Shri Guru Gobind Singh Ji

3710

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (Shri Guru Gobind Singh Ji)

ਜਨਮ – ਪੋਹ ਸੁਦੀ 7 (23 ਪੋਹ) ਸੰਮਤ 1732,ਪਟਨਾ ਸਾਹਿਬ(ਬਿਹਾਰ)|

ਮਾਤਾ ਪਿਤਾ – ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਸ੍ਰੀ ਮਾਤਾ ਗੁਜਰੀ ਜੀ|

ਗੁਰਿਆਈ – ਮਘਰ ਸੁਦੀ 5 (11 ਮਘਰ) ਸੰਮਤ 1732, ਸੰਨ 1675 |

ਵਿਆਹ – (1)ਸ੍ਰੀ ਮਾਤਾ ਜੀਤੋ ਜੀ ਨਾਲ, 23 ਹਾੜ ਸੰਮਤ 1732 (2) ਸ੍ਰੀ ਮਾਤਾ ਸੁੰਦਰੀ ਜੀ ਨਾਲ, 7 ਵੈਸਾਖ ਸੰਮਤ 1732 (ਸ੍ਰੀ ਮਾਤਾ ਸਾਹਿਬ ਕੌਰ ਜੀ ਨਾਲ, 18 ਵੀ ਵੈਸਾਖ, ਸੰਮਤ 1757 ਨੂੰ) |

ਸੰਤਾਨ – (1) ਬਾਬਾ ਅਜੀਤ ਸਿੰਘ ਜੀ (2) ਬਾਬਾ ਜੁਝਾਰ ਸਿੰਘ ਜੀ (3) ਬਾਬਾ ਜੋਰਾਵਰ ਸਿੰਘ ਜੀ (4) ਬਾਬਾ ਫ਼ਤਿਹ ਸਿੰਘ ਜੀ |

ਖਾਲਸੇ ਦੀ ਸਾਜਨਾ – ਵੈਸਾਖ 1, ਸੰਮਤ 1765 ਨੂੰ |

ਅਸਥਾਨੇ ਰਚੇ – ਕੇਸ ਗੜ੍ਹ, ਫਤਹਿ ਗੜ੍ਹ, ਹੋਲ ਗੜ੍ਹ, ਅਨੰਦ ਗੜ੍ਹ, ਲੋਹ ਗੜ੍ਹ, ਪਾਓੁਟਾ, ਅਬਚਲ ਨਗਰ |

ਯੁਧ – (1) ਭੰਗਾਣੀ (2) ਨਦੌਣ (3) ਗੁਲੇਰ ਜਾ ਹੁਸੈਨੀ (4) ਅਨੰਦਪੁਰ (5) ਚਮਕੌਰ (6) ਮੁਕਤਸਰ |

ਜੋਤੀ ਜੋਤ ਸਮਾਏ – ਕਤਕ ਸੁਦੀ 5 (6 ਕਤਕ) ਸੰਮਤ 1765, ਨੰਦੇੜ (ਮਹਾਰਾਸ਼ਟਰ) |

ਸ੍ਰੀ ਗੁਰੂ ਗੋਬਿੰਦ ਸਿੰਘ ਜੀ
(ਸੰਮਤ ੧੭੨੩ – ੧੭੬੫, ਸੰਨ ੧੬੬੬- ੧੭੦੮)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ ਤੇ ਬਾਲ ਲੀਲ੍ਹਾ – ਪੰਥ ਦੇ ਵਾਲੀ, ਸ੍ਰੀ ਕਲਗੀਧਰ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ੍ਰੀ ਹਰਿਮੰਦਰ ਸਾਹਿਬ,ਪਟਨਾ, ਬਿਹਾਰ-ਵਿੱਚ ਪੋਹ ਸੁਦੀ ੭ (੨੩ ਪੋਹ ) ਸੰਮਤ ੧੭੨੩, ਮੁਤਾਬਕ ੨੨ ਦਸੰਬਰ ਸੰਨ ੧੬੬੬ ਨੂੰ ਮਾਤਾ ਗੁਜਰੀ ਜੀ ਦੋ ਕੁਖੋਂ ਹੋਇਆ | ਉਸ ਵੇਲੇ ਆਪ ਦੇ ਪਿਤਾ ਗੁਰਦੇਵ-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਢਾਕਾ (ਪੂਰਬੀ ਬੰਗਾਲ, ਬੰਗਲਾ ਦੇਸ਼) ਵਿੱਚ ਸਨ | ਗੁਰੂ ਜੀ ਉਥੋਂ ਪਟਨਾ ਸਾਹਿਬ ਦੀ ਸੰਗਤ ਦੇ ਨਾਂ ਹੁਕਮਨਾਮਾ ਭੇਜਿਆ, ਜਿਸ ਵਿੱਚ ਪਰਵਾਰ ਦੀ ਸੇਵਾ ਸੰਭਾਲ ਬਾਰੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤੀ ਅਤੇ ਆਗਿਆ ਕੀਤੀ ਕਿ ਸਾਹਿਬਜ਼ਾਦੇ ਦਾ ਨਾਂ ਸ੍ਰੀ ਗੋਬਿੰਦ ਰਾਏ ਜੀ ਰੱਖਿਆ ਜਾਵੇ | ਮਗਰੋਂ ਸੰਮਤ ਵੈਸਾਖੀ ਵਾਲੇ ਦਿਨ, ਜਦ ਆਪ ਨੇ ਪੰਜਾ ਪਿਆਰਿਆ ਪਾਸੋਂ ਅੰਮ੍ਰਿਤ ਛਕਿਆ ਤਾਂ ਆਪ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਗਿਆ | ਇਸ ਕਰਕੇ ਇਸ ਪੋਥੀ ਵਿੱਚ ਜਿਥੇ ਵੀ ਆਪ ਜੀ ਦਾ ਨਾਂ ਲੈਣ ਦੀ ਲੋੜ ਹੋਵੇਗੀ, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਲਿਖਿਆ ਜਾਵੇਗਾ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਾਮੇਂ ਪੰਜਾਬ ਵਿੱਚ ਵਾਪਸ ਆ ਜਾਣ ਮਗਰੋਂ ਵੀ ਆਪ ਦਾ ਪਰਵਾਰ ਕੁਝ ਚਿਰ ਪਟਨਾ ਸਾਹਿਬ ਰਿਹਾ | ਸ੍ਰੀ ਦਸ਼ਮੇਸ਼ ਜੀ ਦੇ ਬਾਲਪਨ ਦੇ ਪਹਿਲੇ ਪੰਜ ਕੁ ਸਾਲ ਪਟਨੇ ਸਾਹਿਬ ਵਿਚ ਹੀ ਗੁਜ਼ਰੇ | ਸੰਸਕਾਰ ਬਿਧੀ ਅਨੁਸਾਰ ਆਪ ਦੀ ਸਿਖਲਾਈ ਪੜ੍ਹਾਈ ਦਾ ਕੰਮ ਉਥੇ ਹੀ ਸ਼ੁਰੂ ਕੀਤਾ ਗਿਆ | ਗੁਰਸਿੱਖੀ ਤੇ ਗੁਰਬਾਣੀ ਦੀ ਪੜਾਈ ਦੇ ਨਾਲ-ਨਾਲ ਆਪ ਨੂੰ ਸ਼ਸਤਰਾ ਦੀ ਵਰਤੋ, ਘੋੜ ਸਵਾਰੀ, ਤਾਰੀ ਆਦਿ ਦੀ ਸਿਖਲਾਈ ਵੀ ਕਰਾਈ ਗਈ | ਛੋਟੀ ਉਮਰ ਤੋਂ ਜੀ ਜੋਧਿਆ ਜਰਨੈਲਾ ਵਾਲੀਆਂ ਰੁਚੀਆ ਪ੍ਰਗਟ ਕਰਨ ਲੱਗ ਪਏ | ਉਹ ਆਪਣੇ ਹਾਣੀਆਂ ਵਿੱਚ ਦੋ ਟੋਲੀਆਂ ਬਣਾ ਕੇ ਯੁਧ ਕਰਾਉਂਦੇ, ਅਜੇਹੇ ਟਾਕਰੇ ਦੇ ਦਾਵਾਂ ਤੇ ਅਭਿਆਸ ਕਰਾਉਂਦੇ | ਇਕ ਵਪਾਰੀ ਨੇ ਆਪ ਨੀਂ ਇਕ ਛੋਟੀ ਜਿਹੀ ਬੇੜੀ ਦਿੱਤੀ |ਉਹ ਇਸ ਨੂੰ ਗੰਗਾ ਵਿਚ ਠੇਲ੍ਹ ਕੇ ਬੜੀ ਹੁਸ਼ਿਆਰੀ ਨਾਲ ਚਲਾਉਂਦੇ ਅਤੇ ਬੜੇ ਖੁਸ਼ ਹੁੰਦੇ |

ਇਕ ਵਾਰ ਦੀ ਗੱਲ ਹੈ ਕਿ ਕਿਸੇ ਪ੍ਰੇਮੀ ਨੇ ਸ੍ਰੀ ਦਸ਼ਮੇਸ਼ ਜੀ ਵਾਸਤੇ ਸੋਨੇ ਦੇ ਕੜੇ ਭੇਟ ਕੀਤੇ | ਉਹ ਆਪ ਦੇ ਹੱਥੀ ਪਾਏ ਗਏ | ਸ਼ਾਮ ਵੇਲੇ ਆਪ ਗੰਗਾ ਦੇ ਕੰਢੇ ਤੇ ਖੇਡ ਰਹੇ ਸਨ | ਆਪ ਨੇ ਇਕ ਕੜਾ ਲਾਹ ਕੇ ਗੰਗਾ ਵਿੱਚ ਸੁੱਟ ਦਿੱਤਾ | ਮਗਰੋਂ ਆਪਦੇ ਮਾਮਾ ਕ੍ਰਿਪਾਲ ਜੀ ਨੇ ਪੱਛਿਆ ਕਿ ਕੜਾ ਕਿਥੇ ਹੈ ? ਆਪ ਮਾਮਾ ਜੀ ਨੂੰ ਗੰਗਾ ਦੇ ਕੰਢੇ ਲੈ ਗਏ | ਜਿਥੇ ਖੜੋ ਕੇ ਆਪਣੇ ਕੜਾ ਦਰਿਆ ਵਿੱਚ ਸੁਟਿਆ ਸੀ | ਉਥੇ ਖੜੋ ਕੇ ਆਪਣੇ ਦੂਜਾ ਕੜਾ ਲਾ ਕੇ ਗੰਗਾ ਵਿਚ ਸੁੱਟ ਦਿੱਤਾ ਤੇ ਕਿਹਾ ਏਥੇ ਸੁਟਿਆ ਸੀ | ਉਸ ਥਾਂ ਹੁਣ ਗੁਰਦੁਆਰਾ ਗੋਬਿੰਦ ਘਾਟ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਤੋਂ ਵਾਪਿਸ ਆਉਂਦਿਆ ਪਰਵਾਰ ਨੂੰ ਪੰਜਾਬੇ ਸੱਦ ਭੇਜਿਆ | ਆਪ ਦਾ ਹੁਕਮ-ਨਾਮਾ ਪੁੱਜਣ ਤੇ ਮਾਤਾ ਗੁਜਰੀ ਜੀ ਨੇ ਪਰਵਾਰ ਸਮੇਤ ਪਟਨੇ ਸਾਹਿਬ ਤੁਰਨ ਦੀ ਤਿਆਰੀ ਕੀਤੀ ਜਦ ਪਟਨੇ ਦੀ ਸੰਗਤ ਨੂੰ ਪਤਾ ਲੱਗਾ ਕਿ ਸ੍ਰੀ ਦਸ਼ਮੇਸ਼ ਜੀ ਅਤੇ ਹੋਰ ਪਰਵਾਰ ਪੰਜਾਬ ਨੂੰ ਜਾ ਰਹੇ ਸਨ, ਤਾਂ ਸਭ ਸ਼ਰਧਾਲੂ ਜਗਤ ਸੇਠ ਸੀ | ਉਸ ਨੇ ਬੇਨਤੀ ਕੀਤੀ ਕਿ ਜਿਨ੍ਹਾ ਸਹਿਰਾ ਵਿੱਚ ਆਪਣੇ ਜਾਣਾ ਹੈ ਉਸ ਵਿੱਚ ਮੇਰੇ ਮਕਾਨ ਤੇ ਕਰਿੰਦੇ ਹਨ, ਆਪ ਨੇ ਉਥੇ ਨਿਵਾਸ ਕਰਨਾ ਅਤੇ ਮੇਰੇ ਬੰਦਿਆ ਨੂੰ ਸੇਵਾ ਕਰਨ ਦਾ ਅਵਸਰ ਬਖਸ਼ਣਾ | ਉਸ ਦੀ ਅਰਪੀ ਸੇਵਾ ਖੁਸ਼ੀ ਸਾਹਿਤ ਪ੍ਰਵਾਨ ਕੀਤੀ ਗਈ | ਫੱਗਣ ਸੰਮਤ ੧੭੨੮ ਨੂੰ ਸਾਰਾ ਸੰਗ ਏਧਰ ਪੰਜਾਬ ਵੱਲ ਨੂੰ ਤੁਰ ਪਿਆ | ਰਾਹ ਵਿੱਚ ਹਿੰਦੂਆ ਦੇ ਜਿਹਨੇ ਤੀਰਥ ਆਏ,ਸਭ ਥਾਈਂ ਕੁਝ-ਕੁਝ ਦਿਨ ਟਿਕਾਣਾ ਕੀਤਾ ਗਿਆ | ਉਨ੍ਹਾਂ ਸਭ ਬਾਰੇ ਮਾਮਾ ਕ੍ਰਿਪਾਲ ਜੀ ਨੇ ਦਸ਼ਮੇਸ ਜੀ ਨੂੰ ਵਾਕਫੀ ਕਰਾਈ | ਕਈ ਥਾਈਂ ਪੰਡਤਾ ਨਾਲ ਧਰਮਿਕ ਚਰਚਾ ਵੀ ਕੀਤੀ ਅਤੇ ਉਨ੍ਹਾਂ ਨੂੰ ਸਿੱਖ ਧਰਮ ਦੇ ਅਸੂਲਾਂ ਤੋਂ ਜਾਣੂੰ ਕਰਵਾਇਆ | ਛੋਟੀ ਜਿਹੀ ਉਮਰ ਵਿਚ ਆਪ ਜੀ ਦੀ ਅਜੇਹੀ ਅਦਭੁਤ ਯੋਗਤਾ ਵੇਖ ਕੇ ਬੜੇ ਬੜੇ ਵਿਦਵਾਨ ਪੰਡਤ ਦੰਗ ਰਹਿ ਗਏ |
ਦਾਨਪੁਰ,ਬਕਸਰ, ਆਰਾ, ਛੋਟਾ ਮਿਰਜ਼ਾਪੁਰ, ਬਨਾਰਸ, ਪਰਾਗ,ਲਖਨਊ, ਮਥਰਾ, ਥਾਨੇਸਰ, ਸਹਾਰਨਪੁਰ ਆਡੋ ਥਾਵਾਂ ਤੇ ਤੀਰਥਾ ਤਿਨ ਹੁੰਦੇ ਹੋਏ ਭਾਦੋਂ ਸੰਮਤ ੧੭੨੯ ਵਿੱਚ ਸਾਰਾ ਪਰਵਾਰ ਲਖਨੋਰ ਨੱਗਰ ਪੁੱਜਾ, ਜੋ ਅੰਭਾਲੇ ਦੇ ਪਾਸ ਹੈ | ਬਾਕੀ ਪਰਵਾਰ ਨੂੰ ਉਥੇ ਉਤਾਰਾ ਕਰਵਾ ਕੇ, ਸ੍ਰੀ ਦਸ਼ਮੇਸ਼ ਜੀ ਦੇ ਮਾਮਾ ਜੀ ਅਗਾਊ ਅਨੰਦਪੁਰ ਸਾਹਿਬ ਗਏ ਜੁ ਬਾਕੀ ਦੇ ਸਫਰ ਲਈ ਸਭ ਵਾਸਤੇ ਯੋਗ ਸਵਾਰੀ ਦਾ ਪ੍ਰਬੰਧ ਕੀਤਾ ਜਾਵੇ | ਏਥੇ ਠਹਿਰਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਪਾਉਂਦਾ ਸ਼ੁਗਲ ਝੂਠੀਆਂ ਲੜਾਈਆਂ ਹੋਇਆ ਕਰਦਾ ਸੀ | ਨਗਰ ਦੇ ਬਾਲਕਾ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਆਪ ਉਨ੍ਹਾ ਨੂੰ ਝੂਠੀ-ਮੂਠੀ ਦੀ ਲੜਾਈ ਕਰਨ ਵਿੱਚ ਲਾ ਦੇਂਦੇ ਅਤੇ ਫੋਜੀ ਚਲਾ ਅਤੇ ਕਸਰਤਾ ਦਾ ਅਭਿਆਸ ਕਰਾਇਆ ਕਰਦੇ ਸਨ | ਦਸ਼ਮੇਸ਼ ਜੀ ਏਥੇ ਰਹਿ ਕੇ ਆਪਣੇ ਸਾਥੀਆਂ ਸਮੇਤ ਸਮੇਤ ਖੇਡ ਰਹੇ ਸਨ | ਪੀਰ ਆਫਰ ਦੀਨ, ਜੋ ਕਿ ਲੋਕਾ ਵਿੱਚ ਕਰਮਾਤੀ ਫਕੀਰ ਜਾਣਿਆ ਜਾਂਦਾ ਸੀ, ਪਾਲਕੀ ਵਿੱਚ ਬੈਥਾ ਉਸ ਰਾਹੇ ਲੰਘਿਆ | ਸ੍ਰੀ ਦਸ਼ਮੇਸ਼ ਜੀ ਨੂੰ ਵੇਖਦਿਆ ਹੀ ਉਹ ਪਾਲਕੀ ਵਿਚੋਂ ਉੱਤਰ ਖੜੋਤਾ | ਉਸ ਨੇ ਸ੍ਰੀ ਦਸ਼ਮੇਸ਼ ਜੀ ਅੱਗੇ ਸ਼ੀਸ ਨਿਵਾਇਆ ਫੇਰ ਉਸਨੇ ਗੁਰੂ ਜੀ ਨਾਲ ਗੱਲਾ ਕੀਤੀਆਂ ਅਤੇ ਸ਼ੀਸ ਨਿਵਾ ਕੇ ਵਿਦਾ ਹੋਏ |

ਅਨੰਦਪੁਰੀ ਜੀਵਨ – ਕੁਝ ਚਿਰ ਲਖਨੋਰ ਰਹਿੰਦਿਆ ਨੂੰ ਹੋ ਗਏ, ਤਾਂ ਮਾਮਾ ਕ੍ਰਿਪਾਲ ਜੀ ਘੋੜੇ ਰੱਥ ਆਦਿ ਸਵਾਰੀਆਂ ਲੈ ਕੇ ਪਹੁੰਚੇ | ਸਾਰਾ ਪਰਿਵਾਰ ਲਖਨੋਰ ਤੋਂ ਵਿਦਾ ਹੋਇਆ | ਕੁਝ ਰਾਤਾਂ ਰਾਹ ਵਿੱਚ ਕਟ ਕੇ ਕੀਰਤਪੁਰ ਪਹੁੰਚੇ | ਏਥੇ ਆਪ ਦੇ ਸਵਰਗਵਾਸੀ ਤਾਇਆ, ਸ੍ਰੀ ਸੂਰਜਮਲ ਜੀ ਦੇ ਦੋ ਪੋਤਰਿਆ, ਸ੍ਰੀ ਗੁਲਾਬ ਰਾਇ ਤੇ ਸ੍ਰੀ ਸ਼ਿਆਮ ਦਾਸ ਜੀ ਨੇ ਆਪ ਦਾ ਬੜੇ ਆਦਰ ਭਾਵ ਨਾਲ ਸੁਆਗਤ ਕੀਤਾ ਅਤੇ ਅਤੇ ਆਪਣੇ ਘਰ ਉਤਾਰਾ ਦਿੱਤਾ | ਕੀਰਤਪੁਰ ਵਿੱਚ ਆਪਣੇ ਬਾਬਾ ਗੁਰਦਿੱਤਾ ਜੀ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਦੇ ਪਵਿੱਤਰ ਅਸਥਾਨਾ ਦੇ ਦਰਸ਼ਨ ਕੀਤੇ | ਜਦ ਆਪ ਅਨੰਦਪੁਰ ਸਾਹਿਬ ਦੇ ਕੋਲ ਪੁੱਜੇ, ਤਾਂ ਨਗਰ ਦੇ ਸਭ ਵਸਨੀਕ ਆਪ ਦੇ ਦਰਸ਼ਨ ਲਈ ਆਏ | ਸਾਰੇ ਨਗਰ ਵਿੱਚ ਘਰ ਘਰ ਖੁਸ਼ੀ ਮਨਾਈ ਗਈ ਤੇ ਰਾਤ ਨੂੰ ਦੀਪਮਾਲਾ ਜਗਾਈ ਤੇ ਆਤਿਸ਼ਬਾਜ਼ੀ ਚਲਾਈ ਗਈ | ਅਨੰਦਪੁਰ ਸਾਹਿਬ ਵਿੱਚ ਇਸ ਵੇਲੇ ਸ੍ਰੀ ਦਸ਼ਮੇਸ਼ ਜੀ ਆਪਣੀ ਜਗਤ ਫੇਰੀ ਦਾ ਸਭ ਤੋਂ ਵਧ ਖੁਸ਼ੀ ਤੇ ਸੁਖਾਂ ਭਰਿਆ ਅਤੇ ਚਿੰਤਾ-ਰਹਿਤ ਸਮਾਂ ਗੁਜ਼ਾਰ ਰਹੇ ਸਨ | ਮਾਤਾ ਜੀ, ਗੁਰਦੇਵ ਪਿਤਾ ਜੀ ਅਤੇ ਮਾਮਾ ਜੀ ਦਾ ਹੱਥ ਇਹਨਾ ਦੇ ਸਿਰ ਤੇ ਸੀ |ਹਜ਼ਾਰ ਸਿੱਖ ਉਨ੍ਹਾਂ ਨੂੰ ਦੇਖ ਦੇਖ ਜਿਉਂਦੇ ਅਤੇ ਹਥੀ ਛਾਵਾਂ ਕਰਦੇ ਸਨ |ਆਪਣੇ ਆਪਣੀ ਮਾਤਾ ਜੀ ਤੋਂ ਗੁਰਮੁਖੀ ਪੜ੍ਹਨੀ ਸਿੱਖੀ ਤੇ ਗੁਰਬਾਣੀ ਵੀ ਚੋਖੀ ਕੰਠ ਕਰ ਲਈ ਸੀ | ਹੋਰ ਵਿਦਿਆ ਲਈ ਆਪਣੀ ਮੁਨਸ਼ੀ ਸਹਿਬ ਕੋਲ ਬਿਠਾਇਆ ਗਿਆ | ਇਸ ਤੋਂ ਇਲਾਵਾ ਸੰਸਕ੍ਰਿਤ ਤੇ ਫ਼ਾਰਸੀ ਦੀ ਪੜਾਈ ਦਾ ਵੀ ਪ੍ਰਬੰਧ ਕੀਤਾ ਗਿਆ | ਫ਼ਾਰਸੀ ਆਪਣੇ ਮੁਨਸ਼ੀ ਪੀਰ ਮਹੁੰਮਦ ਸਲੋਹ ਪਾਸੋਂ ਪੜ੍ਹੀ | ਸ਼ਸਤਰ ਵਿਦਿਆ ਦੇ ਨਾਲ-ਨਾਲ ਆਪ ਨੂੰ ਹਰ ਪ੍ਰਕਾਰ ਦੀ ਵਿਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ | ਤਲਵਾਰ, ਖੰਡਾ, ਬੰਦੂਕ, ਸਵਾਰੀ, ਕੁਸ਼ਤੀ, ਆਦਿ ਦੀ ਸਿਖਲਾਈ ਕਰਾਈ ਗਈ | ਇਹ ਕਰੜੀ ਸਿਖਲਾਈ ਤੋਂ ਬਾਦ ਜਿਹੜਾ ਸਮਾਂ ਬਚਦਾ ਉਸ ਸਮਾਂ ਗੁਰੂ ਜੀ ਖੇਡਾ ਵਿੱਚ ਗੁਜਾਰਿਆ ਕਰਦੇ ਸਨ |

ਪਹਿਲੀ ਕੁਰਬਾਨੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦਾ ਹਾਲ ਦੱਸਣ ਸਮੇ ਇਹ ਗਿਆ ਸੀ ਕਿ ਕਸ਼ਮੀਰੀ ਪੰਡਤਾ ਨੇ ਕਿਵੇ ਅੰਨਦਪੁਰ ਪਹੁੰਚ ਕੇ ਪੁਕਾਰ ਕੀਤੀ ਸੀ ਅਤੇ ਕਿਵੇ ਦਸਮੇਸ਼-ਪਿਤਾ ਜੀ ਨੇ ਆਪਣੇ ਪਿਤਾ ਗੁਰਦੇਵ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੁਖੀਆਂ ਦੇ ਧਰਮ ਦੀ ਖਾਤਰ ਸ਼ਹੀਦ ਹੋਣ ਲਈ ਤੋਰਿਆ ਸੀ | ਇਸ ਤਰਾਂ ਆਪਣੇ ਇਸ ਸਿਲਸਲੇ ਵਿੱਚ, ਦੇਸ਼ ਤੇ ਦੇਸ਼ ਵਾਸੀਆ ਦੀ ਸੇਵਾ ਸਹਾਇਤਾ ਦੀ ਖਾਤਰ ਪਹਿਲੀ ਕੁਰਬਾਨੀ ਆਪਣੇ ਪਿਤਾ ਜੀ ਦੀ ਦਿੱਤੀ |

ਗੁਰਿਆਈ – ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਸਹੀਦ ਹੋਣ ਤੋਂ ਪਹਿਲਾ ਇਸ ਹੁਕਮ ਕਰ ਗਏ ਸਨ ਕਿ ਸਾਡੇ ਮਗਰੋਂ ਗੁਰ-ਗੱਦੀ ਸਾਡਾ ਸ਼ਹਿਜਾਦਾ ਸੰਭਾਲੇਗਾ | ਇਸ ਹੁਕਮ ਮੂਜਬ ਸ਼ਹੀਦੀ ਤੋਂ ਕੁਝ ਚਿਰ ਮਗਰੋਂ ਮਘੱਰ ਸੰਮਤ ੧੭੩੨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਉਪਰ ਬਿਠਾਉਣ ਦੀ ਰਸਮ ਕੀਤੀ ਗਈ | ਉਂਜ ਆਪ ਦੀ ਗੁਰਿਆਈ ਦਾ ਸਮਾਂ ਤਾਂ ਨੋਵੀ ਪਾਤਸ਼ਾਹੀ ਦੀ ਸ਼ਹੀਦੀ ਵਾਲੇ ਦਿਨ ਮਘੱਰ ਸੁਦੀ ੫ (੧੧ ਮਘੱਰ) ਸੰਮਤ ੧੭੩੨ ਤੋਂ ਜੀ ਸ਼ੁਰੂ ਹੋਇਆ | ਬਾਬਾ ਬੁੱਢਾ ਜੀ ਦੀ ਅੰਸ ਬਾਬਾ ਰਾਮ ਕੰਵਰ ਕੌਰ ਜੀ ਨੇ ਮਰਯਾਦਾ ਅਨੁਸਾਰ ਆਪ ਜੀ ਨੂੰ ਜਿਗ੍ਹਾ-ਕਲਗੀ ਸਜਾ ਕੇ ਸ੍ਰੀ ਸਾਹਿਬ ਗਾਤਰੇ ਪਹਿਨਾ ਕੇ ਤੇ ਗੁਰ-ਗੱਦੀ ਦਾ ਤਿਲਕ ਦੇ ਕੇ ਗੁਰਿਆਈ ਦੀ ਰਸਮ ਅਦਾ ਕੀਤੀ |

ਦਸਮੇਸ਼ ਜੀ ਦੀਆਂ ਔਕੜਾ – ਸ੍ਰੀ ਕਲਗੀਧਾਰ ਦਸਮੇਸ਼ ਜੀ ਦੀ ਉਮਰ ਇਸ ਵੇਲੇ ਮਸਾਂ ਨੋਂ ਸਾਲ ਦੀ ਸੀ, ਪਰ ਆਪ ਦਾ ਟਾਕਰਾ ਅਜਿਹੀਆਂ ਤਾਕਤਾ ਨਾਲ ਪੈ ਗਿਆ ਸੀ ਤੇ ਆਪ ਦਾ ਰਾਹ ਔਕੜਾ ਨਾਲ ਪੈ ਗਿਆ ਸੀ, ਜਿਹਨਾ ਤੱਕ ਵਿਚਾਰ ਕੇ ਵੱਡੇ-ਵੱਡੇ ਬਲਵਾਨ ਵੀ ਵਿਰਲੇ ਹੀ ਅਡੋਲ ਚਿਤ ਰਹਿ ਸਕਦੇ | ਸ੍ਰੀ ਦਸ਼ਮੇਸ਼ ਦਾ ਟਾਕਰਾ ਹਿੰਦੂ, ਬ੍ਰਾਹਮਣਾ, ਮੁਸਲਮਾਨਾ, ਕਸਤਰੀਆਂ, ਰਾਜਿਆ,ਰਾਜਪੂਤਾ ਆਦਿ ਦੀ, ਜਿਹੜੇ ਗੁਰੂ ਜੀ ਦੇ ਮਿਸ਼ਨ ਨੂੰ ਸਮਝਣ ਦੀ ਬਜਾਏ ਇਹ ਸਮਝ ਬੈਠੇ ਸਨ ਕਿ ਜੈ ਸਿੱਖੀ ਫੇਲ ਗਈ ਤਾਂ ਸਦੀਆਂ ਪਦਵੀਆ ਤੇ ਅਖਤਿਆਰ ਸਭ ਜਾਂਦੇ ਰਹਿਣਗੇ | ਇਹਨਾ ਲੀਕ ਨੇ ਮੁਗਲ ਰਾਜ ਨਾਲ ਗੰਢ ਪਾ ਲਈ | ਸ੍ਰੀ ਦਸ਼ਮੇਸ਼ ਅਗੇ ਵੱਡੀ ਅਤੇ ਦਿਲ-ਯਰਕਾਓ ਔਕੜ ਸੀ ਸਾਧਨਾ ਅਤੇ ਸਾਥੀਆਂ ਦੀ ਕਮੀ | ਗੁਰੂ ਜੀ ਨੂੰ ਵਿਰੁਧੀ ਤਾਕਤਾ ਤਾਕਤਾ ਦਾ ਟਾਕਰਾ ਕਰਨ ਲਈ ਫ਼ੋਜ ਦੀ ਬਹੁਤ ਲੋੜ ਸੀ | ਇਕ ਹੋਰ ਔਕੜ ਇਹ ਸੀ ਕਿ ਗੁਰੂ ਜੀ ਦੇ ਸਗੇ ਸੋਦਰੇ ਗੁਰਿਆਈ ਦੇ ਝਗੜਿਆ ਕਰਕੇ ਆਪ ਦੇ ਵਿਰੁਧੀ ਬਣ ਗਏ – ਮੀਣੇ, ਧੀਰਮਲੀਏ, ਰਾਮ-ਰਾਈਏ ਅਤੇ ਹੋਰ ਸੋਢੀ ਘਰਾਣੇ |

ਤਿਆਰੀ – ਸ੍ਰੀ ਦਸਮੇਸ਼ ਜੀ ਨੇ ਹਿੰਦੀਆਂ ਦੀ ਕਾਇਆ ਕਲਪ ਕਰਨ ਦਾ ਪ੍ਰਣ ਕੀਤਾ ਸੀ | ਉਹ ਚਾਹੁੰਦੇ ਸਨ ਕਿ ਲੋਕਾ ਵਿੱਚ ਕਦੀਮੀ ਜੰਜੀਰਾ ਨੂੰ ਤੋੜ ਕੇ ਸੁੱਟ ਪਾਉਣ, ਅਜਾਦ ਕੋਮਾ ਵਾਲੇ ਗੁਣ, ਸੁਭਾਅ ਤੇ ਖਿਆਲ ਗ੍ਰਹਿਣ ਕਰ ਲੈਣ ਅਤੇ ਦੇਸ਼ ਨੂੰ ਅਜਾਦ ਤੇ ਨਰੋਆ ਤੇ ਨਿਆਂਕਾਰ ਬਣਾਉਣ ਦੀ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ | ਇਹ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਅਤੇ ਹੋਏ ਗੁਰੂ ਸਹਿਬਾਨਾ ਨੇ ਵੀ ਇਸ ਨੂੰ ਚਲਾਇਆ ਤੇ ਨਿਬਾਇਆ | ਇਕ ਪਾਸੇ ਬ੍ਰਾਹਮਣ, ਕਾਜ਼ੀ ਮੁੱਲਾ ਵੀ ਲੱਖਾ ਹੀ ਇਨਸਾਨਾਂ ਨੂੰ ਇਕ ਭਾਂਤ ਦੀ ਧਾਰਮਿਕ ਗੁਲਾਮੀ ਵਿਚ ਜਕੜੀ ਬੈਠੇ ਸਨ | ਦੂਜੇ ਪਾਸੇ ਮੁਸਲਮਾਨ ਹਕੂਮਤ ਦਾ ਜਬਰ ਸੀ ਅਤੇ ਤੀਜਾ ਲੋਕ ਪੁਰਾਣੇ ਸਮਾਜਿਕ ਭਰਮਾਂ, ਬਨ੍ਹਣਾ, ਵਿਚ ਜਕੜੇ ਹੋਏ ਜਾਤ ਅਭਿਮਾਨੀ ਬ੍ਰਾਹਮਣਾ, ਖਤ੍ਰੀਆ ਤੇ ਲੋਕਾ ਦੋ ਅਖੋਤੀ ਕੁਦਰਤੀ ਆਗੂਆ ਦਾ ਜੁਲਮ ਤੇ ਧੱਕਾ ਸੀ | ਉਨ੍ਹਾਂ ਲੋਕਾ ਉਪਰ ਜਿਨ੍ਹਾਂ ਨੂੰ ਇਹ ਨੀਚ-ਜਾਤੀਏ, ਅਛੂਤ ਕਹਿੰਦੇ ਸਨ | ਇਨ੍ਹਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ | ਗੁਰੂ ਜੀ ਨੇ ਜੁਲਮਾਂ-ਜਬਰਾਂ ਨੂੰ ਖਤਮ ਕਰਨ ਦਾ ਪ੍ਰਣ ਕੀਤਾ ਸੀ | ਇਸ ਲਈ ਜਿਥੇ ਵੀ ਲੋਕ ਇਕਠੇ ਹੁੰਦੇ ਸਨ ਗੁਰੂ ਜੀ ਉਨ੍ਹਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਸਨ | ਗੁਰੂ ਜੀ ਆਪ ਤੀਰਬਾਜੀ,ਘੋੜਸਵਾਰੀ, ਤਲਵਾਰ ਵਾਹੁਣ, ਬੰਦੂਕਾ, ਪਸਤੋਲਾ ਅਤੇ ਨਿਸ਼ਾਨੇ ਫੁੰਡਣ ਆਦਿ ਦਾ ਅਭਿਆਸ ਕਰਦੇ ਅਤੇ ਕਰਾਉਂਦੇ ਸਨ | ਜਦ ਆਪ ਸ਼ਿਕਾਰ ਚੜ੍ਹਦੇ ਸਨ ਤਾਂ ਰਣਜੀਤ ਨਗਾਰਾ ਵਜਾਉਂਦੇ ਸਨ | ਆਪਣੇ ਕਿਹਾ ਕਿ ਸੰਤ ਸੂਰਮਿਆ ਆਨੰਦਪੁਰ ਆ ਕੇ ਸੇਨਾ ਵਿਚ ਭਰਤੀ ਹੋਣ | ਆਪਦੀ ਆਗਿਆ ਦੀ ਪਾਲਣ ਕਰਦੇ ਹੋਏ ਚੋਖੇ ਸਿਰ-ਲਥ ਸ਼ਰਧਾਲੂ ਸੁਰਮੇ ਗੁਰੂ ਜੀ ਦੀ ਫੋਜ਼ ਵਿਚ ਭਰਤੀ ਹੋ ਗਏ | ਆਪਣੇ ਸੰਮਤ ੧੭੪੨ (ਸੰਨ ੧੬੮੫) ਵਿੱਚ ਇਕ ਕਿਲ੍ਹਾ ਬਣਾਇਆ | ਜਿਸ ਦਾ ਨਾਂ ਆਪ ਨੇ ਪਾਉਂਟਾ ਸਾਹਿਬ ਰੱਖਿਆ |

ਵਿਆਹ ਤੇ ਸੰਤਾਨ -ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਤਿੰਨ ਵਿਆਹ ਹੋਏ ਸਨ | ਆਪ ਦਾ ਪਹਿਲਾ ਵਿਆਹ ਲਾਹੋਰ ਨਿਵਾਸੀ ਹਰਿਜਸ ਸੁਭਿਖੀਏ ਖੱਤਰੀ ਦੀ ਸਪੁੱਤਰੀ ਜੀਤੋ ਜੀ ਨਾਲ ਹਾੜ ਸੰਮਤ ੧੭੩੪ ਵਿੱਚ ਹੋਇਆ | ਗੁਰੂ ਜੀ ਨੇ ਸਿੱਖਾ ਨੂੰ ਕਹਿ ਕੇ ਅਨੰਦਪੁਰ ਤੋਂ ਸੱਤ ਕੁ ਕੋਹ ਉਤਰ ਵੱਲ ਉਸ ਸਮੇਂ ਵਾਸਤੇ ਇਕ ਅਦਭੁਤ ਨਗਰ ਰਚ ਦਿੱਤਾ ਜਿਸ ਦਾ ਨਾਂ ‘ਗੁਰੂ ਕਾ ਲਾਹੋਰ’ ਰੱਖਿਆ | ਏਥੇ ਗੁਰੂ ਜੀ ਦੀ ਸ਼ਾਦੀ ਜੀਤੋ ਜੀ ਨਾਲ ਹੋਈ | ਮਾਤਾ ਜੀਤੋ ਜੀ ਦਾ ਅਸਲੀ ਨਾਂ ਅਜਿਤੋ ਸੀ ਜੋਕਿ ਅੰਮ੍ਰਿਤ ਛੱਕਣ ਤੇ ਅਜੀਤ ਕੌਰ ਬਣਿਆ | ਇਨ੍ਹਾ ਦੀ ਕੁੱਖ ਤੋਂ ਤਿੰਨ ਸਾਹਿਬਜ਼ਾਦੇ ਪੈਦਾ ਹੋਏ | ਬਾਬਾ ਜੁਝਾਰ ਸਿੰਘ ਜੀ ਸੰਮਤ ੧੭੪੭ (ਸੰਨ ੧੬੯੦) ਵਿੱਚ, ਬਾਬਾ ਜ਼ੋਰਾਵਰ ਸਿੰਘ ਜੀ ਸੰਮਤ ੧੭੫੩ (ਸੰਮਤ ੧੬੯੬) ਵਿੱਚ ਅਤੇ ਫਤਿਹ ਸਿੰਘ ਜੀ ਸੰਮਤ ੧੭੫੬ (ਸੰਮਤ ੧੬੯੯) ਵਿੱਚ | ਸ੍ਰੀ ਮਰਾ ਜੀਤੋ ਜੀ ਦਾ ਦੇਹਾਂਤ ਸੰਮਤ ੧੭੪੭ ਵਿੱਚ ਸ੍ਰੀ ਅਨੰਦਪੁਰ ਵਿੱਚ ਹੋਇਆ | ਉਥੇ ਆਪ ਦਾ ਦੋਹਰਾ ‘ਅਗੰਮ ਪੁਰ’ ਦੇ ਨਾਂ ਤੋਂ ਪ੍ਰਸਿੱਧ ਹੈ |
ਸ੍ਰੀ ਦਸਮੇਸ਼ ਜੀ ਦਾ ਦੂਜਾ ਵਿਆਹ ਲਾਹੋਰ ਨਿਵਾਸੀ ਸ੍ਰੀ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ ੭ ਵੈਸਾਖ ਸੰਮਤ ੧੭੪੧ ਨੂੰ ਹੋਇਆ | ਇਨ੍ਹਾ ਦੀ ਕੁੱਖ ਤੋਂ ਸ੍ਰੀ ਦਸ਼ਮੇਸ਼ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਮਾਘ ਸੁਦੀ ੪ (23 ਮਾਘ) ਸੰਮਤ ੧੭੪੩ ਮੁਤਾਬਕ ੭ ਜਨਵਰੀ ਸੰਨ ੧੬੮੭ ਨੂੰ ਪੈਦਾ ਹੋਏ | ਸ੍ਰੀ ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਮਾਤਾ ਸੁੰਦਰੀ ਜੀ ਦਾ ਹੁਕਮ ਪੰਥ ਥਾਪ ਕੇ ਭੇਜਿਆ ਸੀ | ਮਾਤਾ ਜੀ ਦੇ ਜੀਵਣ ਦਾ ਅੰਤਿਮ ਸਮਾਂ ਦਿੱਲੀ ਵਿੱਚ ਗੁਜਾਰਿਆ | ਆਪ ਦਾ ਦੇਹਾਂਤ ਸੰਮਤ ੧੮੦੪ (ਸੰਮਤ ੧੭੪੭) ਵਿਚ ਹੋਇਆ |
ਆਪ ਦਾ ਤੀਜਾ ਵਿਆਹ ਰਹੁਤਾਸ ਜ਼ਿਲਾ ਜਿਹਲਮ, (ਪਾਕਿਸਤਾਨ) ਨਿਵਾਸੀ ਸ੍ਰੀ ਰਾਮੂ ਬੱਸੀ ਖੱਤਰੀ ਦੀ ਸਪੁੱਤਰੀ, ਮਾਤਾ ਸਾਹਿਬ ਦੇਵੀ ਜੀ ਨਾਲ ਸੰਮਤ ੧੭੫੭ ਵਿੱਚ ਹੋਇਆ ਪਰ ਇਹ ਵਿਆਹ ਆਮ ਵਿਹਾਵਾਂ ਵਰਗਾ ਨਹੀ ਸੀ | ਇਹ ਇਓਂ : ਸੰਮਤ ੧੭੫੭ ਵਿੱਚ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਮਗਰੋਂ, ਮਾਤਾ ਸਾਹਿਬ ਦੇਵੀ ਦੀ ਪਿਤਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ : ;ਸੱਚੇ ਪਾਤਸ਼ਾਹ, ਮੈ ਆਪਣੀ ਧੀ (ਸਾਹਿਬ ਦੇਵੀ) ਜੰਮਦੀ ਨੂੰ ਹੀ ਆਪ ਦੇ ਅਰਪਣ ਕੀਤਾ ਹੋਇਆ ਹੈ, ਆਪ ਇਸਦਾ ਸਾਕ ਪ੍ਰਵਾਨ ਕਰੋ, ਲੋਕ ਸਭ ਇਸ ਨੂੰ ਮਾਤਾ ਕਹਿੰਦੇ ਹਨ | ਆਪ ਬਿਨਾ ਇਹਨੂੰ ਹੋਰ ਕੋਈ ਨਹੀ ਵਰੇ-ਵਿਆਹਵੇਗਾ |ਗੁਰੂ ਜੀ ਨੇ ਕੁਝ ਸ਼ਰਤਾ ਤੇ ਤੀਜਾ ਵਿਆਹ ਕੀਤਾ | ਮਾਤਾ ਸਹਿਬ ਕੌਰ ਜੀ ਨੂੰ ਸਿੱਖ ਤੇ ਗੈਰ-ਸਿੱਖ ਇਤਿਹਾਸਕਾਰਾਂ ਨੇ ‘ਕੁਆਰਾ ਡੋਲਾ’ ਕਰ ਕੇ ਲਿਖਿਆ ਗਿਆ | ਆਪ ਵਿਆਹੇ ਹੋਏ ਵੀ ਕੁਆਰੇ ਹੀ ਰਹੇ |ਅੰਮ੍ਰਿਤ ਛਕਣ ਮਗਰੋਂ ਆਆਪ ਦਾ ਨਾਮ ਮਾਤਾ ਸਾਹਿਬ ਕੌਰ ਰੱਖਿਆ ਗਿਆ | ਸ੍ਰੀ ਦਸਮੇਸ਼ ਜੀ ਨੇ ਇਨ੍ਹਾਂ ਦੀ ਗੋਦ ਖਾਲਸਾ ਪੰਥ ਪਾਇਆ |

ਭੰਗਾਣੀ ਯੁੱਧ – ਇਹ ਯੁੱਧ ੧੬ ਵੈਸਾਖ ਸੰਮਤ ੧੭੪੬ (ਅਪ੍ਰੈਲ ਸੰਨ ੧੬੮੯) ਨੂੰ ਪਹਾੜੀ ਰਾਜਿਆ ਤੇ ਗੁਰੂ ਜੀ ਵਿਚਕਾਰ ਹੋਈ |ਇਸ ਵਿਚ ਗੁਰੂ ਜੀ ਦੀ ਜਿੱਤ ਹੋਈ | ਇਹ ਯੁੱਧ ਗੁਰੂ ਜੀ ਦਾ ਪਹਿਲਾ ਯੁੱਧ ਸੀ | ਨਾਦੋਣ ਯੁੱਧ, ਹੁਸੈਨੀ ਯੁੱਧ – ਨਾਦੋਣ ਦਾ ਯੁੱਧ ੧੭੪੭ ਦੇ ਅੰਤ ਵਿੱਚ ਹੋਇਆ |ਗੁਰੂ ਜੀ ਨੇ ਇਸ ਲੜਾਈ ਮੁਗਲ ਸੇਨਾ ਪਹਾੜੀ ਰਾਜਿਆ ਦੀ ਸਹਾਇਤਾ ਕੀਤੀ | ਇਸ ਵਿਚ ਵੀ ਗੁਰੂ ਜੀ ਦੀ ਜਿੱਤ ਹੋਈ | ਹੁਸੈਨੀ ਦਾ ਯੁੱਧ ੧੬੯੫ (੧੭੫੨) ਦੇ ਕਰੀਬ ਹੋਇਆ |ਇਹ ਯੁੱਧ ਪਹਾੜੀ ਰਾਜਿਆ ਤੇ ਗੁਰੂ ਜੀ ਵਿਚਕਾਰ ਹੋਇਆ ਪਰ ਇਸ ਯੁੱਧ ਵਿੱਚ ਵੀ ਗੁਰੂ ਜੀ ਦੀ ਜਿੱਤ ਹੋਈ |

ਖਾਲਸਾ ਪੰਥ ਦੀ ਸਾਜਨਾ -ਖਾਲਸਾ ਪੰਥ ਦੀ ਸਾਜਨਾ ਗੁਰੂ ਜੀ ਨੇ ਸੰਮਤ ੧੭੫੬ ਦੀ ਵੈਸਾਖੀ ਦਾ ਦਿਨ ਨਿਯਤ ਕੀਤਾ | ਚਾਰ ਚੁਫੇਰੇ ਸੰਗਤਾ ਨੂੰ ਹੁਕਮ ਭੇਜੇ ਗਏ ਕਿ ਐਤਕਾ ਦੀ ਵੈਸਾਖੀ ਦੇ ਮੋਕੇ ਉਤੇ ਖਾਸ ਵੱਡਾ ਤੇ ਉਚੇਚਾ ਜੋੜ-ਮੇਲਾ ਹੋਵੇਗਾ | ਇਸ ਦੀ ਖਾਤਰ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣ | ਸੰਮਤ ੧੭੫੬ ਦੀ ਵੈਸਾਖੀ (੩੦ ਮਾਰਚ ਸੰਨ ੧੬੯੯) ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ | ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਹਜ਼ਾਰ ਸਿੱਖ ਅੰਨਦਪੁਰ ਆ ਜੁੜੇ | ਵੈਸਾਖੀ ਵਾਲੇ ਦਿਨ ਕੇਸਗੜ੍ਹ ਵਾਲੇ ਥਾਂ ਤੇ ਦੀਵਾਨ ਸਜਿਆ | ਫੇਰ ਜਦ ਭੋਗ ਪਿਆ ਤਾਂ ਗੁਰੂ ਜੀ ਨੇ ਕਿਰਪਾਨ ਸਿਰੋ ਉੱਚੀ ਹਵਾ ਵਿੱਚ ਹਲਾ ਕੇ ਲਲਕਾਰਾ ਮਾਰ ਕੇ ਸੰਗਤਾ ਨੂੰ ਕਿਹਾ : ਇਕ ਸੀਸ ਦੀ ਲੋੜ ਹੈ | ਇਹ ਕਿਰਪਾਨ ਇਕ ਸਿੱਖ ਦਾ ਲਹੂ ਚੱਟਣਾ ਚਾਹੁੰਦੀ ਹੈ |ਕੋਈ ਨਿਤਰੇਗਾ ਇਸ ਦੀ ਪਿਆਸ ਬਝਾਉਣ ਲਈ ? ਕੋਈ ਹੈ ਜੋ ਸੀਸ ਭੇਟ ਕਰੇ | ਇਹ ਝਾਕੀ ਸੁਣ ਕੇ ਸੰਗਤ ਦੇ ਸਾਹ ਉਤੇ ਦੇ ਉਤੇ ਅਤੇ ਥੱਲੇ ਦੇ ਥੱਲੇ ਰਹਿ ਗਏ |ਦੀਵਾਨ ਵਿੱਚ ਚੁਪ ਚਾਪ ਵਰਤ ਗਈ | ਗੁਰੂ ਜੀ ਨੇ ਫੇਰ ਲਲਕਾਰਾ ਮਾਰ ਕੇ ਸੀਸ ਦੀ ਮੰਗ ਕੀਤੀ | ਫੇਰ ਵੀ ਕੋਈ ਉਠਿਆ | ਗੁਰੂ ਜ ਨੇ ਤੀਜੀ ਵਾਰ ਕਿਹਾ: ਸੀਸ ਦੀ ਲੋੜ ਹੈ,ਸਿੱਖੋ ! ਕੋਈ ਨਿਤਰੇਗਾ ? ਇਸ ਵਾਰ ਭਾਈ ਦਇਆ ਰਾਮ ਜੀ ਲਾਹੋਰ ਨਿਵਾਸੀ ਖੱਤਰੀ ਉਠੇ ਅਤੇ ਹੱਥ ਬਣ ਕੇ ਕਹਿਣ ਲਗੇ, ਸੱਚੇ ਪਾਤਸ਼ਾਹ ! ਮੇਰਾ ਸੀਸ ਹਾਜ਼ਰ ਹੈ, ਇਸ ਨੂੰ ਪ੍ਰਵਾਨ ਕਰੋ |’ ਗੁਰੂ ਜੀ ਉਸ ਨੂੰ ਤੰਬੂ ਅੰਦਰ ਲੈ ਗਏ | ਤੰਬੂ ਦੇ ਅੰਦਰ ਤਲਵਾਰ ਵਜਣ ਅਤੇ ਧੜ ਦੇ ਡਿਗਣ ਦੀ ਅਵਾਜ਼ ਆਈ ਅਤੇ ਲਹੂ ਦੀ ਧਾਰ ਤੰਬੂ ਤੋਂ ਬਾਹਰ ਚੱਲ ਪਈ | ਲਹੂ ਨਾਲ ਰੰਗੀ ਹੋਈ ਤਲਵਾਰ ਸਿਰੋਂ ਹਿਲਾਉਂਦੇ-ਹਿਲਾਉਂਦੇ ਗੁਰੂ ਜੀ ਤੰਬੂ ਤੋਂ ਬਾਹਰ ਆਏ | ਇਕ ਹੋਰ ਸੀਸ ਦੀ ਮੰਗ ਕਰਨ ਲੱਗੇ | ਦੀਵਾਨ ਵਿੱਚ ਬੈਠੇ ਸਿੱਖ ਘਾਬਰ ਗਏ | ਤਾਂ ਗੁਰੂ ਜੀ ਨੇ ਤੀਜੀ ਵਾਰ ਦੂਜੇ ਸਿੱਖ ਦੀ ਮੰਗ ਕੀਤੀ | ਤਾਂ ਭਾਈ ਧਰਮ ਸਿੰਘ ਜੀ ਦਿੱਲੀ ਦੇ ਜੱਟ ਨੇ ਆਪਣਾ ਸੀਸ ਭੇਟ ਕੀਤਾ | ਗੁਰੂ ਜੀ ਉਸ ਨੂੰ ਵੀ ਬਾਂਹ ਫੜ ਕੇ ਤੰਬੂ ਅੰਦਰ ਲੈ ਗਏ | ਅੰਦਰੋਂ ਫੇਰ ਤਲਵਾਰ ਦੀ ਤੇ ਧੜ ਦੇ ਡਿਗਣ ਦੀ ਅਵਾਜ਼ ਆਈ ਅਤੇ ਲਹੂ ਦੀ ਧਾਰ ਹੋਰ ਵਡੇਰੀ ਵੱਗ ਤੁਰੀ | ਗੁਰੂ ਜੀ ਫੇਰ ਤੰਬੂ ਤੋਂ ਬਾਹਰ ਆਏ | ਫੇਰ ਆਪ ਨੇ ਤੀਜੇ ਸਿਰ ਦੀ ਮੰਗ ਕੀਤੀ ਸਾਰੀ ਸੰਗਤ ਭੈ-ਭੀਤ ਹੋ ਗਈ | ਗੁਰੂ ਜੀ ਨੇ ਤੀਜੇ ਸਿੱਖ ਦੀ ਮੰਗ ਲਲਕਾਰੇ ਮਾਰ ਮਾਰ ਕੇ ਕੀਤੀ ਅੰਤ ਵਿੱਚ ਭਾਈ ਮੁਹਕਮ ਚੰਦ ਜੀ ਦਵਾਰਕਾ ਦੇ ਛਿਬੇਂ ਨੇ ਸੀਸ ਭੇਟ ਕੀਤਾ | ਉਸ ਨੂੰ ਵੀ ਗੁਰੂ ਜੀ ਧੂਹ ਕੇ ਅੰਦਰ ਲੈ ਗਏ | ਅੰਦਰੋ ਫੇਰ ਤਲਵਾਰ ਦੀ ਤੇ ਧੜ ਦੇ ਡਿਗਣ ਦੀ ਅਵਾਜ਼ ਆਈ ਅਤੇ ਲਹੂ ਦਾ ਪਰਨਾਲਾ ਬਾਹਰ ਵੱਗ ਤੁਰਿਆ | ਗੁਰੂ ਜੀ ਫੇਰ ਤੰਬੂ ਤੋਂ ਬਾਹਰ ਆਏ | ਇਸੇ ਤਰਾਂ ਫੇਰ ਚੋਥੇ ਅਤੇ ਪੰਜਵੇ ਸੀਸ ਦੀ ਮੰਗ ਕੀਤੀ ਅਤੇ ਭਾਈ ਸਾਹਿਬ ਚੰਦ ਜੀ ਬਿਦਰ ਸ਼ਹਿਰ ਦੇ ਨਾਈ ਅਤੇ ਭਾਈ ਹਿੰਮਤ ਰਾਇ ਜੀ ਦਵਾਰਕਾ ਦੇ ਝਿਊਰ, ਨੇ ਵਾਰੀ ਵਾਰੀ ਆਪਣੇ ਸ਼ੀਸ ਭੇਟ ਕੀਤੇ |ਇਹ ਦੋਨਾ ਨੂੰ ਤੰਬੂ ਅੰਦਰ ਲੈ ਗਏ | ਅੰਦਰੋਂ ਫੇਰ ਓਹੀ ਅਵਾਜ਼ਾ ਆਈਆਂ | ਉਸੇ ਤਰਾਂ ਲਹੂ ਤੰਬੂ ਦੇ ਬਾਹਰ ਵੱਗ ਤੁਰਿਆ | ਕੁਝ ਚਿਰ ਬਾਅਦ ਗੁਰੂ ਜੀ ਖੁਸ਼ੀ ਨਾਲ ਖਿੜੇ ਹੋਏ ਤੇ ਬੀਰ-ਰਸ ਨਾਲ ਗਦਗਦ ਕਰ ਰਹੇ ਚਹਿਰੇ ਤੰਬੂ ਵਿਚੋਂ ਬਾਹਰ ਨਿਕਲੇ | ਆਪਦੇ ਪਿਛੇ ਸ਼ਾਨਦਾਰ ਪੁਸ਼ਾਕ ਪਹਿਨੀ ਹੋਈ ਓਹੀ ਪੰਜੇ ਸਿੱਖ ਸਨ | ਗੁਰੂ ਜੀ ਨੇ ਕਿਹਾ ਇਹ ਗੁਰੂ ਦੇ ਲਾਲ ਹਨ, ਇਹ ਪੰਜ ਪਿਆਰੇ ਹਨ !’
ਪੰਜਾ ਪਿਆਰਿਆ ਦੀ ਚੋਣ ਕੇ ਲੈਣ ਮਗਰੋਂ ਸ੍ਰੀ ਕਲਗੀਧਰ ਦਸਮੇਸ਼ ਜੀ ਨੇ ਲੋਹੇ ਦੇ ਭਾਟੇ ਵਿੱਚ ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾ ਪਿਆਰਿਆ ਤੇ ਦੀਵਾਨ ਵਿੱਚ ਜੁੜੇ ਸਿੱਖਾ ਨੂੰ ਆਪ ਨੇ ਅਸੂਲਾ,ਆਦਰਸ਼ਾ ਤੇ ਮਿਸ਼ਨ ਬਾਰੇ ਅਤੇ ਖਾਲਸੇ ਦੀ ਰਹਿਤ ਬਾਰੇ ਉਪਦੇਸ਼ ਦਿੱਤਾ | ਆਪਣੇ ਕਿਹਾ ਮੇਰੇ ਪੰਜ ਸਿੱਖ ਹੁਣ ਸਿੰਘ ਬਣ ਚੁੱਕੇ ਹਨ | ਅੱਜ ਤੋਂ ਇਨ੍ਹਾਂ ਦੇ ਨਾਂ ਦਇਆ ਸਿੰਘ, ਧਰਮ ਸਿੰਘ, ਮੁਹਕਮ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ | ਤੁਸੀਂ ਵੀ ਅੰਮ੍ਰਿਤ ਛੱਕੋ ਅਤੇ ਸਿੰਘ ਸਜ ਜਾਓ |ਗੁਰੂ ਜੀ ਨੇ ਕਿਹਾ ਅੱਜ ਤੋਂ ਬਾਅਦ ਤੁਸੀਂ ਮੇਰੇ ਪੁੱਤ ਹੋ, ਜਨਮ ਤੋਂ ਜਿਹੜੀਆ ਤੁਹਾਡੀਆਂ ਜਾਤਾਂ ਸਨ ਓਹ ਸਭ ਮਿੱਟ ਗਈਆਂ | ਤੁਸੀਂ ਸਭ ਖਾਲਸਾ ਹੋ | ਸਭ ਜਾਤਾ ਨੂੰ ਮਿਲਾ ਕੇ ਇਕ-ਮਿਕ ਹੋ ਕੇ ਖਾਲਸਾ ਕੋਮ ਬਣਦੀ ਹੈ |ਤੁਸੀਂ ਦਲੇਰ,ਬਲਵਾਨ, ਨਿਰਭੈ, ਜੋਧੇ ਬਣਨਾ ਹੈ | ਕਿਸੇ ਤੇ ਜਬਰ ਨਹੀ ਕਰਨਾ ਅਤੇ ਕਿਸੇ ਨੂੰ ਡਰਾਉਣਾ ਨਹੀਂ ਅਤੇ ਹੀ ਕਿਸੇ ਦਾ ਜਬਰ ਸ਼ਿਨਾ ਨਹੀ ਅਤੇ ਜਬਰ ਹੁੰਦਾ ਦੇਖਣਾ ਨਹੀਂ | ਹੱਕ ਹਲਾਲ ਦੀ ਕਮਾਈ ਕਰਨ, ਵੰਡ ਛਕਣਾ, ਨਾਪ ਜਪਣਾ, ਧਰਮ ਤੋਂ ਨਹੀ ਡੋਲਣਾ | ਤੁਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਹੋਰ ਕਿਸੇ ਦੀ ਪੂਜਾ ਨਹੀ ਕਰਨੀ | ਸਚਾਈ ਤੇ ਚਲਣਾ, ਪਰਾਈ ਇਸਤਰੀ ਦਾ ਸੰਗ ਨਹੀ ਕਰਨਾ, ਕਿਸੇ ਦਾ ਹੱਕ ਨਹੀ ਖੋਹਣਾ | ਤੰਬਾਕੂ, ਅਫੀਮ, ਪੋਸਤ, ਭੰਗ, ਆਦਿ ਸਭ ਨਸ਼ਿਆ ਤੋਂ ਦੂਰ ਰਹਿਣਾ | ਖਾਲਸੇ ਦੇ ਮਿਠੀ ਰਹਿਤ ਮਰਿਯਾਦਾ ਦੇ ਪੱਕੇ ਧਾਰਨੀ ਬਣਨਾ |
ਗੁਰੂ ਜੀ ਨੇ ਕਿਹਾ ਕਿ ਗੁਰੂ ਜੀ ਨੇ ਓਨ੍ਜਾ ਪਿਆਰਿਆ ਨੂੰ ਕਿਹਾ ਮੈ ਤੁਹਾਨੂੰ ਪੰਜਾ ਨੂੰ ਆਪਣਾ ਰੂਪ ਤੇ ਆਪਣਾ ਤੇਜ ਦਿੱਤਾ ਹੈ | ਤੁਸੀਂ ਮੇਰਾ ਖਾਸ ਰੂਪ ਖਾਲਸਾ ਹੋ, ਤੁਸੀਂ ਇਕਠੇ ਤੋਰ ਟੇਵ ਮੇਰੇ ਗੁਰੂ ਹੋ, ਤੁਸੀਂ ਤੇ ਮੈ ਹੁਣ ਸਦਾ ਲਈ ਇਕ ਹਾਂ |ਆਪਾ ਵਿਚ ਕੋਈ ਭਿੰਨਭੇਦ ਨਹੀਂ | ਮੈ ਤੁਹਾਡਾ ਚੇਲਾ ਹਾਂ, ਅੰਮ੍ਰਿਤ ਅਭਿਲਾਖੀ ਹਾਂ , ਮੇਨੂੰ ਅਮ੍ਰਿਤ ਦੀ ਦਾਤ ਬਖਸ਼ੋ | ਉਨ੍ਹਾਂ ਨੇ ਅੰਮ੍ਰਿਤ ਤਿਆਰ ਕੀਤਾ ਅਤੇ ਗੁਰੂ ਜੀ ਨੂੰ ਅੰਮ੍ਰਿਤ ਛਕਾਇਆ | ਜਿਵੇ ਉਨ੍ਹਾਂ ਨੇ ਪਹਿਲਾ ਗੁਰੂ ਜੀ ਤੋਂ ਛਕਿਆ ਸੀ | ਇਸ ਕਰਕੇ ਭਾਈ ਗੁਰਦਾਸ ਜੀ ਨੇ ਆਪ ਬਾਰੇ ਕਿਹਾ ਹੈ :-
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ |’
ਗੁਰੂ ਜੀ ਨੇ ਕਿਹਾ ਜਿਵੇਂ ਤੁਹਾਡਾ ਨਾਮ ਪਿਛੇ ਸਿੰਘ ਲੱਗ ਗਿਆ ਹੈ ਓਵੇਂ ਹੀ ਮੇਰੇ ਨਾਮ ਪਿਛੇ ਸਿੰਘ ਲੱਗ ਕੇ ਗੋਬਿੰਦ ਸਿੰਘ ਹੋ ਗਿਆ ਹੈ | ਇਸ ਤੋਂ ਪਿੱਛੋ ਅੰਮ੍ਰਿਤ ਦੇ ਦਾਤੇ ਸ੍ਰੀ ਦਸਮੇਸ਼ ਜੀ ਨੇ ਪੰਜ ਪਿਆਰਿਆ ਨੂੰ ਕਿਹਾ ਕਿ ਅੰਮ੍ਰਿਤ ਤਿਆਰ ਕਰੋ ਤੇ ਹੋਰਨਾਂ ਨੂੰ ਛਕਾਓ | ਸੰਗਤਾ ਵਿੱਚ ਅਥਾਹ ਜੋਸ਼ ਤੇ ਉਗਾਹ ਹੋ ਪਿਆ | ਸਾਰੇ ਅੰਮ੍ਰਿਤ ਛੱਕ ਕੇ ਸਜਣ ਤੇ ਗੁਰੂ ਦੇ ਸ਼ੇਰ ਬਣਨ ਲਈ ਉਤਸ਼ਾਹਿਤ ਹੋ ਗਏ | ਥੋੜੇ ਹੀ ਦਿਨਾ ਵਿਚ ੮੦ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛੱਕਿਆ |

ਖਾਲਸਾ– ਗੁਰੂ ਜੀ ਨੇ ਹੁਕਮ ਦਿੱਤਾ ਕਿ ਸਾਰੇ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਬਣੋ ਕੋਈ ਵੀ ਸਿੱਖ ਅੰਮ੍ਰਿਤ ਤੋਂ ਵਾਂਝੇ ਨਾ ਰਹੇ | ਆਪਣੇ ਲੋਕਾ ਨੂੰ ਅੰਮ੍ਰਿਤ ਸਹੀ ਅਰਥ ਦੱਸਿਆ ਅਤੇ ਸਾਰੇ ਸਿੱਖ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ |

ਅੰਮ੍ਰਿਤ ਦਾ ਕਰਾਮਾਤੀ ਅਸਰ :- ਉਚ ਨੀਚ ਦੇ ਵਿਕਤਰਿਆਂ ਨੂੰ ਮੇਟ ਕੇ, ਜਾਤਾਂ-ਵਰਨਾਂ ਭਿੰਨਾ-ਭੇਤਾ ਤੇ ਵੇਖਵਿਆਂ ਨੂੰ ਕੇ, ਅਨੇਕਾ ਇਸ਼ਟਾ ਦੀ ਪੂਜਾ ਦੇ ਥਾਂ ਤੇ ਇਕ ਅਕਾਲ ਪੁਰਖ ਦੀ ਪੂਜਾ ਦੀ ਰੀਤ ਚਲਾ ਕੇ, ਜਿਸ ਨਵੀ ਕੋਮ ਦੀ ਅਰੰਭੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭੀ ਸੀ, ਉਸ ਦੀ ਘਾੜਤ ਪੂਰੀ ਹੋਈ | ਸ੍ਰੀ ਦਸ਼ਮੇਸ਼ ਜੀ ਨੇ ਅੰਮ੍ਰਿਤ ਦੀ ਇਸ ਰਚਨਾ ਉਪਰ ਪੂਰਨਤਾ ਦੀ ਮੋਹਰ ਲੱਗਾ ਦਿੱਤੀ | ਆਪਣੇ ਸਭ ਨੂੰ ਇਕ ਦੂਜੇ ਦੇ ਦੁੱਖ ਦਰਦ ਵੰਡਣ ਦੀ ਸਿੱਖਿਆ ਦਿੱਤੀ | ਗੁਰੂ ਜੀ ਦਾ ਮੰਤਵ ਸੀ ਕਿ ਸਭ ਸਿੱਖਾ ਨੂੰ ਬਰਾਬਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਉਨਤੀ, ਤਰੱਕੀ ਤੇ ਉਚੇਤਾ, ਉਨ੍ਹਾਂ ਦੇ ਉਦਮ ਤੇ ਕਰਨੀ ਦੇ ਮੁਤਾਬਕ ਹੋਵੇ | ਗੁਰੂ ਜੀ ਜਾਂਦੇ ਸਨ ਕਿ ਨੀਵੀਆਂ ਜਾਤਾ ਤੇ ਡਰਾਕਲ ਮਨਾਂ ਵਾਲੇ ਲੋਕਾ ਨੂੰ ਅਣਖ, ਸਵੈ-ਮਾਨ, ਸਵੈ ਭਰੋਸਾ ਸਿਖਾਉਣਾ ਅਤੀ ਜਰੂਰੀ ਸੀ | ਇਸ ਕਰਕੇ ਉਨ੍ਹਾਂ ਨੇ ਆਪਣੇ ਸਿੱਖਾ ਦਾ ਨਾਮ ਬਦਲ ਕੇ ਸਿੰਘ ਰੱਖ ਦਿੱਤਾ ਅਰਥਾਂ ਸ਼ੇਰ ਰੱਖ ਦਿੱਤਾ | ਨਾਂ ਦੀ ਇਸ ਤਬਦੀਲੀ ਨਾਲ ਹਰੇਕ ਸਿੱਖ ਆਪਣੇ ਆਪ ਨੂੰ ਸਭ ਤੋਂ ਉਚੇ ਲੋਕਾਂ ਦੇ ਬਰਾਬਰ ਸਮਝਣ ਲੱਗ ਪਿਆ |
ਇਹ ਤਬਦੀਲੀ ਸਿਰਫ ਮਰਦਾਂ ਚ ਹੀ ਨਹੀ ਆਈ ਸਗੋਂ ਇਸਤਰੀਆਂ ਵਿੱਚ ਵੀ ਉਨ੍ਹੀ ਹੀ ਆਈ ਸੀ, ਇਸਤਰੀਆਂ ਨੇ ਵੀ ਮਰਦਾ ਦੇ ਬਰਾਬਰ ਅਮ੍ਰਿਤ ਛਕਿਆ | ਸਿੱਖ ਇਤਿਹਾਸ ਵਿਚ ਵੀ ਇਸਤਰੀਆਂ ਦੀ ਦਲੇਰੀ, ਨਿਰਭੇਤਾ ਅਤੇ ਸੂਰਮਗਤੀ ਵਾਲੇ ਜ਼ੋਰ ਦਿਖਾਏ ਹਨ, ਜਿਹੜੇ ਮਰਦਾ ਦੇ ਕਾਰਨਾਮਿਆ ਨੂੰ ਵੀ ਮਾਤ ਦਿੰਦੇ ਸਨ | ਸ੍ਰੀ ਦਸ਼ਮੇਸ਼ ਜੀ ਦੇ ਖੰਡੇ ਦਾ ਅੰਮ੍ਰਿਤ ਛੱਕਾ ਕੇ ਸਿਖ ਇਸਤਰੀ ਦੇ ਨਾਮ ਪਿਛੇ ਕੌਰ ਲਗਵਾਇਆ |

ਅਨੰਦਪੁਰ ਸਾਹਿਬ ਦੀ ਜੰਗ – ਅਨੰਦਪੁਰ ਸਾਹਿਬ ਦੀ ਜੰਗ ੧੭੦੧ ਵਿੱਚ ਮੁਗਲ ਫੋਜ਼ਦਾਰ ਵਜ਼ੀਰ ਖਾਂ ਤੇ ਗੁਰੂ ਜੀ ਵਿਚਾਲੇ ਹੋਇਆ | ਇਸ ਵਿਚ ਗੁਰੂ ਜੀ ਦੀ ਜਿੱਤ ਹੋਈ | ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ੧੭੦੪ ਵਿੱਚ ਪਹਾੜੀ ਰਾਜੇ,ਮੁਗਲ ਸੇਨਾ, ਤੇ ਗੁਰੂ ਜੀ ਦੇ ਵਿਚਾਰ ਹੋਈ | ਪਹਾੜੀ ਰਾਜਿਆ ਨੇ ਅਚਾਨਕ ਕਿਲ੍ਹੇ ਤੇ ਘੇਰਾ ਪਾ ਲਿਆ | ਅੰਦਰ ਰਸਦ ਜਾਣੀ ਬੰਦ ਕਰ ਦਿੱਤੀ | ਪਰ ਫੇਰ ਵੀ ਸਿੱਖਾ ਨੇ ਆਪਣੀ ਬਹਾਦਰੀ ਦਿਖਾਈ ਤੇ ਕਿਲ੍ਹੇ ਚੋ ਬਾਹਰ ਨਿਕਲ ਗਏ | ਇਸ ਤੋਂ ਕੁਝ ਚਿਰ ਪਿਛੋਂ ਗੁਰੂ ਜੀ ਨਿਰਮੋਹ ਨਾਮੀ ਪਿੰਡ ਵਿਚ ਚੱਲੇ ਗਏ | ਜਿਥੇ ਉਨ੍ਹਾਂ ਨੇ ਨਿਰਮੋਹਗੜ੍ਹ ਗੁਰਦੁਆਰਾ ਬਣਾਇਆ ਹੋਇਆ ਸੀ | ਇਸ ਤੋਂ ਬਾਦ ਚਮਕੋਰ ਸਾਹਿਬ, ਮਾਛੀਵਾੜ, ਮੁਕਤਸਰ ਦਾ ਯੁੱਧ ਆਦਿ ਕਿ ਯੁੱਧ ਹੋਏ | ਚਮਕੋਰ ਦੀ ਲੜਾਈ ਵਿੱਚ ਗੁਰੂ ਜੀ ਦੇ ਵੱਡੇ ਦੋ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਅਤੇ ਤਿੰਨ ਪਿਆਰੇ ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿਘ ਜੀ, ਭਾਈ ਹਿੰਮਤ ਸਿੰਘ ਜੀ ਸ਼ਹੀਦ ਹੋ ਗਏ |

ਛੋਟੇ ਸਾਹਿਬਜਾਦਿਆ ਦੀ ਸ਼ਹੀਦੀ – ਸਰਸਾ ਨਦੀ ਪਾਰ ਕਰਨ ਸਮੇਂ ਮਾਤਾ ਗੁਜਰੀ ਜੀ ਆਪਣੇ ਦੋਹਾਂ ਪੋਤਰਿਆ-ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਮੇਤ ਬਾਕੀ ਸਾਰੇ ਪਰਿਵਾਰ ਨਾਲ ਵਿਛੜ ਗਏ | ਅਤੇ ਮਾਤਾ ਜੀ ਨੂੰ ਸਰਹਿੰਦ ਵਦੇ ਨਵਾਬ ਨੇ ਬੁਰਜ ਵਿੱਚ ਕੈਦ ਕੀਤਾ | ਅਗਲੇ ਦਿਨ ਸਾਹਿਬਜਾਦਿਆ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ | ਕਚਹਿਰੀ ਅੰਦਰ ਦੋਨਾਂ ਨੇ ਉੱਚੀ ਉੱਚੀ ਅਵਾਜ਼ ਵਿਚ ਵਾਹਿਗੁਰੂ ਜੀ ਕਿ ਫਤਿਹ ਬੁਲਾਈ ਅਤੇ ਧੋਣਾ ਸਿਧੀਆਂ ਕਰਕੇ ਖੜੇ ਹੋ ਗਏ | ਤੁਹਾਡੇ ਪਿਤਾ ਤੇ ਦੋਨੇ ਵੱਡੇ ਭਰਾ ਕਤਲ ਕੀਤੇ ਜਾ ਚੁੱਕੇ ਹਨ | ਤੁਸੀਂ ਜਾਨਾਂ ਬਚਾ ਸਕਦੇ ਹੋ |ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਉ |ਜੇ ਨਾ ਮਨੋਗੇ ਤਾਂ ਬੁਰੀ ਤਰਾਂ ਮਾਰੇ ਜਾਉਗੇ | ਸਾਹਿਬਜਾਦਿਆਂ ਨੇ ਦਲੇਰੀ ਨਾਲ ਕਿਹਾ ਅਸੀਂ ਗੁਰੂ ਅਰਜਨ ਦੇਵ ਜੀ ਦੀ ਸੰਤਾਨ ਹਾਂ | ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹਾਂ ਦਸਮੇਸ਼ ਦੇ ਪੁੱਤਰ ਹਾਂ | ਅਸੀਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ | ਤੁਹਾਡਾ ਜਿਵੇ ਜੀ ਕਰਦਾ ਕਰ ਲਓ | ਵਜ਼ੀਰ ਖਾਨ ਤੇ ਦਰਬਾਰ ਵਿਚਲੇ ਹੋਰਨਾ ਨੇ ਵੀ ਲਾਲਚ ਦਿੱਤਾ ਪਰ ਆਪ ਰੱਤੀ ਨਾ ਡੋਲੇ | ਫੇਰ ਨਵਾਬ ਨੇ ਹੁਕਮ ਦਿੱਤਾ ਕਿ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ | ਫੇਰ ਆਪ ਦੋਨਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ | ਉਨ੍ਹਾਂ ਦੀ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਉਨ੍ਹਾਂ ਮਗਰੇ ਮਗਰ ਸਚ ਖੰਡ ਦੀ ਚੜਾਈ ਕਰ ਗਏ |

ਜਫਰਨਾਮਾ – ਚੋਧਰੀ ਸ਼ਮੀਰ ਪਾਸ ਰਹਿਣ ਸਮੇਂ ਜੀ ਸ੍ਰੀ ਕਲਗੀਧਾਰ ਜੀ ਨੇ ਔਰੰਗਜੇਬ ਬਾਦਸ਼ਾਹ ਵੱਲ ਦੋ ਚਿਠੀ ਲਿਖੀ ਜਿਸ ਦਾ ਨਾਂ ਆਪ ਨੇ ‘ਜਫਰਨਾਮਾ’ ਔਰੰਗਜੇਬ ਦੀਆਂ ਚਿਠੀਆਂ ਸ੍ਰੀ ਅੰਨਦਪੁਰ ਦੇ ਘੇਰੇ ਸਮੇਂ ਆਈਆਂ ਸਨ | ਉਨ੍ਹਾਂ ਵਿਚ ਬਾਦਸ਼ਾਹ ਨੇ ਲਿੱਖਿਆ ਸੀ ਕਿ ਸਾਨੂੰ ਆ ਕੇ ਮਿੱਲੋ | ਨਾਲ ਹੀ ਉਸਨੇ ਕਸਮਾ ਚੁੱਕ ਕੇ ਯਕੀਨ ਦਿਵਾਇਆ ਸੀ ਕਿ ਜੇ ਆਪ ਕਿਲਾ ਛੱਡ ਜਾਓ ਤਾਂ ਆਪਨੂੰ ਕੋਈ ਨੁਕਸਾਨ ਨਹੀ ਪਹੁੰਚਾਇਆ ਜਾਵੇਗਾ | ਮਗਰ ਓਹ ਸਭ ਕਸਮਾਂ ਦੇ ਕੋਲ ਇਕਰਾਰ ਤੋੜੇ ਗਏ ਸਨ, ਗੁਰੂ ਜੀ ਨੇ ਉਨ੍ਹਾ ਚਿਠੀਆਂ ਦਾ ਜਵਾਬ ਫ਼ਾਰਸੀ ਭਾਸਾ ਵਿਚ ਲਿਖਿਆ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਹੈ | ਗੁਰੂ ਜੀ ਨੇ ਜਫਰਨਾਮੇ ਵਿੱਚ ਇਹ ਲਿਖਿਆ :- ਮੈ ਤੇਰਾ ਏਤਬਾਰ ਨਹੀ ਕਰ ਸਕਦਾ | ਜਿਹੜੀਆਂ ਕਸਮਾਂ ਤੂੰ ਖੁਦਾ ਤੇ ਹਜ਼ਰਤ ਨੂੰ ਵਿੱਚ ਰੱਖ ਕਰ ਖਾਧੀਆ ਸਨ | ਉਹ ਸਭੇ ਤੋੜੀਆਂ ਗਈਆਂ | ਇਸ ਤੋਂ ਸਾਫ਼ ਸਿਧ ਹੁੰਦਾ ਹੈ ਕਿ ਤੇਨੂ ਖੁਦਾ ਦਾ ਪਤਾ ਨਹੀ ਅਤੇ ਹਜ਼ਰਤ ਸਾਹਿਬ ਦਾ ਤੈਨੂੰ ਕੋਈ ਡਰ ਭਉ ਹੀ ਨਹੀਂ | ਤੂੰ ਦਗੇਬਾਜ਼ ਤੇ ਝੂਠਾ ਨਿਕਲਿਆ ਹੈ | ਤੂੰ ਬਾਦਸ਼ਾਹ ਦਾ ਵੀ ਬਾਦਸ਼ਾਹ ਹੈ, ਤੂੰ ਮਸਹੂਰ ਜਰਨੈਲ ਵੀ ਹੈ ਪਰ ਦੀਨ ਈਮਾਨ ਤੇਰੇ ਨੇੜੇ ਧੇੜੇ ਨਹੀ ਗਿਆ | ਤੇਰੇ ਦਿਲ ਵਿਚ ਕੁਝ ਹੋਰ ਹੈ ਤੇ ਜ਼ੁਬਾਨ ਉੱਤੇ ਕੁਝ ਹੋਰ | ਤੂੰ ਜਨਤਾ ਤੇ ਬਿਨਾ ਕਿਸੇ ਗੱਲ ਤੋਂ ਜਬਰ ਕਰਦਾ ਹੈ | ਯਾਦ ਰੱਖੀ ਜਰ ਤੋਂ ਮਾਸੂਮ ਜਨਤਾ ਤੇ ਜੁਲਮ ਤੇ ਅਤਿਆਚਾਰ ਕਰੇਂਗਾ ਤਾਂ ਤੇਰੇ ਸਿਰ ਤੇ ਵੀ ਇਕ ਦਿਨ ਗੈਬੀ ਤਲਵਾਰ ਵਰ੍ਹੇਗੀ | ਤੈਨੂੰ ਤੇਰੀ ਕੀਤੀ ਦਾ ਫਲ ਜਰੂਰ ਮਿਲੇਗਾ | ਤੇਰੇ ਲੱਖਾ ਫੋਜੀ ਮੇਰੇ ਪਿਛੇ ਪਏ ਪਰ ਮੈ ਉਨ੍ਹਾਂ ਲੱਖਾ ਫੋਜੀਆ ਚੋ ਭੀ ਨਿਕਲ ਆਇਆ | ਠੀਕ ਹੈ ਤੇਰੇ ਬੰਦਿਆ ਨੇ ਮੇਰੇ ਚਾਰ ਪੁੱਤ ਸ਼ਹੀਦ ਕਰ ਦਿੱਤੇ ? ਮੇਰਾ ਭੁਜੰਗੀ ਖਾਲਸਾ ਜੋ ਅਜੇ ਜਿਉਂਦਾ ਹੈ ਉਹ ਲਵੇਗਾ ਬਦਲੇ ਗਿਣ ਗਿਣ ਕੇ ……….. |
ਇਹ ਚਿਠੀ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹਵਾਲੇ ਕੀਤੀ ਗਈ ਅਤੇ ਔਰੰਗਜੇਬ ਵੱਲ ਤੋਰਿਆ ਗਿਆ ਜੋ ਕਿ ਦੱਖਣ ਵਿੱਚ ਸੀ | ਉਨ੍ਹਾਂ ਨੇ ਅਹਿਮਦ ਨਗਰ ਪਹੁੰਚ ਕੇ ਜਫਰਨਾਮਾ ਔਰੰਗਜੇਬ ਦੇ ਹੱਥ ਫੜਾਇਆ | ਇਸ ਨੂੰ ਪੜ੍ਹ ਕੇ ਔਰੰਗਜੇਬ ਦੇ ਦਿਲ ਤੇ ਬਹੁਤ ਡੂੰਗਾ ਅਸਰ ਪਿਆ | ਉਸ ਨੇ ਗੁਰੂ ਜੀ ਦੇ ਵਿਰੁੱਧ ਕੀਤੀ ਗਈ ਸਖ਼ਤੀ ਬਾਰੇ ਪਛਤਾਵਾ ਮਹਿਸੂਸ ਹੋਇਆ | ਉਸਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਬਿਨਾ ਕਿਸੇ ਰੋਕ ਟੋਕ ਤੇ ਵਾਪਸ ਜਾਣ ਦਾ ਪਰਵਾਨਾ ਦਿੱਤਾ | ਉਸਨੇ ਗੁਰੂ ਜੀ ਨਾਲ ਕੋਈ ਲੜਾਈ ਨਾ ਕੀਤੀ | ਅਤੇ ਹੁਕਮ ਦਿੱਤੇ ਕਿ ਗੁਰੂ ਜੀ ਨਾਲ ਕੋਈ ਲੜਾਈ ਨਾ ਕਰੇ, ਉਨ੍ਹਾਂ ਨੂੰ ਕੋਈ ਤਕਲੀਫ਼ ਕੋਈ ਨਾ ਦੇਵੇ, ਉਹ ਏਥੇ ਚਾਹੁਣ, ਉਨ੍ਹਾਂ ਨੂੰ ਉਥੇ ਰਹਿਣ ਅਤੇ ਜਾਣ ਦੀ ਪੂਰੀ ਖੁਲ੍ਹ ਹੋਵੇ | ਪਰ ਇਸ ਹੁਕਮ ਨੂੰ ਪੁੱਜਣ ਤੋਂ ਪਹਿਲਾ ਹੀ ਸਰਹਿੰਦ ਦੇ ਨਵਾਬ ਵਜ਼ੀਰ ਖਾ ਨੇ ਗੁਰੂ ਜੀ ਵਿਰੁਧ ਚਲੇ ਪਾ ਦਿੱਤੀ | ਮੁਕਤਸਰ ਦੀ ਜਗਾ ਤੇ ਜੰਗ ਹੋਈ ਪਰ ਇਸ ਵਿਚ ਗੁਰੂ ਜੀ ਦੀ ਜਿੱਤ ਹੋਈ | ਆਪ ਲੱਖੀ ਜੰਗਲ, ਦਮਦਮਾ ਸਾਹਿਬ, ਦਾਦੂ ਸਾਹਿਬ, ਛਤੇਆਣੇ, ਤੋਂ ਹੋ ਕਰ ਰਾਜਪੂਤਾਨੇ ਪਹੁੰਚੇ | ਗੁਰੂ ਜੀ ਨੇ ਥਾਂ ਥਾਂ ਤੇ ਲੋਕਾ ਨੂੰ ਸਿੱਖ ਬਣਾਇਆ ਉਨ੍ਹਾਂ ਨੂੰ ਉਪਦੇਸ਼ ਦਿੱਤੇ ਅਤੇ ਸਹੀ ਤੇ ਸਚੇ ਰਾਹ ਤੇ ਪਾਇਆ |

ਸੱਚ-ਖੰਡ ਵਾਪਸੀ – ਰਾਜਪੂਤਾਨੇ ਦਾ ਚੱਕਰ ਲਾਉਂਦੇ, ਥਾਂ ਥਾਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਅਤੇ ਨਾਮ-ਅੰਮ੍ਰਿਤ ਦੇ ਖੁਲ੍ਹੇ ਗੱਫੇ ਵੰਡਦੇ-ਵੰਡਦੇ ਸ੍ਰੀ ਦਸ਼ਮੇਸ਼ ਜੀ ਉਦੇਪੁਰ ਦੇ ਰਾਜ ਨਗਰ ਬਘੋਰ(ਬਾਗੋਰ) ਪੁੱਜੇ ਤਾਂ ਆਪ ਨੂੰ ਖਬਰ ਮਿਲੀ ਔਰੰਗਜੇਬ ਮਰ ਗਿਆ ਹੈ ਤੇ ਓਸ ਦੇ ਪੁਤਰਾਂ ਵਿਚਕਾਰ ਦਿੱਲੀ ਦੇ ਤਖ਼ਤ ਲਈ ਝਗੜਾ ਸ਼ੁਰੂ ਹੋ ਪਿਆ ਹੈ | ਸ਼ਾਹਜਾਦਾ ਮੁਅੱਜਬ ਨੇ, ਜੋ ਮਗਰੋਂ ਬਹਾਦਰ ਸ਼ਾਹ ਬਣਿਆ, ਭਾਈ ਨੰਦ ਲਾਲ ਜੀ ਰਾਹੀ ਗੁਰੂ ਜੀ ਤੋਂ ਅਸ਼ੀਰਵਾਦ ਤੇ ਸਹਾਇਤਾ ਮੰਗੀ | ਇਹ ਸ਼ਹਿਜਾਦਾ ਆਪਣੇ ਪਿਤਾ ਨਾਲੋਂ ਬਹੁਤ ਚੰਗਾ ਤੇ ਖੁਲ੍ਹ-ਦਿਲਾ ਸੀ | ਇਸ ਕਰਕੇ ਗੁਰੂ ਜੀ ਨੇ ਉਸਦੀ ਸਹਾਇਤਾ ਵਾਸਤੇ ਭਾਈ ਧਰਮ ਸਿੰਘ ਜੀ ਦੀ ਜੱਥੇਦਾਰੀ ਹੇਠ ਇਕ ਜੱਥਾ ਭੇਜਿਆ | ੮ ਜੂਨ ੧੭੦੭ ਨੂੰ ਆਗਰੇ ਦੇ ਪਾਸ ਜਾਜੂ ਦੇ ਮੁਕਾਮ ਦੋਹਾਂ ਭਰਾਵਾਂ ਦਾ ਜੰਗ ਹੋਇਆ, ਜਿਸ ਵਿੱਚ ਸ਼ਾਹਜਾਹਾ ਮੁਅੱਜਬ ਜਿੱਤ ਗਿਆ ਅਤੇ ਦਿੱਲੀ ਦਾ ਬਾਦਸ਼ਾਹ ਬਣ ਗਿਆ | ਉਸ ਨੇ ਆਪਣਾ ਨਾਂ ਬਹਾਦਰ ਸ਼ਾਹ ਰੱਖਿਆ | ਬਹਾਦਰ ਸ਼ਾਹ ਨੇ ਗੁਰੁ ਜੀ ਦੇ ਦਰਸ਼ਨਾ ਲਈ ਚਾਹਨਾ ਕੀਤੀ, ਪਰ ਉਹ ਅਜਿਹੇ ਸਮੇਂ ਗੁਰੂ ਜੀ ਪਾਸ ਖੁਦ ਹਾਜ਼ਰ ਹੋਣੋਂ ਅਸਮਰੱਥ ਸੀ | ਉਸ ਨੇ ਬੇਨਤੀ ਕਰ ਭੇਜੀ ਕਿ ਆਗਰੇ ਆ ਕੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰੋ | ਗੁਰੂ ਜੀ ਉਸ ਨੂੰ ਸਾਵਣ ਸੰਮਤ ੧੬੬੪ ਵਿੱਚ ਆਗਰੇ ਜਾ ਕੇ ਮਿਲੇ | ਬਹਾਦਰ ਸ਼ਾਹ ਨੇ ਆਪ ਦਾ ਬੜਾ ਆਦਰ-ਸਤਿਕਾਰ ਕੀਤਾ ਤੇ ਆਪ ਨੂੰ ਖਿਲਤ ਅਤੇ ਅੱਠ-ਹਜ਼ਾਰ ਰੁਪਏ ਦੀ ਕੀਮਤੀ ਧੁਖਧੁਖੀ ਭੇਟਾ ਕੀਤੀ | ਜਦ ਬਹਾਦਰ ਸ਼ਾਹ ਨੂੰ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਵਲੋ ਕੀਤੀਆਂ ਗਈਆਂ ਵਧੀਕੀਆਂ ਦਾ ਪਤਾ ਲੱਗਾ, ਤਾਂ ਉਸਨੇ ਗੁਰੂ ਜੀ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਅਤੇ ਸੂਬੇ ਨੂੰ ਸਜ਼ਾ ਦੇਣ ਦਾ ਭਰੋਸਾ ਦਿਵਾਇਆ |
ਕੁਝ ਚਿਰ ਮਗਰੋਂ ਬਹਾਦਰ ਸ਼ਾਹ ਨੇ ਰਾਜਪੁਤਾਨੇ ਤੇ ਦੱਖਣ ਵੱਲ ਨੂੰ ਕੂਚ ਕੀਤਾ | ਗੁਰੂ ਜੀ ਨਾਲ ਤੁਰ ਪਏ | ਰਾਹ ਵਿੱਚ ਉਹ ਸਿੱਖੀ ਦਾ ਪ੍ਰਚਾਰ ਕਰਦੇ ਅਤੇ ਲੋਕਾ ਨੂੰ ਜੀਅ ਦਾਨ ਤੇ ਨਾਮ-ਦਾਨ ਦੇ ਗੱਫੇ ਵਰਤਾਉਂਦੇ ਗਏ | ਅਜਿਹੇ ਪ੍ਰਚਾਰ ਦੀ ਖਾਤਰ ਆਪ ਕਈ ਕਈ ਦਿਨ ਸ਼ਾਹੀ ਡੇਰੇ ਤੋਂ ਵੱਖ ਹੋ ਕੇ ਨੇੜੇ-ਤੇੜੇ ਦੇ ਨਗਰਾਂ ਵਿੱਚ ਚਲੇ ਜਾਂਦੇ ਸਨ | ਦੱਖਣ ਪਹੁੰਚ ਕੇ ਆਪ ਬਹਾਦਰ ਸ਼ਾਹ ਨਾਲੋਂ ਵੱਖ ਹੋ ਕੇ ਸਤੰਬਰ ੧੭੦੮ ਦੇ ਸ਼ੁਰੂ ਵਿੱਚ ਨੰਦੇੜ ਪਹੁੰਚੇ | ਆਪ ਨੇ ਉਥੇ ਹੀ ਟਿਕਣ ਦਾ ਫੈਸਲਾ ਕੇ ਲਿਆ, ਛੇਤੀ ਗੁਰੂ ਜੀ ਨੇ ਉਥੇ ਰਹਿ ਕੇ ਇਕ ਮਾਧੋ ਦਾਸ ਬੈਰਾਗੀ ਨੂੰ ਆਪਣੇ ਆਤਮਿਕ ਬਲ ਨਾਲ ਜਿੱਤਿਆ ਅਤੇ ਨਾਮ ਦਾਨ ਦੇ ਕੇ ਨਿਹਾਲ ਕੀਤਾ | ਗੁਰੂ ਜੀ ਨੇ ਉਸਨੂੰ ਸ਼ਸਤਰ ਦੇ ਕੇ ਪੰਜ ਸਿੱਖਾ ਨਾਲ ਭੇਜ ਕੇ ਖਾਲਸੇ ਦਾ ਜਥੇਦਾਰ ਬਣਾ ਕੇ ਪੰਜਾਬ ਵੱਲ ਨੂੰ ਤੋਰਿਆ |
ਬਹਾਦਰ ਸ਼ਾਹ ਨਾਲ ਬਹਾਦਰ ਸ਼ਾਹ ਨਾਲ ਗੁਰੂ ਜੀ ਦੇ ਵਧ ਰਹੇ ਗੜ੍ਹ ਤੋਂ ਸਰਹਿੰਦ ਦੇ ਸੂਬੇ ਵਜ਼ੀਰ ਖਾਂ ਨੂੰ ਪਿੱਸੂ ਪੈ ਗਏ | ਉਸ ਨੇ ਗੁਰੂ ਜੀ ਨੂੰ ਬਹੁਤ ਸਾਰੇ ਕਸ਼ਟ ਪਹੁੰਚਾਏ ਸਨ | ਉਸ ਨੂੰ ਡਰ ਸੀ ਕਿ ਗੁਰੂ ਜੀ ਤੇ ਬਹਾਦਰ ਸ਼ਾਹ ਵਿਚ ਸਮਝੋਤਾ ਹੋ ਗਿਆ, ਤਾਂ ਮੇਰੀ ਖੇਰ ਨਹੀਂ | ਉਸ ਦੀਆਂ ਗੁਰੂ ਜੀ ਵਿਰੁੱਧ ਕੀਤੀਆਂ ਸਖਤੀਆਂ ਦਾ ਹਾਲ ਸੁਣ ਕੇ ਔਰੰਗਜੇਬ ਜਿਹੇ ਕੱਟੜ ਪੱਥਰ-ਦਿਲ ਨੇ ਵੀ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਤੰਗ ਨਾ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਜਬਤ ਹੋਈ ਜਾਇਦਾਦ ਵਿਚੋਂ ਉਨ੍ਹਾਂ ਦੇ ਖਰਚ ਲਈ ਰੁਪਿਆ ਦਿੱਤਾ ਜਾਵੇ | ਬਹਾਦਰ ਸ਼ਾਹ ਨੇ ਵੀ ਸਰਹਿੰਦ ਦੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਰੋਜ ਦਾ ਤਿੰਨ ਸੋ ਰੁਪਿਆ ਦਿੱਤਾ ਜਾਵੇ | ਇਸ ਸਭ ਕਾਸੇ ਤੋਂ ਵਜ਼ੀਰ ਖਾ ਨੂੰ ਆਪਣੀ ਜਾਨ ਦਾ ਫਿਕਰ ਪੈ ਗਿਆ | ਉਸ ਦੇ ਮਨ ਵਿਚ ਪੱਕੀ ਗੰਢ ਬਣਨ ਚੁਕੀ ਸੀ ਕਿ ਜਿਹਨਾ ਚਿਰ ਗੁਰੂ ਜੀ ਜਿੰਦਾ ਰਹਿਣਗੇ, ਮੇਨੂੰ ਹਰ ਵੇਲੇ ਖਤਰਾ ਟਿਕਿਆ ਰਹੇਗਾ | ਇਸ ਵਿਚਾਰ ਦੇ ਅਧੀਨ ਉਸ ਨੇ ਗੁਰੂ ਜੀ ਕਤਲ ਕਰਵਾਉਣ ਦਾ ਫੇਸਲਾ ਕੀਤਾ | ਇਸ ਗਰਜ਼ ਲਈ ਉਸਨੇ ਦੋ ਪਠਾਣ ਗੁਰੂ ਜੀ ਦੇ ਮਗਰ ਭੇਜੇ, ਉਸ ਨਦੇੜ ਪਹੁੰਚੇ ਤੇ ਸ਼ਰਧਾਲੂ ਬਣ ਕੇ ਗੁਰੂ ਜੀ ਦੇ ਦਰਬਾਰ ਵਿਚ ਰੋਜ ਨੇਮ ਨਾਲ ਹਾਜ਼ਰ ਹੋਣ ਲੱਗ ਪਏ | ਇਕ ਦਿਨ ਰਹਿਰਾਸ ਦੇ ਦੀਵਾਨ ਮਗਰੋਂ ਗੁਰੂ ਜੀ ਬਿਰਾਜੇ ਤੇ ਟਿਕੇ ਹੋਏ ਸਨ, ਆਪ ਦੇ ਪਾਸ ਕੇਵਲ ਇਕ ਹੀ ਸੇਵਕ ਸੀ | ਉਹ ਵੀ ਸੁਤੇ ਨਿੰਦਾ ਜਿਹਾ ਸੀ | ਈਹ ਦੋਵੇ ਪਠਾਣ ਵੀ ਗੁਰੂ ਜੀ ਦੇ ਪਾਸ ਬੈਠੇ ਸਨ ਇਕ ਨੇ ਝਟ ਉਠ ਕੇ ਗੁਰੂ ਜੀ ਦੀ ਖੱਬੀ ਵੱਖੀ ਵਿੱਚ ਛੁਰਾ ਖੇਭ ਦਿੱਤਾ | ਉਹ ਦੂਜੀ ਵਾਰ ਹਮਲਾ ਕਰਨ ਹੀ ਵਾਲਾ ਸੀ ਕਿ ਗੁਰੂ ਜੀ ਉਸ ਨੂੰ ਤਲਵਾਰ ਨਾਲ ਝਟਕਾ ਦਿੱਤਾ | ਦੂਜਾ ਪਠਾਣ ਭੱਜ ਗਿਆ ਪਰ ਉਸ ਨੂੰ ਸਿੱਖਾ ਨੇ ਮਾਰ ਮੁਕਾਇਆ |
ਗੁਰੂ ਜੀ ਦਾ ਜਖਮ ਸੀਤਾ ਗਿਆ ਅਤੇ ਰਾਜ਼ੀ ਹੋਣ ਲੱਗ ਪਿਆ | ਆਸ ਸੀ ਕਿ ਉਹ ਛੇਤੀ ਠੀਕ ਹੋ ਜਾਵੇਗਾ | ਕੁਝ ਚਿਰ ਮਗਰੋ ਆਪ ਇਕ ਸਖ਼ਤ ਕਮਾਨ ਨੂੰ ਚਿੱਲਾ ਚੜਾਉਣ ਲੱਗੇ, ਤਾਂ ਅੱਲੇ ਜਖਮ ਦੇ ਤੋਪੇ ਟੁੱਟ ਗਏ ਅਤੇ ਲਹੂ ਵੱਗ ਤੁਰਿਆ | ਆਪ ਨੇ ਪ੍ਰਤੀਤ ਕੇ ਲਿਆ ਕਿ ਸਾਡੀ ਸੱਚ ਖੰਡ ਵਾਪਸੀ ਦਾ ਸਮਾਂ ਆ ਗਿਆ ਹੈ | ਆਪ ਨੇ ਪੰਜ ਪੈਸੇ ਤੇ ਨਰੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ | ਸੋ ਆਪਣੇ ਆਗਿਆ ਦਿੱਤਾ ਕਿ ਅਗਾਂਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਪੰਥ ਗੁਰੂ ਹੇਵੇਗਾ ਅਤੇ ਦੇਹਧਾਰੀ ਗੁਰੂ ਕੋਈ ਨਹੀ ਹੋਵੇਗਾ | ਅਗਲੇ ਦਿਨ ਕੱਤਕ ਸੁਦੀ ੫ (੬ ਕੱਤਕ) ਸੰਮਤ ੧੭੬੫, ਮੁਤਾਬਕ ੭ ਅਕਤੂਬਰ ਸੰਨ ੧੭੦੮ ਨੂੰ ਆਪ ਜ ਜੋਤੀ ਜੋਤਿ ਸਮਾ ਗਏ | ਉਸ ਥਾਂ ਸ੍ਰੀ ਹਜ਼ੂਰ ਸਾਹਿਬ ਅਬਚਲ-ਨਗਰ ਗੁਰਦੁਆਰਾ ਹੈ, ਜੋ ਸਿੱਖ ਪੰਥ ਦਾ ਚੋਖਾ ਤਖਤ ਹੈ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY