੇ ਅਰਥ ਕਰਨ ਵਿਚ ਮੇਰੇ ਨਾਲ ਜਿੰਦ ਲਵੋ |’
ਹੰਕਾਰੀ ਪੰਡਤ ਦੀ ਇਹ ਗੱਲ ਕੇ ਬ੍ਰਹਮ ਗਿਆਨ ਦੇ ਪੁੰਜ ਤੇ ਸਰਬ-ਕਲਾਂ ਸਮਰੱਥ ਗੁਰੂ ਜੀ ਨੇ ਉਸ ਨੂੰ ਕਿਹਾ : ‘ਅਸੀਂ ਤਾਂ ਰੱਬ ਦੇ ਸੇਵਕ ਹਾਂ | ਵੱਡੇ ਬਣ-ਬਣ ਕੇ ਬਹਿਣਾ ਅਸੀਂ ਨਹੀ ਜਾਣਦੇ ਪਰ ਸਾਡੇ ਨਾਲ ਸ਼ਸਤਰਾਰਥ ਤੁਸੀਂ ਫੇਰ ਕਰਿਓ, ਪਹਿਲਾ ਤੁਸੀਂ ਆਪਣੀ ਮਰਜ਼ੀ ਨਾਲ ਚੁਣੇ ਹੋਏ ਕਿਸੇ ਸਿੱਖ ਨਾਲ ਟਾਕਰਾ ਵਿਚਾਰ ਕਰ ਵੇਖੋਂ | ਜਾਓੁ, ਪਿੰਡ ਵਿਚੋਂ ਕੋਈ ਬੰਦਾ ਲੈ ਆਓ, ਓੁਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰੇਗਾ !’
ਪੰਡਿਤ ਲਾਲ ਚੰਦ ਜਾ ਕੇ ਛੱਜੂ ਨਾਂ ਦੇ ਇਕ ਮਹਾਮੁਰਖ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝੀਓੂਰ ਸੀ | ਗੁਰੂ ਜੀ ਨੇ ਛੱਜੂ ਦੀਆਂ ਅੱਖਾਂ ਵਿਚ ਅੱਖਾਂ ਰਲਾ ਕੇ ਉਸ ਨੂੰ ਕਿਹਾ : ਛੱਜੂ, ਤੂੰ ਹੁਣ ਧਾਰਮਿਕ ਵਿਦਵਾਨ ਬਣ ਗਿਆ ਹੈ | ਇਸ ਪੰਡਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰਦੇ|’ ਫੇਰ ਆਪ ਜੀ ਨੇ ਛੱਜੂ ਦੇ ਸਿਰ ਉਤੇ ਆਪਣੀ ਸੋਟੀ ਦਾ ਸਿਰਾ ਰਖਿਆ ਅਤੇ ਬ੍ਰਾਹਮਣ ਨੂੰ ਕਿਹਾ : ‘ਪੁਛੋ ਜੋ ਪੁਛਣਾ ਜੈ |’ ਪੰਡਤ ਨੇ ਛੱਜੂ ਤੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ | ਛੱਜੂ ਫਟਾ-ਫਟ ਦੱਸੀ ਗਿਆ, ਓੁਹ ਗੁਰੂ ਜੀ ਦੀ ਚਰਨੀਂ ਢਹਿ ਪਿਆ ਅਤੇ ਸਿੱਖ ਬਣਿਆ |

ਦਿੱਲੀ ਵਿੱਚ – ਪੜਾਓ – ਪੜਾ ਸਫਰ ਕਰਦੇ ਅਤੇ ਥਾਂ-ਥਾਂ ਸਤਿਨਾਮੁ ਦਾ ਉਪਦੇਸ਼ ਦਿੰਦੇ, ਗੁਰੂ ਜੀ ਦਿੱਲੀ ਜਾ ਪਹੁੰਚੇ | ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਦਾ ਉਤਾਰਾ ਰਾਏਸੀਨਾ ਵਿੱਚ ਆਪਣੇ ਬੰਗਲੇ ਵਿਚ ਕਰਾਇਆ |* ਦਿੱਲੀ ਦੀ ਸੰਗਤ ਉੱਥੇ ਆ ਕੇ ਰੋਜ਼ ਦਰਸ਼ਨ ਕਰਦੀ ਰਹੀ, ਸਤਿਸੰਗ ਲੱਗਦਾ ਰਿਹਾ | ਔਰੰਗਜੇਬ ਨੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰ ਘੱਲੀ | ਗੁਰੂ ਜੀ ਨੇ ਉਤਰ ਭੇਜਿਆ, ‘ਮੇਰਾ ਵੱਡਾ ਭਰਾ ਤੁਹਾਡੇ ਪਾਸ ਹੈ ਅਤੇ ਜੋ ਕਹੋ ਕਰਨ ਨੂੰ ਤਿਆਰ ਹੈ | ਮੇਰੇ ਪਿਤਾ ਜੀ ਦੀ ਅੰਤਮ ਆਗਿਆ ਇਹ ਸੀ ਕਿ ਰਾਜਸੀ ਮਾਮਲਿਆਂ ਸੰਬਧੀ ਤੁਹਾਡੇ ਨਾਲ ਮੇਰਾ ਵੱਡਾ ਭਰਾ ਹੀ ਗੱਲ-ਬਾਤ ਕਰੇ | ਮੇਨੂੰ ਦਖਲ ਦੇਣ ਦੀ ਮਨਾਹੀ ਕਰ ਗਏ ਸਨ | ਮੇਰਾ ਕੰਮ ਤਾਂ ਸਤਿਨਾਮੁ ਦਾ ਉਪਦੇਸ਼ ਤੇ ਪ੍ਰਚਾਰ ਕਰਨਾ ਹੈ | ਬਾਦਸ਼ਾਹ ਨੇ ਮੇਰੇ ਪਾਸੋਂ ਤੇ ਮੈਂ ਬਾਦਸ਼ਾਹ ਪਾਸੋਂ ਕਿ ਲੈਣਾ ਹੈ |’
ਅਗਲੇ ਦਿਨ ਔਰੰਗਜੇਬ ਦਾ ਸ਼ਹਿਜਾਦਾ ਆਇਆ | ਗੁਰੂ ਜੀ ਨੇ ਉਸ ਨੂੰ ਆਤਮਕ ਉਪਦੇਸ਼ ਦੇ ਕੇ ਨਿਹਾਲ ਕੀਤਾ | ਜਦ ਉਸ ਨੇ ਗੁਰ-ਗੱਦੀ ਬਾਰੇ ਰਾਮਰਾਇ ਦੇ ਦਾਹਵੇ ਦੀ ਗੱਲ ਕੀਤੀ, ਤਾਂ ਆਪਣੇ ਬਾਦਸ਼ਾਹ ਨੂੰ ਇਹ ਕਹਿ ਭੇਜਿਆ-‘ਗੁਰ ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀ | ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਾਂ ਨੂੰ ਛੱਡ ਕੇ ਸੇਵਕ ਸਿੱਖ ਨੂੰ ਗੱਦੀ ਦਿੱਤੀ ਸੀ | ਗੁਰੂ ਅੰਗਦ ਦੇਵ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਪੁੱਤਾਂ ਨੂੰ ਗੱਦੀ ਨਹੀਂ ਸੀ ਦਿੱਤੀ | ਗੁਰੂ ਰਾਮਦਾਸ ਨੇ ਵੱਡੇ ਦੋ ਪੁੱਤਾਂ ਨੂੰ ਛੱਡ ਕੇ ਛੋਟੇ ਪੁੱਤ ਨੂੰ ਗੁਰਿਆਈ ਦਿੱਤੀ ਸੀ | ਗੁਰੂ ਹਰਿਗੋਬਿੰਦ ਸਾਹਿਬ ਨੇ, ਪੁੱਤਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ-ਗੱਦੀ ਲਈ ਚੁਣਿਆ ਸੀ |ਜਿਸ ਨੂੰ ਗੁਰੂ ਸਾਹਿਬ ਨੇ ਸਭ ਤੋਂ ਵਧੇਰੇ ਯੋਗ ਤੇ ਧੁਰੋਂ ਅੰਗਿਆ ਹੋਇਆ ਸਮਝਿਆ, ਉਸ ਨੂੰ ਹੀ ਉਨ੍ਹਾ ਨੇ ਗੁਰ-ਗੱਦੀ ਦਿੱਤੀ | ਇਸ ਕਰਕੇ ਪਿਤਾ-ਗੁਰੂ ਜੀ ਲਈ ਇਹ ਜਰੂਰੀ ਨਹੀਂ ਸੀ ਕਿ ਵੱਡੇ ਪੁੱਤ ਰਾਮਰਾਇ ਨੂੰ ਹੀ ਗੁਰ-ਗੱਦੀ ਦੇਂਦੇ | ਉਨ੍ਹਾ ਨੇ ਵਡੇ ਪੁੱਤ ਨੂੰ ਛੱਡ ਕੇ ਛੋਟੇ ਪੁੱਤ ਨੂੰ ਗੱਦੀ ਲਈ ਚੁਣਿਆ | ਇਹ ਕੋਈ ਅਨੁੱਖੀ ਜਾਨ ਅਲੋਕਾਰੀ ਗੱਲ ਨਹੀਂ | ਨਾਲੇ ਗੁਰਬਾਣੀ ਵਿਚ ‘ਮਿਟੀ ਮੁਸਲਮਾਨ ਕੀ’ ਹੈ, ‘ਮਿਟੀ ਬੇਈਮਾਨ ਕੀ’ ਨਹੀਂ | ਰਾਮਰਾਇ ਨੇ ਗੁਰਬਾਣੀ ਦੀ ਤੁੱਕ ਬਦਲ ਕੇ ਅਜਿਹਾ ਕੰਮ ਕੀਤਾ ਹੈ ਜੋ ਕੋਈ ਸਿਖ ਨਹੀ ਕਰ ਜਾ ਜਰ ਸਕਦਾ | ਅਜਿਹੀਆਂ ਗੱਲਾ ਕਰ ਕੇ ਪਿਤਾ ਜੀ ਨੇ ਉਸ ਨੂੰ ਤਿਆਗ ਦਿੱਤਾ | ਇਸ ਵਿਚ ਕੋਈ ਵਧੀਕੀ ਜਾਂ ਧੱਕਾ ਨਹੀਂ, ਕੋਈ ਬੇਇਨਸਾਫੀ ਨਹੀਂ | ਰਾਮਰਾਇ ਦਾ ਦਾਅਵਾ ਝੂਠਾ ਹੈ |’
ਗੁਰੂ ਜੀ ਦੇ ਇਹ ਬਚਨ ਸੁਣ ਕੇ ਔਰੰਗਜੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਬੇਇਨਸਾਫੀ ਨਹੀਂ ਹੋਈ, ਪਰ ਬਾਦਸ਼ਾਹ ਨੇ ਗੁਰੂ ਜੀ ਦੀ ਸਮਝ ਸਿਆਣਪ ਦੀ ਪਰਖ ਕਰਨੀ ਚਾਹੀ | ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਇਨ੍ਹਾ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰੋ | ਰਾਜੇ ਨੇ ਇਕ ਵਿਉਂਤ ਸੋਚੀ ਓੁਹ ਗੁਰੂ ਜੀ ਨੂੰ ਆਪਣੇ ਮਹਿਲਾ ਵਿਚ ਇਹ ਕਹਿ ਕੇ ਲੈ ਗਿਆ ਕਿ ਪਟਰਾਣੀ ਤੇ ਹੋਰ ਪਰਵਾਰ ਆਪ ਦਾ ਦਰਸ਼ਨ ਚੁਣਦੇ ਹਨ | ਜਦ ਓੁਹ ਮਹਿਲੀ ਪੁੱਜੇ ਤਾਂ ਉਨ੍ਹਾ ਦੇ ਉਦਾਲੇ ਰਾਜਾ ਜੈ ਸਿੰਘ ਦੇ ਘਰ ਦੀਆਂ ਇਸਤਰੀਆਂ ਆ ਜੁੜੀਆਂ | ਉਨ੍ਹਾ ਨੇ ਪਟਰਾਣੀ ਵੀ ਸੀ, ਹੋਰ ਰਾਣੀਆਂ ਵੀ ਤੇ ਗੋਲੀਆਂ ਵੀ | ਸਭ ਨੇ ਇੱਕੋ ਜਿਹੇ ਕਪੜੇ ਪਾਏ ਹੋਏ ਸਨ | ਗੁਰੂ ਜੀ ਨੂੰ ਕਿਹਾ ਗਿਆ ਕਿ ਆਪ ਇਨ੍ਹਾਂ ਵਿਚੋਂ ਪਟਰਾਣੀ ਨੂੰ ਪਛਾਣੋ | ਗੁਰੂ ਜੀ ਨੇ ਵਾਰੀ ਵਾਰੀ ਤਕਿਆ ਅਤੇ ਕਿਹਾ : ਆਪਣੀ ਸੋਟੀ ਹਰੇਕ ਦੇ ਸਿਰ ਤੇ ਰੱਖੀ ‘ਇਹ ਵੀ ਪਟਰਾਣੀ ਨਹੀਂ |’ ਅੰਤ ਨੂੰ ਆਪਣੇ ਪਟਰਾਣੀ ਦੇ ਸਿਰ ਤੇ ਸੋਟੀ ਰੱਖੀ, ਚਿਹਰਾ ਗਹੁ ਨਾਲ ਤੱਕਿਆ ਕਿਹਾ, ਇਹ ਹੈ ਪਟਰਾਣੀ |’ ਬਾਦਸ਼ਾਹ ਨੇ ਹੋਰ ਵੀ ਪ੍ਰਤਾਵੇ ਕੀਤੇ ਕਰਵਾਏ, ਉਸ ਨੂੰ ਯਕੀਨ ਹੋ ਗਿਆ ਕਿ ਗੁਰੂ ਹਰਿਰਾਇ ਜੀ ਨੇ ਚੋਣ ਠੀਕ ਕੀਤੀ ਸੀ, ਉਸ ਨੇ ਰਾਮ ਰਾਇ ਦੀ ਅਰਜ਼ੀ ਖਰਚ ਕਰ ਦਿੱਤੀ ਅਤੇ ਕਿਹਾ : ‘ਹਕੂਮਤ ਕਿਸੇ ਨੂੰ ਗੁਰਿਆਈ ਨਹੀਂ ਦਿਵਾ ਸਕਦੀ | ਜੋ ਚੋਣ ਸਤਵੇ ਗੁਰੂ ਸਾਹਿਬ ਕਰ ਗਏ ਹਨ, ਉਸ ਨੂੰ ਬਦਲਣਾ ਸਾਡੇ ਵਸ ਦੀ ਗੱਲ ਨਹੀਂ |’

ਜੋਤੀ-ਜੋਤਿ ਸਮਾਉਣਾ – ਉਪਰ ਦੱਸੇ ਵਾਕਿਆਂ ਤੋਂ ਅਗਲੇ ਦਿਨ ਗੁਰੂ ਜੀ ਨੂੰ ਟਾਪ ਚੜ੍ਹ ਗਿਆ ਅਤੇ ਮਗਰੋਂ ਚੀਚਕ (ਮਾਤਾ) ਨਿਕਲ ਆਈ | ਚੀਚਕ ਵੀ ਬਹੁਤ ਹੀ ਸਖ਼ਤ ਕਿਸਮ ਦੀ ਸੀ | ਆਪ ਦੀ ਹਾਲਤ ਵੇਖ ਕੇ ਸੰਗਤ ਡੋਲ ਗਈ, ਪਰ ਗੁਰੂ ਦੀ ਸੀ | ਆਪ ਦੀ ਹਾਲਤ ਵੇਖ ਕੇ ਸੰਗਤ ਡੋਲ ਗਈ, ਪਰ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ | ਵਾਹਿਗੁਰੂ ਦਾ ਭਾਣਾ ਸੱਤ ਕਰ ਕੇ ਮੰਨਣ ਦਾ ਉਪਦੇਸ਼ ਦਿੱਤਾ ਅਤੇ ਗੁਰਬਾਣੀ ਦਾ ਪਾਠ ਤੇ ਨਾਮ ਸਾ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ | ਫੇਰ ਸੰਗਤਾਂ ਨੇ ਬੇਨਤੀ ਕੀਤੀ : ‘ਸੱਚੇ ਪਾਤਸ਼ਾਹ ! ਰਾਮਰਾਇ ਇਥੇ ਦਿੱਲੀ ਦਰਬਾਰ ਵਿੱਚ ਗੋਂਦਾ ਗੁੰਦ ਰਿਹਾ ਹੈ, ਪੰਜਾਬ ਵਿਚ ਧੀਰਮੱਲ ਤੇ ਹੋਰ ਸੋਢੀ ਗੁਰ-ਗਦੀ ਦੇ ਦਾਅਵੇਦਾਰ ਬਣੀ ਬੈਠੇ ਹਨ | ਆਪ ਦੇ ਜੋਤੀ-ਜੋਤਿ ਸਮਾਉਂਦਿਆਂ ਸਾਰ ਸਭ ਗੁਰੂ ਬਣ ਬਹਿਣਗੇ, ਰਾਮ ਰੋਲਾ ਪੈ ਜਾਵੇਗਾ | ਸੰਗਤਾ ਦੀ ਅਗਵਾਈ ਕੋਣ ਕਰੇਗਾ ? ਸਿੱਖੀ ਦਾ ਬੂਟਾ ਯੋਗ ਮਾਲੀ ਖੁਣੋਂ ਕੁਮਲਾ ਜਾਵੇਗਾ | ਮਿਹਰ ਕਰੋ ਅਤੇ ਆਪਣੇ ਥਾਂ ਕੋਈ ਆਪਣੇ ਜਿਹਾ ਨੀਅਤ ਕਰ ਜਾਓੁ |’
ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤੀ ਤੇ ਕਿਹਾ, ‘ਗੁਰੂ ਨਾਨਕ ਦੇਵ ਦਾ ਲਾਇਆ ਗੁਰਸਿੱਖੀ ਦਾ ਬੂਟਾ ਸਦਾ ਹਰਿਆ ਭਰਿਆ ਰਹੇਗਾ |’ ਇਹ ਕਹਿ ਕੇ ਆਪ ਨੇ ਨਰੇਲ ਤੇ ਪੰਜ ਪੈਸੇ ਮੰਗਵਾਏ | ਇਹ ਸ਼ੈਆਂ ਹੱਥ ਵਿੱਚ ਲੈ ਕੇ ਅਤੇ ਲੰਮੇ ਪਿਆਂ ਹੀ ਬਾਂਹ ਉੱਚੀ ਕਰ ਕੇ ਤਿੰਨ ਵੇਰ ਗੋਲ ਚੱਕਰ ਵਿਚ ਭੁਆਈ ਅਤੇ ਕਿਹਾ : ਬਾਬਾ ਬਕਾਲੇ |’ ਇਸ ਦਾ ਮਤਲਬ ਸੀ ਕਿ ਨੋਵੇਂ ਗੁਰੂ ਜੀ ਉਸ ਵੇਲੇ ਬਕਾਲੇ ਪਿੰਡ ਵਿਚ ਸਨ ਅਤੇ ਦੁਨਿਆਵੀਂ ਸਾਕ ਮੂਜਬ ਓਹ ਆਪ ਦੇ ਬਾਬੇ ਸਨ | ਇਹ ਨਰੇਲ ਤੇ ਪੰਜ ਪੈਸੇ ਉਨ੍ਹਾਂ ਲਈ ਸਨ |
ਇਹ ਬਚਨ ਕਹਿ ਕੇ ਆਪ ਚੇਤ ਸੁਦੀ ੧੪ (੩ ਵੈਸਾਖ) ਸੰਮਤ ੧੭੨੧ ਨੂੰ ਬੁੱਧਵਾਰ ਵਾਲੇ ਦਿਨ ਜੋਤੀ-ਜੋਤਿ ਸਮਾਂ ਗਏ | ਉਸ ਦਿਨ ਅੰਗਰੇਜ਼ੀ ਸਾਲ ਦੇ ਸੰਨ ੧੬੬੪ ਦੇ ਮਾਰਚ ਮਹੀਨੇ ਦੀ ੩੦ ਤਾਰੀਕ ਸੀ | ਜਮਨਾ ਦੇ ਕੰਢੇ ਭੋਗਲ ਪਿੰਡ ਦੇ ਲਾਗੇ ਆਪ ਦਾ ਅੰਤਿਮ ਸਸਕਾਰ ਕੀਤਾ ਗਿਆ | ਉਸ ਥਾਂ ਮਗਰੋਂ ‘ਬਾਲਾ ਸਾਹਿਬ’ ਗੁਰਦੁਆਰਾ ਬਣਿਆ | ਆਪ ਦੀ ਦੇਹ ਦੀ ਭਸਮ ਦਿੱਲੀ ਤੋਂ ਕੀਰਤਪੁਰ ਲਿਜਾਈ ਗਈ ਅਤੇ ਪਤਾਲਪੁਰੀ ਵਿੱਚ ਰੱਖੀ ਗਈ |
ਜੋਤੀ-ਜੋਤਿ ਸਮਾਉਣ ਵੇਲੇ ਆਪ ਦੀ ਉਮਰ ਪੋਣੇ ਕੁ ਅੱਠ ਸਾਲ ਦੀ ਸੀ | ਆਪ ਨੇ ਢਾਈ ਕੁ ਸਾਲ ਗੁਰਿਆਈ ਕੀਤੀ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY